ਫ਼ਤਹਿਗੜ੍ਹ ਸਾਹਿਬ, 25 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਸ ਗਲ ਦਾ ਗਹਿਰਾ ਦੁੱਖ ਅਤੇ ਅਫਸੋਸ ਹੈ ਕਿ ਸ. ਕੁਲਦੀਪ ਸਿੰਘ ਬਰਾੜ ਜੋ ਬਠਿੰਡਾ ਜ਼ਿਲ੍ਹੇ ਤੋਂ ਹਨ, ਲਾਸ ਨਾਈਕ ਗੁਰਮੇਲ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਤੋਂ ਅਤੇ ਸ. ਪ੍ਰਗਟ ਸਿੰਘ ਕਰਨਾਲ ਜ਼ਿਲ੍ਹੇ ਤੋਂ ਹਨ, ਤਿੰਨੇ ਸਿਖ ਨੌਜ਼ਵਾਨਾਂ ਦੀਆਂ ਜਾਨਾਂ ਆਪਣੀ ਡਿਊਟੀ ਕਰਦਿਆਂ ਗਈਆਂ ਹਨ। ਸਾਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਅਤਿ ਡੂੰਘੀ ਹਮਦਰਦੀ ਹੈ। ਜੋ ਆਪਣੀ ਛੋਟੀ ਉਮਰ ਵਿਚ ਹੀ ਆਪਣੀਆ ਜਾਨਾਂ ਕੁਰਬਾਨ ਕਰ ਗਏ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ ਦੇ ਰਜੋਰੀ ਵਿਚ ਬੀਤੇ ਦਿਨੀਂ ਸਰਹਦਾਂ ਉਤੇ ਤਿੰਨ ਸਿਖ ਨੌਜ਼ਵਾਨਾਂ ਦੇ ਚਲੇ ਜਾਣ ਉਤੇ ਡੂੰਘੇ ਦੁਖ ਅਤੇ ਅਫ਼ਸੋਸ ਜ਼ਾਹਰ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਨਾਲ ਪੂਰਨ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸਿਖ ਕੌਮ ਸਰਬਤ ਦੇ ਭਲੇ ਦੇ ਮਿਸ਼ਨ ਅਧੀਨ ਬਿਨ੍ਹਾਂ ਕਿਸੇ ਸਵਾਰਥ ਆਦਿ ਦੇ ਆਪਣੀਆਂ ਇਨਸਾਨੀਅਤ, ਸਮਾਜਿਕ ਪਖੀ ਜਿੰਮੇਵਾਰੀਆਂ ਨੂੰ ਨਿਰੰਤਰ ਪੂਰਨ ਕਰਦੀ ਆ ਰਹੀ ਹੈ ਅਤੇ ਕਰਦੀ ਰਹੇਗੀ। ਉਨ੍ਹਾਂ ਇਕ ਵਾਰੀ ਫਿਰ ਉਪਰੋਕਤ ਤਿੰਨੇ ਸਿਖ ਨੌਜ਼ਵਾਨਾਂ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਨਾਲ ਇਸ ਦੁਖ ਵਿਚ ਸਰੀਕ ਹੁੰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਤਿੰਨੇ ਸਿਖ ਨੌਜ਼ਵਾਨਾਂ ਦੀ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ।