May 17, 2026 9:06 am

ਸੇਵਾ ਮੁਕਤੀ ਮੌਕੇ ਸਵੈ-ਸੰਵਾਦ ਦੇ ਕੁੱਲ ਅੰਸ਼

? ‘‘ਤੁਸੀਂ 33 ਵਰ੍ਹਿਆਂ ਦੀ ਸਰਵਿਸ ਤੋਂ ਬਾਅਦ ਬਤੌਰ ਵਿਭਾਗ ਮੁਖੀ ਅਤੇ ਡੀਨ, ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਪੰਜਾਬੀ ਯੂਨੀਵਰਸਿਟੀ ਸੇਵਾ ਮੁਕਤੀ ਹੋਏ ਹੋ। ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ। ਤੁਹਾਡੀ ਸੇਵਾ ਮੁਕਤੀ ਦੇ ਮੌਕੇ ਯੂਨੀਵਰਸਿਟੀ ਵਿਖੇ ਗਲੋਬਲ ਪੰਜਾਬੀ ਮੀਡੀਆ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਤੁਹਾਡੀ ਪ੍ਰਤੀਕ੍ਰਿਆ ਕੀ ਹੈ।’’
– ‘‘ਜੀ, ਹਾਂ ਮੈਂ ਕੁੱਲ 36 ਵਰ੍ਹੇ ਪੱਤਰਕਾਰੀ ਦਾ ਅਧਿਆਪਨ ਕੀਤਾ। 32 ਵਰ੍ਹੇ 8 ਮਹੀਨੇ 19 ਦਿਨ ਰੈਗੂਲਰ ਪ੍ਰੋਫੈਸਰ ਦੇ ਤੌਰ ’ਤੇ ਅਤੇ 3 ਕੁ ਵਰ੍ਹੇ ਮਹਿਮਾਨ ਲੈਕਚਰਾਰ ਦੇ ਤੌਰ ’ਤੇ ਯੂਨੀਵਰਸਿਟੀ ਦਾ ਹਿੱਸਾ ਰਿਹਾ। ਹੁਣ ਮੈਂ 60 ਵਰ੍ਹਿਆਂ ਦਾ ਹੋਇਆ ਹਾਂ। ਅੱਧੀ ਤੋਂ ਵੱਧ ਜ਼ਿੰਦਗੀ ਪੱਤਰਕਾਰੀ ਅਧਿਆਪਨ ਦੇ ਲੇਖੇ ਲਾਈ। ਮੈਂ ਨਹੀਂ ਚਾਹੁੰਦਾ ਸਾਂ ਕਿ ਮੇਰੀ ਰਿਟਾਇਰਮੈਂਟ ’ਤੇ ਰਵਾਇਤੀ ਕਿਸਮ ਦੀ ਪਾਰਟੀ ਹੋਵੇ। ਵਕਤ ਅਤੇ ਸਮੇਂ ਦੀ ਬਰਬਾਦੀ ਹੋਵੇ। ਇਸੇ ਲਈ ਨਵੀਂ ਪਿਰਤ ਪਾਉਣ ਦਾ ਯਤਨ ਹੋਇਆ। ਇਸ ਵਿੱਚ ਪੰਜਾਬੀ ਕਾਲਮਨਵੀਸ ਮੰਚ ਦੇ ਮੈਂਬਰਾਂ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ ਤੋਂ ਪੱਤਰਕਾਰ ਅਤੇ ਸੰਪਾਦਕ ਸ਼ਾਮਲ ਹੋਏ। ਸਮਾਗਮ ਦੇ ਦੂਜੇ ਹਿੱਸੇ ਵਿੱਚ ਕਾਲਮਨਵੀਸ ਪੱਤਰਕਾਰ ਮੰਚ, ਗਲੋਬਲ ਪੰਜਾਬ ਫਾਊਂਡੇਸ਼ਨ, ਰਿਸਰਚ ਸਕਾਲਰ ਅਤੇ ਅਹਿਮਦਗੜ੍ਹ ਦੇ ਪੱਤਰਕਾਰ ਭਾਈਚਾਰੇ ਵੱਲੋਂ ਪਿਆਰ ਅਤੇ ਸਨਮਾਨ ਦਿੱਤਾ ਗਿਆ। ਮੈਨੂੰ ਬਹੁਤ ਚੰਗਾ ਲੱਗਾ ਅਤੇ ਖੁਸ਼ੀ ਹੋਈ। ਇਹ ਖੁਸ਼ੀ ਹੋਰ ਵੀ ਦੁਗਣੀ ਹੋ ਗਈ ਜਦੋਂ ਵੈਨਕੂਵਰ ਦੇ ਗਲੋਬਲ ਪੰਜਾਬ ਫਾਊਂਡੇਸ਼ਨ ਚੈਪਟਰ ਦੇ ਚੇਅਰਪਰਸਨ ਹਰਕੀਰਤ ਕੌਰ ਚਹਿਲ ਨੇ ਵਿਸ਼ੇਸ਼ ਤੌਰ ’ਤੇ ਆਪਣੇ ਨੁਮਾਇੰਦੇ ਨੂੰ ਭੇਜਿਆ।’’
? ‘‘ਰਿਟਾਇਰਮੈਂਟ ਦਾ ਮੌਕਾ ਖੁਸ਼ੀ ਦਾ ਹੁੰਦਾ ਹੈ ਜਾਂ ਉਦਾਸੀ ਦਾ? ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੈ।’’
– ‘‘ਇਹ ਕੁੜੀ ਨੂੰ ਸਹੁਰੇ ਤੌਰਨ ਵਾਲਾ ਅਹਿਸਾਸ ਹੈ। ਖੁਸ਼ੀ ਵੀ ਹੁੰਦੀ ਹੈ ਕਿ ਇਸ ਸਮੇਂ ’ਚ ਵੀ 33 ਵਰ੍ਹੇ ਨੌਕਰੀ ਕਰਕੇ ਬਾਇਜ਼ਤ ਸੇਵਾ ਮੁਕਤ ਹੋ ਰਹੇ ਹਾਂ। ਜਿਨ੍ਹਾਂ ਲੋਕਾਂ ਦੀ ਕਬੀਲਦਾਰੀ ਨਹੀਂ ਨਿਪਟੀ ਹੁੰਦੀ। ਜਿਨ੍ਹਾਂ ਲੋਕਾਂ ਕੋਲ ਭਵਿੱਖ ਵਿੱਚ ਕਰਨ ਲਈ ਕੋਈ ਯੋਜਨਾ ਨਹੀਂ ਹੁੰਦੀ, ਜਿਨ੍ਹਾਂ ਲੋਕਾਂ ਕੋਲ ਆਮਦਨ ਦੇ ਜ਼ਿਆਦਾ ਸਰੋਤ ਨਹੀਂ ਹੁੰਦੇ, ਜਿਨ੍ਹਾਂ ਨੇ ਆਪਣਾ ਘਰ ਨਹੀਂ ਬਣਾਇਆ ਹੁੰਦਾ, ਜਿਨ੍ਹਾਂ ਦੇ ਬੱਚੇ ਸੈਟ ਨਹੀਂ ਹੋਏ ਹੁੰਦੇ, ਉਨ੍ਹਾਂ ਲਈ ਨਿਸ਼ਚਤ ਤੌਰ ’ਤੇ ਇਹ ਉਦਾਸੀ ਦਾ ਮੌਕਾ ਹੁੰਦਾ ਹੈ।’’
? ‘‘ ਤੁਸੀਂ ਆਪਣੀ ਦਸੋ। ਹੁਣ ਤੁਹਾਡਾ ਕੀ ਪਲਾਨ ਹੈ। ਕੀ ਕਰਨ ਦਾ ਇਰਾਦਾ ਹੈ।’’
– ‘‘ਮੇਰੇ ਕੋਲ ਕੰਮ ਦਾ ਢੇਰ ਹੈ। 8 ਖੋਜ਼ਾਰਥੀਆਂ ਨੂੰ ਪੀਐਚਡੀ ਕਰਵਾਉਣੀ ਹੈ। 2018 ਵਿੱਚ ਘੱਟੋ-ਘੱਟ ਤਿੰਨ ਕਿਤਾਬਾਂ ਦੀ ਪ੍ਰਕਾਸ਼ਨਾ ਕਰਨੀ ਹੈ। ਫੀਚਰ ਰਾਇੰਟਿੰਗ ਉਤੇ ਕਿਤਾਬ ਤਿਆਰ ਪਈ ਹੈ। ਰੋਜ਼ਾਨਾ ਕਾਲਮਾਂ ਵਿੱਚੋਂ ਵੀ ਦੋ ਤਿੰਨ ਕਿਤਾਬਾਂ ਨਿਕਲਣਗੀਆਂ। ਕੈਨੇਡਾ ਅਤੇ ਅਮਰੀਕਾ ਦੇ ਕਈ ਰੇਡਿਓ ਅਤੇ ਟੀਵੀ ਚੈਨਲਾਂ ਦੀ ਪੇਸ਼ਕਸ਼ ਨੂੰ ਸਵੀਕਾਰਨ ਦਾ ਮੌਕਾ ਆ ਚੁੱਕਾ ਹੈ। ਆਪਣੇ ਡਰੀਮ ਪ੍ਰੋਜੈਕਟ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਮੰਤਵਾਂ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਪੰਜਾਬ ਦੇ ਪਿੰਡਾਂ ਦੇ ਬੱਚਿਆਂ ਨੂੰ ਸਿਵਲ ਸਰਵਿਸ ਦੇ ਨਜ਼ਰੀਏ ਤੋਂ ਪ੍ਰੇਰਿਤ ਅਤੇ ਜਾਗਰੂਕ ਕਰਨ ਲਈ ਮੁਹਿੰਮ ਨੂੰ ਤੇਜ਼ ਕਰਨਾ ਹੈ। ਚੰਗੇ ਬੁਲਾਰੇ ਬਣਾਉਣ ਲਈ ਸ਼ਾਰਟ ਟਰਮ ਕੋਰਸ ਸ਼ੁਰੂ ਕਰਨ ਦੀ ਤਵੀਜ਼ ਹੈ। ਐਪ ਰੇਡਿਓ ਸ਼ੁਰੂ ਕਰਨ ਦਾ ਸੁਪਨਾ ਵੀ ਮਚਲ ਰਿਹਾ ਹੈ। ਸੋ, ਸੇਵਾ ਮੁਕਤੀ ਤੋਂ ਬਾਅਦ ਤਾਂ ਮੈਂ ਹੋਰ ਜ਼ਿਆਦਾ ਬਿਜ਼ੀ ਹੋ ਜਾਵਾਂਗਾ।’’
? ‘‘ਰਹਿਣਾ ਕਿਥੇ ਹੈ ਪਟਿਆਲੇ ਜਾਂ ਕੈਨੇਡਾ।’’
– ‘‘ਕਦੇ ਠੇਕੇ ਕਦੇ ਠਾਣੇ’’ ਕਦੇ ਪੰਜਾਬ ਅਤੇ ਕਦੇ ਕੈਨੇਡਾ ’ਚ। ਦੋਵੇਂ ਥਾਵਾਂ ’ਤੇ ਵਿਚਰਨ ਦਾ ਇਰਾਦਾ ਹੈ। ਕੈਨੇਡਾ ’ਚ ਵੀ ਪਿਆਰ ਕਰਨ ਵਾਲੇ ਉਡੀਕ ਰਹੇ ਹਨ।’’
? ‘‘33 ਵਰ੍ਹਿਆਂ ਦੇ ਅਧਿਆਪਨ ਬਾਅਦ ਯੂਨੀਵਰਸਿਟੀ ਬਾਰੇ ਕੁੱਝ ਕਹਿਣਾ ਚਾਹੋਗੇ।’’
– ‘‘ਜੀ ਹਾਂ, ਪ੍ਰੋਫੈਸਰਾਂ ਨੂੰ ਜਿੰਨੀ ਤਨਖਾਹ ਮਿਲਦੀ ਹੈ, ਬਦਲੇ ’ਚ ਉਹ ਓਨਾਂ ਕੰਮ ਨਹੀਂ ਕਰਦੇ। ਯੂਨੀਵਰਸਿਟੀ ’ਚ ਛੁਟੀਆਂ ਦੀ ਭਰਮਾਰ ਹੈ। ਛੁਟੀਆਂ ਘਟਾਉਣ ਦੀ ਲੋੜ ਹੈ। ਕੰਮਕਾਜੀ ਦਿਨ ਕਿਸੇ ਵੀ ਹਾਲਤ ਵਿੱਚ 120 ਤੋਂ ਨਹੀਂ ਵੱਧ ਹੁੰਦੇ। ਸਿਆਸੀ ਦਖਲ-ਅੰਦਾਜੀ ਨੇ ਜਿਥੇ ਗਲਤ ਭਰਤੀਆਂ ਕਰਵਾਕੇ ਅਤੇ ਜ਼ਿਆਦਾ ਗਿਣਤੀ ਵਿੱਚ ਬੰਦੇ ਭਰਤੀ ਕਰਕੇ ਯੂਨੀਵਰਸਿਟੀਆਂ ਦੀ ਆਰਥਿਕ ਹਾਲਤ ਖ਼ਰਾਬ ਕੀਤੀ ਹੋਈ ਹੈ ਉਥੇ ਅਧਿਆਪਕ ਅਮਲੇ ਦੀ ਕਮੀ ਹੈ। ਅਸਲ ਵਿੱਚ ਸਿੱਖਿਆ ਤਾਂ ਸਰਕਾਰ ਦੀ ਤਰਜੀਹ ਹੀ ਨਹੀਂ।’’
? ‘‘ਪੱਤਰਕਾਰੀ ਬਾਰੇ ਵੀ ਕੁੱਝ ਕਹੋ’’
– ‘‘ਅਰਥ ਭਰਪੂਰ ਨਿਰਪੱਖ ਪੱਤਰਕਾਰੀ ਦੀ ਘਾਟ ਹੈ। ਵਪਾਰਕ ਘਰਾਣੇ ਮੀਡੀਆ ਦੇ ਮਾਲਕ ਹਨ। ਘਰਾਣਿਆਂ ਦੇ ਵਪਾਰਕ ਹਿੱਤ ਸੱਚ ਬੋਲਣ ਤੋਂ ਰੋਕਦੇ ਹਨ। ਸਿੱਧੇ ਅਤੇ ਅਸਿੱਧੇ ਤੌਰ ’ਤੇ ਸਰਕਾਰ ਮੀਡੀਆ ਨੂੰ ਆਪਣੇ ਸਵਾਰਥੀ ਹਿੱਤਾਂ ਨੂੰ ਪੂਰਾ ਕਰਨ ਲਈ ਵਰਤਦੀ ਰਹਿੰਦੀ ਹੈ। ਅੱਜ ਕੱਲ੍ਹ ਕੌਮੀ ਚੈਨਲ ਨਜ਼ਰੀਆ ਪੱਤਰਕਾਰੀ ਕਰ ਰਹੇ ਹਨ। ਸ਼ਾਮ ਨੂੰ 7 ਤੋਂ 10 ਵਜੇ ਤੱਕ ਲਗਪਗ ਹਰ ਕੌਮੀ ਚੈਨਲ ‘ਹਰ ਹਰ ਮੋਦੀ’ ਦੀ ਕਰਦਾ ਨਜ਼ਰੀ ਪੈਂਦਾ ਹੈ। ਇਸੇ ਤਰ੍ਹਾਂ ਦੇ ਹਾਲਾਤ ਰਿਜਨਲ ਮੀਡੀਆ ’ਚ ਵੀ ਨਜ਼ਰ ਆਉਂਦੇ ਹਨ। ਹਾਲਾਤ ਤਾਂ ਇਹ ਹਨ ਜੋ ਪਾਕਿਸਤਾਨੀ ਸ਼ਾਇਰ ਨੇ ਲਿਖਿਆ ਸੀ:
ਜੇ ਮੈਂ ਕੁੱਝ ਕਿਹਾ ਤਾਂ
ਮਾਰ ਦਿੱਤਾ ਜਾਵਾਂਗਾ,
ਜੇ ਮੈਂ ਚੁੱਪ ਰਿਹਾ
ਤਾਂ ਮਰ ਜਾਵਾਂਗਾ।’’

Send this to a friend