May 19, 2026 6:35 am

ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ਦੇ ਸਵਾਗਤੀ ਗੇਟ ਨੇੜੇ ਸ਼ਰਾਬ ਦਾ ਠੇਕਾ ਕਰਵਾਇਆ ਬੰਦ

ਅੰਮ੍ਰਿਤਸਰ, 22 ਦਸੰਬਰ (ਗੁਰਪ੍ਰੀਤ ਸਿੰਘ ਮਾਨ)- ਸਿੱਖ ਜਥੇਬੰਦੀਆਂ ਵੱਲੋਂ ਅਰੰਭੇ ਉਪਰਾਲੇ ਨੂੰ ਉਦੋਂ ਕਾਮਯਾਬੀ ਹਾਸਲ ਹੋਈ ਜਦੋਂ ਗੁਰੂ ਨਗਰੀ ਦੇ ਮੁੱਖ ਸਵਾਗਤੀ ਗੇਟ (ਅੰਮ੍ਰਿਤਸਰ-ਜਲੰਧਰ ਹਾਈਵੇ) ਨੇੜੇ ਖੁੱਲ੍ਹਿਆ ਸ਼ਰਾਬ ਦਾ ਇੱਕ ਠੇਕਾ ਜਥੇਬੰਦੀਆਂ ਦੇ ਦਬਾਅ ਕਰਕੇ ਹਮੇਸ਼ਾਂ ਲਈ ਬੰਦ ਕਰ ਦਿੱਤਾ ਗਿਆ। ਸ੍ਰੀ ਅੰਮ੍ਰਿਤਸਰ-ਜਲੰਧਰ ਹਾਈਵੇ ਸਥਿਤ ਜਿਥੇ ਸਵਾਗਤੀ ਗੇਟ ਬਣਿਆ ਹੋਇਆ ਹੈ, ਉਸ ਦੇ ਬਿਲਕੁਲ ਨਜਦੀਕ ਹੀ ਇਕ ਸ਼ਰਾਬ ਦੇ ਖੁੱਲੇ ਠੇਕੇ ਨੂੰ ਬੰਦ ਕਰਵਾਉਣ ਲਈ ਸਿੱਖ ਧਾਰਮਿਕ ਜਥੇਬੰਦੀਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ, ਇੰਟਰਨੈਸ਼ਨਲ ਸਿੱਖ ਫ਼ੈਡਰੇਸ਼ਨ ਵੱਲੋਂ ਠੇਕੇ ਨੂੰ ਬੰਦ ਕਰਵਾਉਣ ਲਈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਛੇਤੀ ਤੋਂ ਛੇਤੀ ਉਸ ਠੇਕੇ ਨੂੰ ਬੰਦ ਕਰਵਾਇਆ ਜਾਵੇ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਸ ਨਾਲ ਠੇਸ ਪੁੱਜ ਰਹੀ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਸਵਾਗਤੀ ਗੇਟ ਤੋਂ ਪਹਿਲਾਂ ਹੀ ਸ਼ਰਾਬ ਦਾ ਠੇਕਾ ਨਜਰ ਆਉਂਦਾ ਹੈ। ਜਿਸ ਤੇ ਪ੍ਰਸਾਸ਼ਨ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿਭਾਗੀ ਕਾਰਵਾਈ ਕਰਦੇ ਹੋਏ ਉਪਰੋਕਤ ਠੇਕੇ ਨੂੰ ਹਮੇਸ਼ਾਂ ਲਈ ਬੰਦ ਕਰਵਾ ਦਿੱਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਜਥਾ ਸਿਰਲੱਥ ਖ਼ਾਲਸਾ ਦੇ ਮੀਤ ਸੇਵਾਦਾਰ ਭਾਈ ਪਰਮਜੀਤ ਸਿੰਘ ਅਕਾਲੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਧਾਰਮਿਕ ਅਸਥਾਨਾਂ ਦੇ ਨਜ਼ਦੀਕ ਜੋ ਤੰਬਾਕੂ, ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਹਨ। ਉਨ੍ਹਾਂ ਨੂੰ ਬੰਦ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਪਰਮਜੀਤ ਸਿੰਘ ਅਕਾਲੀ ਤੋਂ ਇਲਾਵਾ ਭਾਈ ਦਿਲਬਾਗ ਸਿੰਘ, ਭਾਈ ਚਰਨਜੀਤ ਸਿੰਘ ਰਾਣਾ, ਭਾਈ ਸੁਖਜੀਤ ਸਿੰਘ ਖੋਸੇ, ਗਿਆਨੀ ਗੁਰਲਾਲ ਸਿੰਘ, ਸਿਮਰਨਜੀਤ ਸਿੰਘ ਸੰਘਾ, ਹਰਪ੍ਰੀਤ ਸਿੰਘ ਟੋਨੀ, ਰਣਜੀਤ ਸਿੰਘ ਮਜੀਠਾ, ਬਲਜਿੰਦਰ ਸਿੰਘ, ਸੂਰਜ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ, ਸੁਰਿੰਦਰ ਸਿੰਘ, ਜਗਪਾਲ ਸਿੰਘ ਆਦਿ ਹਾਜ਼ਰ ਸਨ।

Send this to a friend