May 2, 2026 10:33 pm

45 ਗੱਡੀਆਂ ਦੀਆਂ ਫ਼ਰਜ਼ੀ ਐਂਟਰੀਆਂ ਪਾਉਣ ਵਾਲਾ ਆਬਕਾਰੀ ਇੰਸਪੈਕਟਰ ਬਰਖ਼ਾਸਤ

ਪਟਿਆਲਾ, 16 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਆਬਕਾਰੀ ਅਤੇ ਕਰ ਵਿਭਾਗ ਦੇ ਕਮਿਸ਼ਨਰ ਸ਼੍ਰੀ ਅਨੁਰਾਗ ਵਰਮਾ ਨੇ ਸੰਗਰੂਰ ਜ਼ਿਲ੍ਹੇ ਦੇ ਚੂਲੜ੍ਹ ਕਲਾਂ ਬੈਰੀਅਰ ’ਤੇ ਝੋਨੇ ਨਾਲ ਭਰੇ 45 ਵਾਹਨਾਂ ਦੀਆਂ ਫਰਜ਼ੀਆਂ ਐਂਟਰੀਆਂ ਪਾਉਣ ਵਾਲੇ ਆਬਕਾਰੀ ਤੇ ਕਰ ਇੰਸਪੈਕਟਰ ਦਰਸ਼ਨ ਕੁਮਾਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਸ਼੍ਰੀ ਵਰਮਾ ਨੇ ਦੱਸਿਆ ਕਿ ਬਠਿੰਡਾ ਦੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਤੋਂ ਇੱਕ ਰਿਪੋਰਟ ਪ੍ਰਾਪਤ ਹੋਈ ਸੀ ਕਿ ਮੈਸਰਜ਼ ਲਕਸ਼ਮੀ ਰਾਈਸ ਮਿਲ ਵੱਲੋਂ ਕਰੀਬ 2 ਕਰੋੜ ਰੁਪਏ ਮੁੱਲ ਦਾ ਝੋਨਾ ਪੰਜਾਬ ਰਾਜ ਦੇ ਅੰਦਰੋਂ ਖਰੀਦਿਆ ਗਿਆ ਸੀ ਪਰ ਖਰੀਦ ’ਤੇ ਲ¤ਗਣ ਵਾਲੇ 5.5 ਫੀਸਦੀ ਟੈਕਸ ਨੂੰ ਬਚਾਉਣ ਲਈ ਉਕਤ ਫਰਮ ਵੱਲੋਂ ਖਰੀਦ ਰਾਜ ਤੋਂ ਬਾਹਰੋਂ ਹੋਈ ਦਿਖਾ ਦਿੱਤੀ ਗਈ। ਫਰਮ ਨੇ ਝੂਠੇ ਸਬੂਤ ਜੁਟਾਉਣ ਲਈ ਚੂਲੜ੍ਹ ਕਲਾਂ ਬੈਰੀਅਰ ਦੇ ਆਬਕਾਰੀ ਤੇ ਕਰ ਇੰਸਪੈਕਟਰ ਦੀ ਮਿਲੀਭੁਗਤ ਨਾਲ ਵਾਹਨਾਂ ਦੀਆਂ ਫਰਜ਼ੀ ਐਂਟਰੀਆਂ ਦਰਸਾ ਦਿੱਤੀਆਂ ਗਈਆਂ। ਸ਼੍ਰੀ ਵਰਮਾ ਨੇ ਦੱਸਿਆ ਕਿ ਵਿਭਾਗ ਦੇ ਧਿਆਨ ਵਿੱਚ ਜਦੋਂ ਇਹ ਮਾਮਲਾ ਆਇਆ ਤਾਂ ਮੈਸਰਜ਼ ਲਕਸ਼ਮੀ ਰਾਈਸ ਮਿਲ ਨੇ ਇਹ ਗੱਲ ਸਵੀਕਾਰ ਕੀਤੀ। ਮਿਲ ਮਾਲਿਕਾਂ ਨੇ ਗਲਤੀ ਮੰਨਦਿਆਂ 11 ਲੱਖ ਰੁਪਏ ਖਰੀਦ ਕਰ ਵੱਜੋਂ ਜਮ੍ਹਾ ਕਰਵਾ ਦਿੱਤੇ, ਪਰ ਵਿਭਾਗ ਇਸ ਗੋਰਖਧੰਦੇ ਵਿੱਚ ਸ਼ਾਮਿਲ ਵਿਭਾਗੀ ਅਧਿਕਾਰੀਆਂ ਨੂੰ ਵੀ ਬੇਨਕਾਬ ਕਰਨਾ ਚਾਹੁੰਦਾ ਸੀ ਜਿਸ ਤਹਿਤ 2 ਕਰੋੜ ਰੁਪਏ ਦੇ ਝੋਨੇ ਦੇ ਆਯਾਤ ਸਬੰਧੀ ਕੰਪਿਊਟਰ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਇਹ ਸਾਹਮਣੇ ਆਇਆ ਕਿ ਆਬਕਾਰੀ ਤੇ ਕਰ ਇੰਸਪੈਕਟਰ ਦਰਸ਼ਨ ਕੁਮਾਰ ਵੱਲੋਂ 45 ਅਤੇ ਆਬਕਾਰੀ ਤੇ ਕਰ ਇੰਸਪੈਕਟਰ ਵਿਜੇ ਕੁਮਾਰ ਵੱਲੋਂ 4 ਵਾਹਨ ਪਾਸ ਕੀਤੇ ਗਏ ਸਨ। ਸ਼੍ਰੀ ਵਰਮਾ ਨੇ ਦੱਸਿਆ ਕਿ ਬੈਰੀਅਰ ਵਿੱਚ ਵਾਹਨਾਂ ਦੇ ਲਾਂਘੇ ਸਮੇਂ ਬਿੱਲਾਂ ਦੀ ਕਾਪੀ ਅਤੇ ਬਿਲਟੀਆਂ ਦੀ ਕਾਪੀ ਪ੍ਰਾਪਤ ਕੀਤੀ ਜਾਂਦੀ ਹੈ, ਪਰ ਜਦੋਂ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਬਠਿੰਡਾ ਦੇ ਮੋਬਾਇਲ ਵਿੰਗ ਨੇ ਬੈਰੀਅਰ ਦੀ ਜਾਂਚ ਕੀਤੀ ਤਾਂ ਇਨ੍ਹਾਂ 49 ਵਾਹਨਾਂ ਦੇ ਲਾਂਘੇ ਸਬੰਧੀ ਕੋਈ ਬਿੱਲ ਜਾਂ ਬਿਲਟੀਆਂ ਨਹੀਂ ਮਿਲੀਆਂ। ਇਸ ਸਬੰਧ ਵਿੱਚ ਦਰਸ਼ਨ ਕੁਮਾਰ ਨੂੰ ਸਸਪੈਂਡ ਕਰਕੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਹੈਡਕੁਆਟਰ ਸ਼੍ਰੀ ਐਸ.ਐਸ.ਬਾਂਗੜਾ ਨੂੰ ਨਿਯਮਤ ਜਾਂਚ ਦੀ ਹਦਾਇਤ ਕੀਤੀ ਗਈ।
ਆਬਕਾਰੀ ਤੇ ਕਰ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਬੈਰੀਅਰ ਰਾਹੀਂ ਟਰੱਕ ਨਹੀਂ ਲੰਘਾਏ ਗਏ ਅਤੇ ਸਿਰਫ ਫਰਜ਼ੀ ਐਂਟਰੀਆਂ ਹੀ ਪਾ ਦਿੱਤੀਆਂ ਗਈਆਂ। ਇਥੋਂ ਤੱਕ ਕਿ ਰਿਕਾਰਡ ਵਿੱਚ ਇੱਕ ਤੇਲ ਟੈਂਕਰ ਨੰ: ਐਚਆਰ-46-ਏ 8077 ਨੂੰ ਹੀ ਝੋਨਾ ਲਿਜਾਉਣ ਵਾਲਾ ਵਾਹਨ ਦਰਸਾ ਦਿੱਤਾ ਗਿਆ। ਸ਼੍ਰੀ ਵਰਮਾ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਆਬਕਾਰੀ ਤੇ ਕਰ ਇੰਸਪੈਕਟਰ ਦਰਸ਼ਨ ਕੁਮਾਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਦੂਜੇ ਇੰਸਪੈਕਟਰ ਵਿਜੇ ਕੁਮਾਰ, ਜਿਸ ਨੇ 4 ਫਰਜ਼ੀ ਐਂਟਰੀਆਂ ਕੀਤੀਆਂ ਸਨ, ਸਜ਼ਾ ਵਜੋਂ ਉਸ ਨੂੰ ਦਿੱਤੇ ਜਾਣ ਵਾਲੇ ਦੋ ਇੰਕਰੀਮੈਂਟਾਂ ਨੂੰ ਤਤਕਾਲ ਰੋਕਣ ਦੇ ਆਦੇਸ਼ ਦਿੱਤੇ ਗਏ ਹਨ। ਸ਼੍ਰੀ ਵਰਮਾ ਨੇ ਕਿਹਾ ਕਿ ਵਿਭਾਗ ਦਾ ਕੋਈ ਵੀ ਅਧਿਕਾਰੀ ਜੋ ਰਾਜ ਨੂੰ ਮਾਲੀ ਨੁਕਸਾਨ ਪਹੁੰਚਾਉਣ ਲਈ ਜਿੰਮੇਵਾਰ ਪਾਇਆ ਜਾਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਹੜਾ ਕਰਮਚਾਰੀ ਵਪਾਰੀਆਂ ਨਾਲ ਮਾੜਾ ਵਿਵਹਾਰ ਜਾਂ ਸ਼ੋਸ਼ਣ ਕਰੇਗਾ, ਉਸ ਵਿਰੁੱਧ ਵੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Send this to a friend