May 24, 2026 9:40 am

ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦਾਇਰਾ ਵਧਾ ਕੇ ਪਾਕਿਸਤਾਨ ਸਮੇਤ ਹੋਰ ਮੁਲਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ

ਕੈਪਟਨ ਅਮਰਿੰਦਰ ਸਿੰਘ ਨੇ ਫੈਸਟੀਵਲ ਦੇ ਪ੍ਰਬੰਧਕਾਂ ਨੂੰ ਦਿੱਤੀ ਸਲਾਹ

ਚੰਡੀਗੜ੍ਹ, 15 ਦਸੰਬਰ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪਹਿਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਸਮਾਪਤੀ ਦਾ ਐਲਾਨ ਕਰਦਿਆਂ ਪਾਕਿਸਤਾਨ ਸਮੇਤ ਬਾਕੀ ਮੁਲਕਾਂ ਦੇ ਲੇਖਕਾਂ ਅਤੇ ਸੈਨਿਕਾਂ ਦੀ ਸ਼ਮੂਲੀਅਤ ਰਾਹੀਂ ਇਸ ਦਾ ਦਾਇਰਾ ਹੋਰ ਵਿਸ਼ਾਲ ਕਰਨ ਦਾ ਸੱਦਾ ਦਿੱਤਾ। ਚੋਣਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਬਹੁਤ ਦਿਲਚਸਪ ਹੋਵੇਗਾ ਜਦੋਂ ਇਕ ਨਵੇਂ ਮਾਹੌਲ ਵਿੱਚ 1965 ਦੇ ਜੰਗ ਦੇ ਭਾਰਤ-ਪਾਕਿ ਦੇ ਫੌਜੀ ਆਹਮੋ-ਸਾਹਮਣੇ ਹੋ ਕੇ ਆਪੋ-ਆਪਣੇ ਤਜਰਬੇ ਸਾਂਝੇ ਕਰਨਗੇ। ਮੁੱਖ ਮੰਤਰੀ ਨੇ ਇਸ ਫੈਸਟੀਵਲ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੀ ਟੀਮ ਦੇ ਸਿਖਰਲੇ ਮੈਂਬਰਾਂ ਨੂੰ ਰਾਤਰੀ ਭੋਜ ’ਤੇ ਸੱਦਿਆ ਸੀ। ਇਸ ਮੌਕੇ ਉਨ੍ਹਾਂ ਨੇ ਹਰੇਕ ਟੀਮ ਮੈਂਬਰ ਨੂੰ ਇਕ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ। ਇਸ ਫੈਸਟੀਵਲ ਦੇ ਸੰਕਲਪ ਤੋਂ ਲੈ ਕੇ ਅੰਤਿਮ ਪਲਾਂ ਤੱਕ ਦੇ ਸਫਰ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਹ ਸਮਾਗਮ ਆਮ ਲੋਕਾਂ ਖਾਸਕਰ ਨੌਜਵਾਨਾਂ ਵਿੱਚ ਭਾਰਤੀ ਰੱਖਿਆ ਸੈਨਾਵਾਂ ਬਾਰੇ ਜਾਗਰੂਕਤਾ ਅਤੇ ਸਮਝ ਕਾਇਮ ਕਰਨ ਲਈ ਢੁਕਵਾਂ ਮੰਚ ਸਿੱਧ ਹੋਵੇਗਾ।
ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਇਸ ਸਮਾਗਮ ਨੂੰ ਹੋਰ ਵੱਡੇ ਪੱਧਰ ’ਤੇ ਕਰਵਾਉਣ ਲਈ ਪੂਰਾ ਸਹਿਯੋਗ ਦੇਵੇਗੀ। ਸਰਗਰਮ ਸਹਿਯੋਗ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਟੀ.ਐਸ. ਸ਼ੇਰਗਿੱਲ ਨੇ ਆਖਿਆ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਸੁਸਾਇਟੀ ਨੂੰ ਸਥਾਈ ਬਾਡੀ ਵਜੋਂ ਕਾਇਮ ਕੀਤਾ ਗਿਆ ਹੈ ਜੋ ਇਸ ਖੇਤਰ ਵਿੱਚ ਵਿਚਾਰਾਂ ਅਤੇ ਤਜਰਬਿਆਂ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਤ ਕਰਨ ਲਈ ਆਪਣੀਆਂ ਵੱਖ-ਵੱਖ ਸਰਗਰਮੀਆਂ ਜਾਰੀ ਰੱਖੇਗੀ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਜੋ ਪ੍ਰਬੰਧਕੀ ਕਮੇਟੀ ਦੇ ਮੁੱਖ ਮੈਂਬਰ ਸਨ, ਵੀ ਸ਼ਾਮਲ ਹੋਈਆਂ ਸ਼ਖਸੀਅਤਾਂ ਵਿੱਚ ਹਾਜ਼ਰ ਸਨ।

Send this to a friend