ਹੁਸ਼ਿਆਰਪੁਰ, 15 ਜਨਵਰੀ (ਮਹਿੰਦਰ ਸਿੰਘ ਹੀਰ)-ਪੰਜਾਬ ਸਰਕਾਰ ਵੱਲੋਂ ਕੰਨਿਆ ਭਰੂਣ ਹੱਤਿਆ ਖਿਲਾਫ਼ ਕੀਤੀ ਗਈ ਸਖਤਾਈ ਕਾਰਨ ਪਿਛਲੇ 10 ਸਾਲਾਂ ਵਿੱਚ ਲੜਕੀਆਂ ਦੀ 1000 ਲੜਕਿਆਂ ਪਿੱਛੇ 793 ਦੀ ਗਿਣਤੀ ਵਿੱਚ ਵਾਧੇ ਨਾਲ ਇਹ ਗਿਣਤੀ 893 ਤੱਕ ਪਹੁੰਚ ਚੁੱਕੀ ਹੈ ਅਤੇ ਅਗਲੇ ਤਿੰਨ ਸਾਲਾਂ ਦੌਰਾਨ ਲੜਕੇ ਅਤੇ ਲੜਕੀ ਦੀ ਜਨਸੰਖਿਆ ਇੱਕ ਸਮਾਨ ਹੋ ਜਾਵੇਗੀ। ਇਹ ਜਾਣਕਾਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਸਿਹਤ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਅੱਜ ਜੀ.ਟੀ.ਬੀ. ਕਾਲਜ ਦਸੂਹਾ ਵਿਖੇ ਲੜਕੀਆਂ ਦੇ ਰਾਜ ਪੱਧਰੀ ਲੋਹੜੀ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 1347 ਸਕੈਨਿੰਗ ਸੈਂਟਰ ਰਜਿਸਟਰਡ ਕੀਤੇ ਗਏ ਹਨ ਜਿਨ੍ਹਾਂ ਵਿੱਚ ਪੀ ਐਨ ਡੀ ਟੀ ਐਕਟ ਅਧੀਨ 59 ਸੈਂਟਰਾਂ ਦੇ ਲਾਇੰਸਸ ਕੈਂਸਲ ਕੀਤੇ ਗਏ। ਇਸ ਤੋਂ ਇਲਾਵਾ ਚੈਕਿੰਗ ਦੌਰਾਨ 654 ਸਕੈਨਿੰਗ ਸੈਂਟਰਾਂ ਵਿੱਚ ਪਾਈਆਂ ਗਈਆਂ ਗਲਤੀਆਂ ਕਾਰਨ ਉਨ੍ਹਾਂ ਨੂੰ ਵੱਖ ਵੱਖ ਸਮਿਆਂ ਲਈ ਸਸਪੈਂਡ ਕੀਤਾ ਗਿਆ ਹੈ ਅਤੇ 123 ਸਕੈਨਿੰਗ ਸੈਂਟਰਾਂ ਦੇ ਖਿਲਾਫ਼ ਵੱਖ ਵੱਖ ਅਦਾਲਤਾ ਵਿੱਚ ਕੇਸ ਚਲ ਰਹੇ ਹਨ। ਸ੍ਰੀ ਜਿਆਣੀ ਨੇ ਦੱਸਿਆ ਕਿ ਲੜਕੀਆਂ ਰਾਜਨੀਤਿਕ, ਪ੍ਰਸ਼ਾਸ਼ਨਿਕ, ਪੁਲਿਸ ਅਤੇ ਹੋਰ ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਤੋਂ ਇਲਾਵਾ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ ਅਤੇ ਉਹ ਲੜਕਿਆਂ ਨਾਲੋਂ ਵੱਧ ਜਿਮੇਵਾਰੀ ਨਾਲ ਹਰ ਕੰਮ ਨੂੰ ਕਰਦੀਆਂ ਹਨ। ਸਿੱਖਿਆ ਦੇ ਖੇਤਰ ਵਿੱਚ ਬੋਰਡਾਂ ਤੇ ਯੂਨੀਵਰਸਿਟੀ ਦੇ ਨਤੀਜਿਆਂ ਵਿੱਚ ਪਹਿਲੀਆਂ ਤੇ ਦੂਸਰੀਆਂ ਪੁਜੀਸ਼ਲਾਂ ਤੇ ਲੜਕੀਆਂ ਵੱਲੋਂ ਮੱਲ੍ਹਾਂ ਮਾਰੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਅਰਸੇ ਦੌਰਾਨ ਜੰਗਲਾਤ ਵਿਭਾਗ ਵਿੱਚ ਭਰਤੀ ਕੀਤੇ ਵਣ ਗਾਰਡਾਂ ਵਿੱਚ 280 ਲੜਕੀਆਂ ਮੈਰਿਟ ਵਿੱਚ ਆਉਣ ਕਾਰਨ ਨਿਯੁਕਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਲੜਕੀਆਂ ਸਾਡਾ ਸਨਮਾਨ ਚਿੰਨ ਅਤੇ ਇੱਜਤ ਹੈ। ਇਸ ਕਰਕੇ ਉਨ੍ਹਾਂ ਧੀਆਂ ਨੂੰ ਕੁੱਖ ਵਿੱਚ ਮਾਰਨ ਦੇ ਘੋਰ ਪਾਪ ਨੂੰ ਬੰਦ ਕਰਨ ਦਾ ਲੋਕਾਂ ਨੂੰ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਧੀਆਂ ਦੇ ਬਿਨਾਂ ਸੁਸਾਇਟੀ ਅੱਗੇ ਨਹੀਂ ਵੱਧ ਸਕਦੀ ਜੇਕਰ ਲੜਕੀਆਂ ਦੀ ਇਸੇ ਤਰ੍ਹਾਂ ਭਰੂਣ ਹੱਤਿਆਂ ਨੂੰ ਹੁੰਦੀ ਰਹੀ ਤਾਂ ਸਾਨੂੰ ਆਪਣੇ ਲੜਕੇ ਵਿਆਉਣ ਲਈ ਲੜਕੀਆਂ ਨਹੀਂ ਮਿਲਣਗੀਆਂ। ਉਨ੍ਹਾਂ ਇਸ ਮੌਕੇ ਜੀ ਟੀ ਬੀ ਕਾਲਜ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਤੇ ਉਨ੍ਹਾਂ ਨੇ ਲੜਕੀਆਂ ਦੀ ਵੱਧ ਗਿਣਤੀ ਵਾਲੇ ਜ਼ਿਲ੍ਹੇ ਦੀਆਂ 7 ਪਿੰਡਾਂ ਦੀਆਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਵਿੱਚ ਲੜਕੀਆਂ ਦੀ ਗਿਣਤੀ ਵਿੱਚ ਪਿਛਲੇ ਸਮੇਂ ਦੌਰਾਨ ਵਾਧਾ ਹੋਇਆ ਹੈ ਅਤੇ ਇਸੇ ਤਰਾਂ ਉਨ੍ਹਾਂ ਦਸੂਹਾ ਸਬਡਵੀਜ਼ਨ ਨਾਲ ਸਬੰਧਤ 0 ਤੋਂ 6 ਮਹੀਨੇ ਦੀਆਂ 51 ਨਵਜੰਮੀਆਂ ਬੱਚੀਆਂ ਨੂੰ ਰਾਜ ਪੱਧਰੀ ਲੋਹੜੀ ਦੌਰਾਨ ਤੋਹਫੇ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਤੇ ਭਰੂਣ ਹੱਤਿਆਂ ਸਬੰਧੀ ਜਾਗਰੂਕਤਾ, ਖੂਨਦਾਨ, ਅੱਖਾਂ ਦੇ ਕੈਂਪ ਲਗਾਉਣ ਅਤੇ ਹੋਰ ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਜ਼ਿਲ੍ਹੇ ਦੀਆਂ 14 ਸਮਾਜ ਸੇਵੀ ਸੰਸਥਾਵਾਂ ਅਤੇ ਉਘੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਲੋਹੜੀ ਬਾਲਣ ਦੀ ਰਸਮ ਵੀ ਅਦਾ ਕੀਤੀ। ਇਸ ਮੌਕੇ ਤੇ ਹਲਕਾ ਵਿਧਾਇਕ ਸੁਖਜੀਤ ਕੌਰ ਸਾਹੀ ਨੇ ਕਿਹਾ ਕਿ ਧੀਆਂ ਮਾਪਿਆਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੀਆਂ ਹਨ ਅਤੇ ਪੁੱਤਰਾਂ ਨਾਲੋਂ ਵੀ ਵੱਧ ਪਿਆਰ ਤੇ ਸਤਿਕਾਰ ਦਿੰਦੀਆਂ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਲੜਕੀਆਂ ਨੂੰ ਲੜਕਿਆਂ ਦੇ ਸਮਾਨ ਪਾਲਣ ਪੋਸ਼ਣ ਅਤੇ ਸਿੱਖਿਆ ਦੇ ਸਮਾਨ ਮੌਕੇ ਦੇਣ ਤਾਂ ਜੋ ਹਰ ਖੇਤਰ ਵਿੱਚ ਅੱਗੇ ਵੱਧ ਸਕਣ। ਉਨ੍ਹਾਂ ਜੀ ਟੀ ਬੀ ਕਾਲਜ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਤੇ ਜਗਪਾਲ ਸਿੰਘ ਸਿੱਧੁ ਪ੍ਰਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਲੜਕੀਆਂ ਨੂੰ ਅੱਗੇ ਵੱਧਣ ਲਈ ਸਿੱਖਿਆ ਦੇ ਸਮਾਨ ਮੌਕੇ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਸ੍ਰੀਮਤੀ ਤਨੂ ਕਸ਼ਅਪ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਪ੍ਰਸ਼ਾਸ਼ਨ ਵੱਲੋਂ ਪੀ ਐਨ ਡੀ ਟੀ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਿਸ ਨਾਲ ਬਹੁਤ ਸਾਰੇ ਪਿੰਡਾਂ ਵਿੱਚ ਲੜਕੀਆਂ ਦੀ ਗਿਣਤੀ ਵਿੱਚ ਵਾਧਾ ਹੋਣਾ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ਤੇ ਸੁਰਜੀਤ ਸਿੰਘ ਸਿਵਲ ਸਰਜਨ ਹੁਸ਼ਿਆਰਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨਕਮ ਟੈਕਸ ਦੇ ਘੇਰੇ ਤੋਂ ਬਾਹਰ ਵਾਲੇ ਪ੍ਰੀਵਾਰਾਂ ਦੇ 0 ਤੋਂ 5 ਸਾਲ ਦੀਆਂ ਲੜਕੀਆਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਹਰਬੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਵਨੀਤ ਕੁਮਾਰ ਸਹਾਇਕ ਕਮਿਸ਼ਨਰ, ਬਰਜਿੰਦਰ ਸਿੰਘ ਐਸ ਡੀ ਐਮ ਦਸੂਹਾ, ਸੁਮਨਦੀਪ ਕੌਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਜਵਾਹਰ ਲਾਲ ਖੁਰਾਨਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਬੀਬੀ ਸੁਖਦੇਵ ਕੌਰ ਸੱਲਾਂ ਚੇਅਰਪਰਸਨ ਬਲਾਕ ਸੰਮਤੀ ਟਾਂਡਾ, ਗੁਰਪ੍ਰੀਤ ਸਿੰਘ ਬਿੱਕਾ ਚੀਮਾ ਅਤੇ ਹੋਰ ਪਤਵੰਤੇ ਹਾਜਰ ਸਨ।