ਸਿਖਾਂ ’ਤੇ ਕੋਈ ਅਤਿਆਚਾਰ ਨਹੀਂ ਹੋਵੇਗਾ : ਹਾਈ ਕਮਿਸ਼ਨਰ ਵੱਲੋਂ ਭਰੋਸਾ
ਨਵੀਂ ਦਿੱਲੀ, 20 ਦਸੰਬਰ- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਸਿਖਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤੇ ਜਾਣ ਦੀਆਂ ਖ਼ਬਰਾਂ ਮੀਡੀਆਂ ਵਿਚ ਆਉਣ ਤੋਂ ਬਾਅਦ ਅਜ ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿਲੀ ਵਿਖੇ ਪਾਕਿਸਤਾਨੀ ਹਾਈ ਕਮਿਸ਼ਨਰ ਨਾਲ ਵਫਦ ਸਣੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੀਡੀਆ ਦੇ ਮੁਖਾਤਿਬ ਹੁੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪਾਕਿਸਤਾਨ ਵਿਚੋਂ ਆ ਰਹੀਆਂ ਇਨ੍ਹਾਂ ਖ਼ਬਰਾਂ ਨੂੰ ਪਾਕਿ ਹਾਈਕਮਿਸ਼ਨਰ ਕੋਲ ਜੋਰ-ਸ਼ੋਰ ਨਾਲ ਚੁਕਿਆ ਗਿਆ। ਉਨ੍ਹਾਂ ਕਿਹਾ ਕਿ ਪਾਕਿ ਹਾਈਕਮਿਸ਼ਨਰ ਵਲੋਂ ਉਨ੍ਹਾਂ ਨੂੰ ਭਰੋਸਾ ਦਿਤਾ ਗਿਆ ਹੈ ਕਿ ਪਾਕਿਸਤਾਨ ਵਿਚ ਸਿਖਾਂ ਉਤੇ ਕੋਈ ਅਤਿਆਚਾਰ ਨਹੀਂ ਹੋਣ ਦਿਤਾ ਜਾਵੇਗਾ।ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਜਾਣਕਾਰੀ ਦਿਤੀ ਕਿ ਜਿਹੜੀ ਜਗ੍ਹਾ ਇਹ ਘਟਨਾ ਵਾਪਰੀ ਸੀ ਅਤੇ ਜਿਹੜਾ ਪੁਲਿਸ ਵਾਲਾ ਇਸ ਵਿਚ ਸ਼ਾਮਿਲ ਸੀ, ਉਸਨੂੰ ਸਸਪੈਂਡ ਕੀਤਾ ਜਾ ਚੁਕਾ ਹੈ। ਉਨ੍ਹਾਂ ਦਸਿਆ ਕਿ ਪਾਕਿਸਤਾਨ ਦੇ ਹਾਈਕਮਿਸ਼ਨਰ ਨੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਵਿਚ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਮਰਿਆਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁੰਦੀ ਹੈ, ਉਹ ਪਾਕਿਸਤਾਨ ਵਿਚ ਲਾਗੂ ਨਹੀਂ ਹੁੰਦੀ।