June 26, 2026 8:14 pm

ਬਾਜਵਾ ਦੀ ਕੋਠੀ ਦਾ ਘੇਰਾਓ ਕਰਨ ਪਹੁੰਚੇ ਅਕਾਲੀਆਂ ਨੂੰ ਪੁਲਿਸ ਨੇ ਰੋਕਿਆ

ਕਾਂਗਰਸੀਆਂ ਵੀ ਸੁਖਬੀਰ ਅਤੇ ਮਜੀਠੀਆ ਦੇ ਪੁਤਲੇ ਫੂਕੇ
image ਕਾਦੀਆਂ, 15 ਜਨਵਰੀ (ਮਕਬੂਲ ਅਹਿਮਦ)-ਅੱਜ ਜਦੋਂ ਰੇਲਵੇ ਰੋਡ ਕਾਦੀਆਂ ਵਿੱਚ ਭਾਰੀ ਤਾਦਾਦ ਵਿੱਚ ਅਕਾਲੀ ਦਲ (ਬਾਦਲ) ਦੇ ਵਰਕਰ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੀ ਅਗਵਾਈ ਹੇਠ ਸ. ਪ੍ਰਤਾਪ ਸਿੰਘ ਬਾਜਵਾ ਦੀ ਕੋਠੀ ਦਾ ਘੇਰਾਓ ਕਰਨ ਲਈ ਕੋਠੀ ਤੋਂ 100 ਮੀਟਰ ਦੀ ਦੂਰੀ ’ਤੇ ਪਹੁੰਚੇ ਤਾਂ ਪਹਿਲਾਂ ਤੋਂ ਹੀ ਤਾਇਨਾਤ ਪੁਲਿਸ ਦਸਤਿਆਂ ਨੇ ਉਨ੍ਹਾਂ ਨੂੰ ਕੋਠੀ ਵੱਲ ਜਾਣ ਤੋਂ ਰੋਕ ਦਿੱਤਾ। ਦੂਜੇ ਪਾਸੇ ਇਨ੍ਹਾਂ ਅਕਾਲੀਆਂ ਨਾਲ ਦੋ-ਦੋ ਹੱਥ ਹੋਣ ਲਈ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਕਰਨ ਦੇ ਲਈ ਕਾਂਗਰਸੀ ਵੀ ਅਕਾਲੀ ਦੇ ਆਹਮਣੇ ਸਾਹਮਣੇ ਆ ਗਏ, ਪਰ ਪੁਲਿਸ ਅਧਿਕਾਰਿਆਂ ਦੀ ਸੂਝ-ਬੂਝ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਚਲਦੇ ਇਹ ਰੋਸ਼ ਪ੍ਰਦਰਸ਼ਨ ਅਮਨ ਸ਼ਾਂਤੀ ਨਾਲ ਸਮਾਪਤ ਹੋ ਗਿਆ। ਸਾਬਕਾ ਮੰਤਰੀ ਸ. ਸੇਵਾ ਸਿੰਘ ਸੇਖਵਾਂ ਨੇ ਸਥਾਨਿਕ ਮਾਰਕੀਟ ਕਮੇਟੀ ਤੋਂ ਆਪਣੇ ਸੈਂਕੜੇ ਸਮਰਥਕਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਰੋਸ ਮਾਰਚ ਕੱਢਿਆ। ਸਥਾਨਿਕ ਬੱਸ ਅੱਡੇ ਤੋਂ ਗੁਜ਼ਰਦਾ ਹੋਇਆ ਜਦੋਂ ਇਹ ਮਾਰਚ ਪ੍ਰਭਾਕਰ ਚੌਕ ਪਹੁੰਚਿਆ ਤਾਂ ਇੱਥੇ ਸ. ਸੇਵਾ ਸਿੰਘ ਸੇਖਵਾਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭੋਲਾ ਜਿਸ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਉਸ ਦੇ ਸੰਬੰਧ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨਾਲ ਹਨ। ਜਦੋਂ ਇੱਕ ਵਾਰ ਪੁਲਿਸ ਨੇ ਇਸ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਉਦੋਂ ਸ. ਪ੍ਰਤਾਪ ਸਿੰਘ ਬਾਜਵਾ ਨੇ ਭੋਲਾ ਨੂੰ ਰਿਹਾ ਕਰਵਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਤਾਂ ਉਸ ਦੀ ਪਾਰਟੀ ਹੀ ਨਹੀਂ ਮੰਨ ਰਹੀ। ਸੇਖਵਾਂ ਨੇ ਕਿਹਾ ਕਿ ਬਾਜਵਾ ਪਰਿਵਾਰ ਸ਼ੁਰੂ ਤੋਂ ਹੀ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪ੍ਰਤਾਪ ਸਿੰਘ ਬਾਜਵਾ ਦੇ ਪਿਤਾ ਸਵਰਗੀ ਸਤਨਾਮ ਸਿੰਘ ਬਾਜਵਾ ਦੇ ਸਮੇਂ ਤੋਂ ਹੀ ਇਹ ਪਰਿਵਾਰ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਬਹਾ ਰਿਹਾ ਹੈ। ਦੋਵੇਂ ਭਰਾ ਪ੍ਰਤਾਪ ਸਿੰਘ ਬਾਜਵਾ ਅਤੇ ਫ਼ਤੇਹ ਜੰਗ ਸਿੰਘ ਬਾਜਵਾ ਸ੍ਰੀ ਹਰਗੋਬਿੰਦਪੁਰ ਅਤੇ ਕਾਦੀਆਂ ਹਲਕੇ ਵਿੱਚ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੇ ਹੋਏ ਹਨ, ਇਨ੍ਹਾਂ ਦੇ ਭੋਲੇ ਨਾਲ ਗਹਿਰੇ ਸੰਬੰਧ ਹਨ। ਇਸ ਤੋਂ ਬਾਅਦ ਜਦੋਂ ਇਹ ਰੋਸ਼ ਮਾਰਚ ਰੇਲਵੇ ਰੋਡ ਪ੍ਰਤਾਪ ਸਿੰਘ ਬਾਜਵਾ ਦੀ ਕੋਠੀ ਕੋਲ ਪਹੁੰਚਿਆ ਤਾਂ ਪੁਲਿਸ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਪ੍ਰਤਾਪ ਬਾਜਵਾ ਦੀ ਕੋਠੀ ਤੋਂ 100 ਮੀਟਰ ਦੀ ਦੂਰੀ ’ਤੇ ਹੀ ਰੋਕ ਲਿਆ। ਪੁਲਿਸ ਨੇ ਬਾਜਵਾ ਦੀ ਕੋਠੀ ਨੂੰ ਜਾਣ ਵਾਲੀ ਸੜਕ ’ਤੇ ਰੁਕਾਵਟਾਂ ਖੜ੍ਹੀਆਂ ਕਰਕੇ ਸੜਕ ਸੀਲ ਕਰ ਦਿੱਤੀ। ਦੂਜੇ ਪਾਸੇ ਇਸ ਰੋਸ ਪ੍ਰਦਰਸ਼ਨ ਨੂੰ ਨਿਪਟਣ ਲਈ ਕਾਂਗਰਸੀ ਵਰਕਰ ਵੀ ਪੰਜਾਬ ਪ੍ਰਦੇਸ਼ ਕਾਂਗਰਸ ਆਈ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਅਤੇ ਕਾਂਗਰਸ ਦੇ ਜਨਰਲ ਸਕੱਤਰ ਫ਼ਤੇਹ ਜੰਗ ਸਿੰਘ ਬਾਜਵਾ ਦੀ ਅਗਵਾਈ ਹੇਠ ਅਕਾਲੀਆਂ ਦੇ ਸਾਹਮਣੇ ਆ ਗਏ। ਪੁਲਿਸ ਨੇ ਇਨ੍ਹਾਂ ਦੇ ਅੱਗੇ ਵੀ ਰੁਕਾਵਟਾਂ ਖੜ੍ਹੀਆਂ ਕਰਕੇ ਇਨ੍ਹਾਂ ਨੂੰ ਅਕਾਲੀਆਂ ਵੱਲ ਵੱਧਣ ਤੋਂ ਰੋਕ ਦਿੱਤਾ। ਇੱਥੇ ਜੰਮ ਕੇ ਦੋਵੇਂ ਪਾਰਟੀਆਂ ਦੀ ਇੱਕ ਦੂਜੇ ਵਿਰੁੱਧ ਨਾਅਰੇਬਾਜੀ ਕੀਤੀ। ਅਕਾਲੀਆਂ ਨੇ ਪ੍ਰਤਾਪ ਸਿੰਘ ਬਾਜਵਾ ਦਾ ਪੁਤਲਾ ਫੂਕ ਕੇ ਆਪਣਾ ਗੁੱਸਾ ਪ੍ਰਗਟ ਕੀਤਾ, ਜਦ ਕਿ ਫ਼ਤੇਹਜੰਗ ਸਿੰਘ ਬਾਜਵਾ ਅਕਾਲੀਆਂ ਨੂੰ ਸਾਹਮਣੇ ਆ ਕੇ ਮੁਕਾਬਲਾ ਕਰਨ ਦੇ ਲਈ ਲਲਕਾਰਦੇ ਰਹੇ। ਇਸ ਮੌਕੇ ’ਤੇ ਫ਼ਤੇਹ ਜੰਗ ਸਿੰਘ ਬਾਜਵਾ, ਬਲਦੀਸ਼ ਸਿੰਘ ਤੁਰ ਅਤੇ ਕਾਂਗਰਸ ਯੂਥ ਪ੍ਰਧਾਨ ਡਿੰਪਲ ਨੇ ਆਪਣੇ ਸਮਰਥਕਾਂ ਨਾਲ ਸ. ਸੁਖਬੀਰ ਸਿੰਘ ਬਾਦਲ ਅਤੇ ਸ. ਬਿਕਰਮ ਸਿੰਘ ਮਜੀਠੀਆ ਦਾ ਪੁਤਲਾ ਫ਼ੂਕਿਆ। ਇਸ ਮੌਕੇ ’ਤੇ ਕੁਝ ਅਕਾਲੀ ਵਰਕਰਾਂ ਨੇ ਰੁਕਾਵਟਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਧਿਕਾਰੀ ਰਾਜੇਸ਼ ਕੱਕੜ ਅਤੇ ਵਿਕਰਮ ਚੌਧਰੀ ਨੇ ਇਨ੍ਹਾਂ ਨੂੰ ਅਗੇ ਵਧਣ ਤੋਂ ਰੋਕ ਦਿੱਤਾ। ਅਕਾਲੀ ਦਲ (ਬਾਦਲ) ਵਿੱਚ ਅੱਜ ਦੇ ਰੋਸ਼ ਮਾਰਚ ਵਿੱਚ ਏਕਤਾ ਵੇਖਣ ਨੂੰ ਮਿਲੀ। ਅਕਾਲੀ ਨੇਤਾ ਜਰਨੈਲ ਸਿੰਘ ਮਾਹਲ, ਐ¤ਸ.ਜੀ.ਪੀ.ਸੀ. ਮੈਂਬਰ ਗੁਰਿੰਦਰ ਪਾਲ ਸਿੰਘ ਗੋਰਾ, ਜਗਰੂਪ ਸਿੰਘ ਸੇਖਵਾਂ, ਭਾਜਪਾ ਪ੍ਰਧਾਨ ਕਮਲ ਜਯੋਤੀ, ਨਰਿੰਦਰ ਸਿੰਘ ਸੇਖਵਾਂ, ਕਰਨੈਲ ਸਿੰਘ ਤਤਲਾ, ਮਲਕੀਅਤ ਸਿੰਘ ਉਰਫ਼ ਕਾਕੀ, ਸੋਹਨ ਸਿੰਘ ਨੈਨੋਕੋਟ, ਜਸਬੀਰ ਸਿੰਘ ਮਠੋਲਾ, ਗਿਨੀ ਭਾਟੀਆ, ਚਰਨਦਾਸ ਭਾਟੀਆ, ਕਰਨਲ ਅਵਤਾਰ ਸਿੰਘ ਖੈਹਰਾ, ਜਥੇਦਾਰ ਗੁਰਬਚਨ ਸਿੰਘ, ਡਾਕਟਰ ਧਰਮ ਸੋਤ, ਗੁਰਸ਼ਰਨ ਸਿੰਘ ਮਾਹਲ, ਅਮਰ ਇਕਬਾਲ ਸਿੰਘ ਸਾਭਾ, ਸ਼ਿਵ ਸੇਨਾ ਹਿੰਦੁਸਤਾਨ ਦਾ ਜ਼ਿਲਾ ਪ੍ਰਧਾਨ ਰਮਨ ਮਹਾਜਨ, ਗੁਰਦਿਆਲ ਸਿੰਘ, ਜਥੇਦਾਰ ਰਤਨ ਸਿੰਘ, ਸਤਨਾਮ ਸਿੰਘ ਸੂਚ, ਪਰਮਜੀਤ ਸਿੰਘ ਸੋਹਲ, ਬਲਵਿੰਦਰ ਸਿੰਘ ਸੋਹਲ, ਹੈਪੀ ਭਾਟੀਆ ਅਤੇ ਗੁਲੂ ਸਰਪੰਚ ਸ਼ਾਮਿਲ ਸਨ।

Send this to a friend