ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ ਸਨ। ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵਿਸਾਖੀ ਨੂੰ ‘ਖਾਲਸਾ’ ਸਾਜਿਆ ਤਾਂ ਭਾਈ ਜੈਤਾ ਜੀ ਵੀ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕਰਕੇ ਭਾਈ ਜੈਤਾ ਤੋਂ ਬਾਬਾ ਜੀਵਨ ਸਿੰਘ ਬਣ ਗਏ ਸਨ। ਭਾਈ ਜੈਤਾ ਜੀ ਦਾ ਜਨਮ 2 ਸਤੰਬਰ 1661 ਈ: ਨੂੰ ਪਿਤਾ ਭਾਈ ਸਦਾ ਨੰਦ ਜੀ ਅਤੇ ਮਾਤਾ ਪ੍ਰੇਮੋ ਜੀ ਦੀ ਕੁੱਖੋਂ ਪਟਨਾ ਸਾਹਿਬ ਵਿਖੇ ਹੋਇਆ। ਭਾਈ ਜੀਵਨ ਸਿੰਘ ਜੀ ਦੇ ਜਨਮ ਅਤੇ ਸ਼ਹੀਦੀ ਦੀਆਂ ਤਰੀਕਾਂ ਸਬੰਧੀ ਇਤਹਾਸਕਾਰਾਂ ਵਿੱਚ ਵੱਖ-ਵੱਖ ਮਤਭੇਦ ਹਨ। ਬਾਬਾ ਜੀਵਨ ਸਿੰਘ ਜੀ ਦੇ ਜਨਮ ਸਮੇਂ ਇਹਨਾਂ ਦੇ ਮਾਤਾ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਯਾਤਰਾ ਤੇ ਸਨ। ਬਾਬਾ ਜੀਵਨ ਸਿੰਘ ਜੀ ਦਾ ਬਚਪਨ ਗੋਬਿੰਦ ਰਾਏ ਜੀ ਦੇ ਨਾਲ ਖੇਡਦਿਆਂ ਬੀਤਿਆ। ਗੋਬਿੰਦ ਰਾਏ ਜੀ ਤੇ ਬਾਬਾ ਜੀਵਨ ਸਿੰਘ ਜੀ ਨੇ ਇੱਕਠਿਆਂ ਵਿੱਦਿਆ ਤੇ ਸਸ਼ਤਰ ਵਿੱਦਿਆ ਵਿੱਚ ਨਿਪੁੰਨਤਾ ਹਾਸਿਲ ਕੀਤੀ। ਔਰੰਗਜ਼ੇਬ ਦੇ ਜ਼ੁਲਮਾਂ ਦੇ ਸਤਾਏ ਜਦ ਕਸ਼ਮੀਰੀ ਪੰਡਿਤਾਂ ਦਾ ਇੱਕ ਵਫਦ ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆਇਆ ਤੇ ਫਰਿਆਦ ਕੀਤੀ। ਗੁਰੂ ਸਾਹਿਬ ਹਿੰਦੂ ਧਰਮ ਬਚਾਉਣ ਖਾਤਿਰ ਦਿੱਲੀ ਪਹੁੰਚ ਗਏ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ੍ਹ ਤੋਂ ਅਲੱਗ ਕਰਕੇ ਸ਼ਹੀਦ ਕੀਤਾ ਗਿਆ ਤੇ ਐਲਾਨ ਕੀਤਾ ਗਿਆ ਕਿ ਹੈ, ਕੋਈ ਐਸਾ ਸਿੱਖ ਜੋ ਆਪਣੇ ਗੁਰੂ ਦੇ ਸਰੀਰ ਦਾ ਸਸਕਾਰ ਕਰਨ ਦੀ ਹਿੰਮਤ ਰੱਖਦਾ ਹੋਵੇ। ਦਿੱਲੀ ਵਾਸੀ ਸਿੱਖਾਂ ਵਿੱਚੋਂ ਕਿਸੇ ਨਾ ਹਿੰਮਤ ਕੀਤੀ ਤਾਂ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਨੇ ਇਹ ਸੇਵਾ ਨਿਭਾਈ। ਭਾਈ ਜੈਤਾ ਜੀ ਦਿੱਲੀ ਪਹੁੰਚ ਕੇ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਉਠਾ ਕੇ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਪਹੁੰਚੇ ਤਾਂ ਸ੍ਰੀ ਗੁਰੂ ਗੋਬਿੰਦ ਜੀ ਨੇ ‘ਰੰਘਰੇਟੇ ਗੁਰੂ ਕੇ ਬੇਟੇ’ ਦੇ ਖਿਤਾਬ ਨਾਲ ਨਿਵਾਜ਼ ਕੇ ਛਾਤੀ ਨਾਲ ਲਾਇਆ। (ਉਧਰ ਗੁਰੂ ਤੇਗ ਬਹਾਦਰ ਸਾਹਬ ਜੀ ਦਾ ਧੜ੍ਹ ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਪੁੱਤਰਾਂ ਦੀ ਮਦਦ ਨਾਲ ਰੂੰ ਵਾਲੇ ਗੱਡੇ ਵਿੱਚ ਸਤਿਕਾਰ ਸਹਿਤ ਰੱਖ ਕੇ ਆਪਣੇ ਘਰ ਲਿਜਾ ਕੇ ਆਪਣੇ ਘਰ ਨੂੰ ਅਗਨ ਭੇਟ ਕਰਕੇ ਗੁਰੂ ਸਾਹਬ ਜੀ ਦੇ ਧੜ੍ਹ ਦਾ ਸਸਕਾਰ ਕੀਤਾ ਸੀ) ਗੁਰੂ ਸਾਹਿਬ ਨੇ 1699 ਈ: ਦੀ ਵਿਸਾਖੀ ਨੂੰ ‘ਖਾਲਸਾ’ ਸਾਜ ਕੇ ਦੁਨੀਆਂ ਵਿੱਚ ਸਭ ਤੋਂ ਅਨੋਖਾ ਕੰਮ ਕਰ ਵਿਖਾਇਆ। ਉਸੇ ਖਾਲਸੇ ਤੋਂ ਆਪ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕਰਕੇ ‘ਗੋਬਿੰਦ ਰਾਏ’ ਤੋਂ ‘ਗੋਬਿੰਦ ਸਿੰਘ’ ਬਣ ਗਏ।
ਖਾਲਸੇ ਨੂੰ ਪੰਜ ਕਕਾਰਾਂ ਦੀ ਦਾਤ ਬਖਸ਼ਿਸ਼ ਕਰਕੇ ਦੁਨੀਆਂ ਵਿੱਚ ਸਭ ਤੋਂ ਵੱਖਰਾ ਰੂਪ ਦਿੱਤਾ। ਬਾਬਾ ਜੀਵਨ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ੁਲਮ ਦੇ ਖਿਲਾਫ ਲੜੀ ਹਰ ਜੰਗ ਵਿੱਚ ਵੱਧ ਚੜ੍ਹ ਕੇ ਸਾਥ ਦਿੱਤਾ। ਜਦ ਗੁਰੂ ਸਾਹਿਬ ਜੀ ਨੇ ਅਨੰਦਪੁਰ ਛੱਡਿਆ ਤਾਂ ਕਾਫਲੇ ਦੇ ਸਭ ਤੋਂ ਅਖੀਰ ਵਿੱਚ ਗੁਰੂ ਸਾਹਿਬ ਜੀ ਨੇ ਬਾਬਾ ਜੀਵਨ ਸਿੰਘ ਜੀ, ਭਾਈ ਬਚਿੱਤਰ ਸਿੰਘ ਤੇ ਭਾਈ ਉਦੈ ਸਿੰਘ ਜੀ ਦੀ ਡਿਊਟੀ ਲਾਈ, ਕਿਉਂਕਿ ਗੁਰੂ ਸਾਹਬ ਜਾਣਦੇ ਸਨ ਕਿ ਮੁਗਲ ਆਪਣੇ ਵਾਅਦਿਆਂ ਤੋਂ ਮੁੱਕਰ ਜਾਣਗੇ, ਇਸ ਲਈ ਪਿੱਠ ਪਿੱਛੋਂ ਹਮਲਾ ਜ਼ਰੂਰ ਕਰਣਗੇ ਤਾਂ ਇੰਨ੍ਹਾਂ ਜ਼ਾਲਮਾਂ ਨਾਲ ਇਹ ਸਿੰਘ ਸੂਰਮੇ ਹੀ ਨਜਿੱਠ ਸਕਦੇ ਹਨ। ਇਤਹਾਸ ਵਿੱਚ ਆਉਂਦਾ ਹੈ ਕਿ ਬਾਬਾ ਜੀਵਨ ਸਿੰਘ ਜੀ ਚਮਕੌਰ ਦੀ ਜੰਗ ਸਮੇਂ ਗੁਰੂ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਵੈਰੀ ਨਾਲ ਲੜੇ। ਬਾਬਾ ਜੀਵਨ ਸਿੰਘ ਜੀ ਨੇ ਇਸ ਜੰਗ ਵਿੱਚ ਵੀ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਜਦ ਦੋਵੇਂ ਸਾਹਿਬਜ਼ਾਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਤਾਂ ਬਾਕੀ ਬਚੇ ਹੋਏ ਸਿੰਘਾਂ ਨੇ ਗੁਰੂ ਜੀ ਨੂੰ ਉਥੋਂ ਨਿਕਲ ਜਾਣ ਲਈ ਕਿਹਾ ਤਾਂ ਗੁਰੂ ਸਾਹਿਬ ਜੀ ਨੇ ਇਨਕਾਰ ਕਰਨ ਤੇ ਤਦ ਪੰਜ ਸਿੰਘਾਂ ਨੇ ਹੁਕਮ ਕੀਤਾ ਕਿ ਆਪ ਇੱਥੋ ਚਲੇ ਜਾਉ ਤੇ ਬਾਹਰ ਜਾ ਕੇ ਪੰਥ ਦੀ ਸੰਭਾਲ ਕਰੋ’ ਤਾਂ ਗੁਰੂ ਸਾਹਬ ਬਾਹਰ ਚਲੇ ਗਏ। ਗੁਰੂ ਸਾਹਬ ਜੀ ਦੇ ਜਾਣ ਪਿੱਛੋਂ ਯੁੱਧ ਦੀ ਕਮਾਨ ਭਾਈ ਜੀਵਨ ਸਿੰਘ ਜੀ ਨੇ ਸੰਭਾਲੀ। ਇਸ ਯੁੱਧ ਵਿੱਚ ਭਾਈ ਜੀਵਨ ਸਿੰਘ ਜੀ ਦੇ ਦੋ ਵੱਡੇ ਸਪੁੱਤਰ ਭਾਈ ਸੁੱਖਾ ਸਿੰਘ, ਭਾਈ ਸੇਵਾ ਸਿੰਘ ਤੇ ਛੋਟਾ ਭਰਾ ਭਾਈ ਸੰਗਤ ਸਿੰਘ ਜੀ ਵੀ ਸ਼ਹੀਦ ਹੋ ਗਏ।ਅੰਤ ਵੈਰੀ ਨਾਲ ਲੋਹਾ ਲੈਂਦੇ ਹੋਏ ਭਾਈ ਜੀਵਨ ਸਿੰਘ ਜੀ 23 ਦਸੰਬਰ 1704 ਦੀ ਸਵੇਰ ਨੂੰ ਸ਼ਹੀਦੀ ਪ੍ਰਾਪਤ ਕੀਤੀ। ਬਾਬਾ ਜੀਵਨ ਸਿੰਘ ਜੀ ਜਿੱਥੇ ਇਕ ਉਚ ਦਰਜੇ ਦੇ ਕਵੀ ਵੀ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਹਰ ਜੰਗਾਂ ਯੁੱਧਾਂ ਵਿੱਚ ਫਤਿਹ ਹਾਸਿਲ ਕੀਤੀ। ਆਪ ਨੂੰ ਗੁਰੂ ਘਰ ਦੇ 52 ਕਵੀਆਂ ਦੀ ਸੰਗਤ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਗੁਰੂ ਸਾਹਬ ਜੀ ਦੇ ਇਸ ਮਹਾਨ ਸਿੱਖ ਜਰਨੈਲ ਨੂੰ ਕੋਟਿਨ-ਕੋਟਿ ਪ੍ਰਣਾਮ।