ਮਾਛੀਵਾੜਾ ਸਾਹਿਬ 15 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਪਾਕਿਸਤਾਨ ਪੰਜਾਬ ਦੇ ਨੂਰਾਵਾਲ ਜ਼ਿਲ੍ਹੇ ਤੋਂ ਐਮ.ਪੀ.ਏ. ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਗੰਭੀਰ ਹੈ ਤਾਂ ਜੋ ਚੜ੍ਹਦੇ ਪੰਜਾਬ ਦੇ ਲੋਕ ਆਪਣੇ ਗੁਰੂਆਂ ਦੀ ਧਰਤੀ ਦੇ ਦਰਸ਼ਨ ਕਰ ਸਕਣ ਇਸ ਲਈ ਭਾਰਤ ਤੇ ਪੰਜਾਬ ਸਰਕਾਰ ਵੀ ਗੰਭੀਰਤਾ ਨਾਲ ਕਦਮ ਉਠਾਵੇ ਇਹ ਤਾਂ ਹੀ ਸੰਭਵ ਹੋ ਸਕੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪਾਕਿਸਤਾਨ ਤੋਂ ਐਮ.ਪੀ.ਏ. ਰਮੇਸ਼ ਸਿੰਘ ਅਰੋੜਾ ਜੋ ਕਿ ਹਲਕਾ ਕੂੰਮ ਕਲਾਂ ਦੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਨਾਲ ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਸਨ। ਪਾਕਿਸਤਾਨ ਸਿੱਖ ਆਗੂ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਸਿੱਖੀ ਦਾ ਮੁੱਢ ਪਾਕਿਸਤਾਨ ਦਾ ਲਹਿੰਦਾ ਪੰਜਾਬ ਹੈ ਤੇ ਜੇਕਰ ਦੋਵੇਂ ਹੀ ਦੇਸ਼ਾਂ ਦੇ ਸਿੱਖ ਸੌਖੀ ਵੀਜਾ ਪ੍ਰਣਾਲੀ ਰਾਹੀਂ ਆ ਸਕਣਗੇ ਇਸ ਨਾਲ ਜਿੱਥੇ ਭਾਈਚਾਰਕ ਸਾਂਝ ਵਧੇਗੀ ਉਥੇ ਵਪਾਰ ਅਤੇ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ। ਉਨ੍ਹਾਂ ਦੱਸਿਆ ਕਿ ਉਹ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਦੇ ਯਤਨਾਂ ਸਦਕਾ ਭਾਰਤ ਪੰਜਾਬ ਵਿਖੇ ਹੋ ਰਹੇ ਐਨ.ਆਰ.ਆਈ. ਸੰਮੇਲਨ ਵਿਚ ਸ਼ਮੂਲੀਅਤ ਕਰਨ ਲਈ ਆਏ ਸਨ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਕੂੜਾ ਕਰਕਟ ਤੋਂ ਬਿਜਲੀ ਉਤਪਾਦਨ ਕਰਨ ਦੀ ਤਕਨੀਕ ਅਪਣਾਈ ਹੈ ਉਸ ਤਕਨੀਕ ਨੂੰ ਅਪਣਾ ਕੇ ਉਹ ਪਾਕਿਸਤਾਨ ਵਿਚ ਵੀ ਬਿਜਲੀ ਦੀ ਭਾਰੀ ਕਿੱਲਤ ਨੂੰ ਦੂਰ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਜੋ ਖੇਤੀਬਾੜੀ ਲਈ ਨਵੀਆਂ ਤਕਨੀਕਾਂ ਅਤੇ ਸਨਅਤਾਂ ਲਗਾਈਆਂ ਜਾ ਰਹੀਆਂ ਹਨ ਜਿਸਤੋਂ ਉਹ ਕਾਫੀ ਪ੍ਰਭਾਵਿਤ ਹੋਏ ਹਨ ਤੇ ਉਨਾਂ ਪੰਜਾਬ ਦੇ ਨਿਵੇਸ਼ਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਪਾਕਿਸਤਾਨ ਵਿਖੇ ਆ ਕੇ ਖੇਤੀ ਸਨਅਤ ਨੂੰ ਪ੍ਰਫੁੱਲਿਤ ਕਰਨ ਲਈ ਨਿਵੇਸ਼ ਕਰਨ ਤੇ ਉਥੋਂ ਦੀ ਸਰਕਾਰ ਉਨਾਂ ਨੂੰ ਪੂਰਾ ਸਹਿਯੋਗ ਦੇਵੇਗੀ। ਉਨਾਂ ਦੱਸਿਆ ਕਿ 21, 22 ਤੇ 23 ਫਰਵਰੀ ਨੂੰ ਲਾਹੌਰ ਵਿਖੇ ਯੂਥ ਫੈਸਟੀਵਲ ਹੋ ਰਿਹਾ ਹੈ ਤੇ ਮੀਆਂ ਨਵਾਜ ਸ਼ਰੀਫ ਵੱਲੋਂ ਉਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਲਈ ਸੱਦਾ ਦਿੱਤਾ ਹੈ ਤਾਂ ਜੋ ਲਹਿੰਦਾ ਤੇ ਚੜ੍ਹਦਾ ਪੰਜਾਬ ਦੋਵੇਂ ਇੱਕਜੁੱਟ ਹੋ ਕੇ ਬੈਠਣ ਜਿਸ ਨਾਲ ਜਿੱਥੇ ਦੋਵਾਂ ਦੇਸ਼ਾਂ ਵਿਚ ਤਣਾਅ ਘਟੇਗਾ ਉਥੇ ਭਾਈਚਾਰਕ ਸਾਂਝ ਵੀ ਵਧੇਗੀ। ਉਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ 1947 ਤੋਂ ਬਾਅਦ ਪਾਕਿਸਤਾਨ ਵਿਚ ਕਿਸੇ ਸਿੱਖ ਆਗੂ ਨੂੰ ਮੁੱਖ ਮੰਤਰੀ ਮੀਆਂ ਨਵਾਜ ਸ਼ਰੀਫ ਨੇ ਨੁਮਾਇੰਦਗੀ ਦਿੱਤੀ ਹੈ ਤੇ ਉਥੇ ਵਸਦੇ ਸਾਰੇ ਸਿੱਖ ਸੁਰੱਖਿਅਤ ਹਨ ਤੇ ਪਾਕਿਸਤਾਨ ਦੇ ਸਿੱਖ ਗੁਰਧਾਮਾਂ ਦੇ ਪ੍ਰਬੰਧਕਾਂ ਵਿਚ ਵੀ ਪਾਕਿਸਤਾਨ ਸਿੱਖ ਕਮੇਟੀ ਸੁਧਾਰ ਕਰਨ ਵਿਚ ਜੁਟੀ ਹੋਈ ਹੈ। ਪਾਕਿਸਤਾਨ ਆਗੂ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਉਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਨਾਲ ਮੀਟਿੰਗ ਕੀਤੀ ਗਈ ਹੈ ਕਿ ਉਹ ਪਾਕਿਸਤਾਨ ਆਉਣ ਤੇ ਉਥੋਂ ਦੇ ਗੁਰਦਆਰਾ ਸਾਹਿਬਾਨਾਂ ਦੇ ਸੁਧਾਰ ਲਈ ਆਪਣੀ ਸਲਾਹ ਦੇਣ ਤਾਂ ਜੋ ਉਨਾਂ ਦੀ ਦਿੱਖ ਨੂੰ ਸੁੰਦਰ ਬਣਾਇਆ ਜਾ ਸਕੇ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 2022 ਵਿਚ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਸਰਕਾਰ ਵੱਲੋਂ 500 ਸਾਲਾ ਜੋਤੀ ਜੋਤ ਦਿਵਸ ਮਨਾਇਆ ਜਾ ਰਿਹਾ ਹੈ ਤੇ ਪਹਿਲੀ ਪਾਤਸ਼ਾਹੀ ਜੀ ਦੇ ਇਸ ਪਵਿੱਤਰ ਸਥਾਨ ਤੇ ਇੱਕ ਵਿਸ਼ਾਲ ਕਰਤਾਰਪੁਰ ਸਾਹਿਬ ਨਗਰ ਵਸਾਉਣ ਦੀ ਯੋਜਨਾ ਹੈ ਜਿਸ ਲਈ ਦੁਨੀਆਂ ਵਿਚੋਂ ਦੋ ਮਿਲੀਅਨ ਸਿੱਖ ਪੁੱਜਣਗੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿਚ ਉਥੋਂ ਦੀ ਸਰਕਾਰ ਸਿੱਖਾਂ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੀ ਹੈ ਤੇ ਕਦੇ ਵੀ ਭੇਦਭਾਵ ਨਹੀਂ ਕੀਤਾ ਜਾਂਦਾ, ਸਿੱਖਿਆ ਵਪਾਰ ਤੋਂ ਲੈ ਕੇ ਨੌਕਰੀ ਤੱਕ ਸਿੱਖਾਂ ਨੂੰ ਹਰ ਤਰ੍ਹਾਂ ਦੀ ਨੁਮਾਇੰਦਗੀ ਦਿੱਤੀ ਜਾਂਦੀ ਹੈ। ਇਸ ਮੌਕੇ ਸਵਾਮੀ ਸੂਰੀਆ ਪ੍ਰਤਾਪ ਵੱਲੋਂ ਪਾਕਿਸਤਾਨ ਤੋਂ ਆਏ ਸਿੱਖ ਆਗੂਆਂ ਨੂੰ ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ, ਗੁਰਦੁਆਰਾ ਚੁਬਾਰਾ ਸਾਹਿਬ, ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਤੇ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਟ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਮਾਛੀਵਾੜਾ ਦੇ ਲੋਕ ਹਮੇਸ਼ਾਂ ਅਮਨ ਪਸੰਦ ਰਹੇ ਹਨ ਅਤੇ ਪ੍ਰਹੁਣਾਚਾਰੀ ਵਿਚ ਵੀ ਸਭ ਤੋਂ ਅੱਗੇ ਰਹਿੰਦੇ ਹਨ। ਇਸ ਮੌਕੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਤੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਵੱਲੋਂ ਮਾਛੀਵਾੜਾ ਪੁੱਜਣ ਤੇ ਰਮੇਸ਼ ਸਿੰਘ ਅਰੋੜਾ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉਨਾਂ ਨੂੰ ਸਿਰੋਪਾਓ ਸਾਹਿਬ ਤੇ ਗੁਰੂ ਸਾਹਿਬ ਦਾ ਯਾਦਗਾਰੀ ਚਿੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਪਾਕਿਸਤਾਨ ਸਿੱਖ ਆਗੂ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਉਥੋਂ ਦੀ ਸਿੱਖ ਸੰਗਤ ਲਈ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉਚ ਹੈ ਤੇ ਉਥੋਂ ਜਾਰੀ ਹੋਏ ਹਰ ਹੁਕਮਨਾਮੇ ਨੂੰ ਹੀ ਸੰਗਤ ਖਿੜੇ ਮੱਥੇ ਪ੍ਰਵਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਪਾਕਿਸਤਾਨ ਵਿਚ 99.9 ਫੀਸਦੀ ਸਿੱਖ ਸੰਗਤ ਸਿੱਖੀ ਸਰੂਪ ਵਿੱਚ ਹੈ। ਪਾਕਿਸਤਾਨ ਵਿਚ ਕਰੀਬ 15000 ਵਸੋਂ ਸਿੱਖ ਸੰਗਤ ਦੀ ਹੈ ਤੇ ਸਾਰੇ ਹੀ ਜਿੱਥੇ ਸਿੱਖੀ ਵਿਚ ਪ੍ਰਪੱਕ ਹਨ ਉਥੇ ਕਦੇ ਵੀ ਆਪਣੇ ਰੋਮਾਂ ਦੀ ਬੇਅਦਬੀ ਨਹੀਂ ਕਰਦੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿਚ ਵਸਦੇ 70 ਫੀਸਦੀ ਹਿੰਦੂ ਵੀ ਗੁਰੂ ਘਰ ਪ੍ਰਤੀ ਸ਼ਰਧਾ ਰੱਖਣ ਵਾਲੇ ਹਨ।
ਇਸ ਮੌਕੇ ਉਨਾਂ ਨਾਲ ਹੋਰਨਾਂ ਤੋਂ ਇਲਾਵਾ ਸਰਕਲ ਜਥੇਦਾਰ ਹਰਜੀਤ ਸਿੰਘ ਸ਼ੇਰੀਆਂ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਜਨ. ਸਕੱਤਰ ਰੁਪਿੰਦਰ ਸਿੰਘ ਬੈਨੀਪਾਲ, ਹਰਜਤਿੰਦਰ ਸਿੰਘ ਬਾਜਵਾ, ਨਛੱਤਰ ਸਿੰਘ ਬੌਂਦਲੀ, ਜਥੇ. ਹਰਦੀਪ ਸਿੰਘ ਬਹਿਲੋਲਪੁਰ, ਹਰਦੀਪ ਸਿੰਘ ਭੱਟੀਆਂ, ਅਜੇ ਬਾਂਸਲ ਤੇ ਮੈਨੇਜਰ ਗੁਰਮੀਤ ਸਿੰਘ ਮੌਜੂਦ ਸਨ।