May 22, 2026 11:57 am

ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਬਣੇਗੀ ਭਾਜਪਾ ਸਰਕਾਰ

ਗੁਜਰਾਤ ’ਚ ਕਾਂਗਰਸ ਵੱਲੋਂ ਭਾਜਪਾ ਨੂੰ ਬਰਾਬਰ ਦੀ ਟੱਕਰ

ਨਵੀਂ ਦਿੱਲੀ, 18 ਦਸੰਬਰ- 2019 ਦੀਆਂ ਲੋਕ ਸਭਾ ਦੇ ਸੈਮੀ ਫਾਇਨਲ ਵਜੋਂ ਤਸਲੀਮ ਕੀਤੀਆਂ ਜਾ ਰਹੀਆਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਜਿੱਤ ਹਾਸਿਲ ਹੋਈ ਹੈ। ਹਾਲਾਂਕਿ ਗੁਜਰਾਤ ਵਿੱਚ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਨੇ ਬਰਾਬਰ ਦੀ ਟੱਕਰ ਦਿੱਤੀ ਹੈ।
ਹਿਮਾਚਲ ਪ੍ਰਦੇਸ਼ ’ਚ ਭਾਜਪਾ ਨੇ ਕਾਂਗਰਸ ਨੂੰ ਹਰਾ ਕੇ ਬਹੁਮਤ ਹਾਸਿਲ ਕਰ ਲਿਆ ਹੈ। ਹਿਮਾਚਲ ਵਿਧਾਨ ਸਭਾ ਦੀਆਂ ਕੁੱਲ 68 ਸੀਟਾਂ ਹਨ। ਭਾਜਪਾ ਦੇ ਖਾਤੇ ਵਿੱਚ 44 ਸੀਟਾਂ ਹਨ ਜਦੋਂ ਕਿ ਕਾਂਗਰਸ ਨੂੰ ਸਿਰਫ 21 ਸੀਟਾਂ ਮਿਲੀਆਂ ਹਨ। 3 ਥਾਵਾਂ ’ਤੇ ਆਜ਼ਾਦ ਜਿੱਤੇ ਹਨ। ਕਾਂਗਰਸ ਦੇ 8 ਮੰਤਰੀ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ ਤਿੰਨ ਚੋਣ ਹਾਰ ਗਏ। ਭਾਜਪਾ ਨੂੰ ਆਪਣੇ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਸ੍ਰੀ ਪ੍ਰੇਮ ਕੁਮਾਰ ਧੂਮਲ ਦੇ ਹਾਰ ਜਾਣ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਸੂਬੇ ਦੇ ਮੌਜੂਦਾ ਮੁੱਖ ਮੰਤਰੀ ਸ੍ਰੀ ਵੀਰਭੱਦਰ ਸਿੰਘ ਅਰਕੀ ਵਿਧਾਨ ਸਭਾ ਹਲਕੇ ਤੋਂ ਮੁੜ ਜਿੱਤ ਗਏ ਹਨ। ਗੁਜਰਾਤ ਵਿੱਚ ਗੁਜਰਾਤ ਵਿੱਚ ਭਾਜਪਾ 6ਵੀਂ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਪਰ ਇਸ ਵਾਰ ਕਾਂਗਰਸ ਵੱਲੋਂ ਉਸ ਨੂੰ ਤੱਕੜੀ ਟੱਕਰ ਦਿੱਤੀ ਗਈ। 2012 ਦੀ ਚੋਣ ਵਿੱਚ ਕਾਂਗਰਸ ਨੂੰ 61 ਸੀਟਾਂ ਮਿਲੀਆਂ ਸਨ ਹੁਣ ਵਧ ਕੇ 80 ਹੋ ਗਈਆਂ ਹਨ। ਭਾਜਪਾ ਨੂੰ ਕੁੱਲ 99 ਸੀਟਾਂ ਹੀ ਮਿਲੀਆਂ ਹਨ। ਪਿਛਲੀਆਂ ਚੋਣਾਂ ਵਿੱਚ ਭਾਜਪਾ ਦੇ ਖਾਤੇ 115 ਸੀਟਾਂ ਸਨ। ਚੋਣਾਂ ਵਿੱਚ 3 ਆਜ਼ਾਦ ਜਿੱਤੇ ਹਨ। ਭਾਜਪਾ ਨੂੰ 49.1 ਫੀਸਦੀ ਜਦੋਂ ਕਿ ਕਾਂਗਰਸ ਨੂੰ 41.4 ਫੀਸਦੀ ਵੋਟਾਂ ਮਿਲੀਆਂ ਹਨ। 182 ਸੀਟਾਂ ਵਾਲੀ ਗੁਜਰਾਤ ਵਿਧਾਨ ਸਭਾ ਵਿੱਚ ਤਾਂ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲ ਗਿਆ ਹੈ। ਗੁਜਰਾਤ ਵਿੱਚ ਕਾਂਗਰਸ ਦੇ ਚੰਗੇ ਪ੍ਰਦਰਸ਼ਨ ਦਾ ਕਾਂਗਰਸ ਦੇ ਨਵੇਂ ਕੌਮੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੂੰ ਵੱਡਾ ਸਿਆਸੀ ਲਾਭ ਮਿਲੇਗਾ।

Send this to a friend