ਪਾਰਟੀ 1,20000 ਵਲੰਟੀਅਰਾਂ ਦਾ ‘ਲੋਕਰਾਜ ਸ਼ਕਤੀ ਦਲ’ ਸਥਾਪਤ ਕਰੇਗਾ
ਚੰਡੀਗੜ੍ਹ, 10 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਜ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਸੂਬੇ ਦੇ ਲੋਕਾਂ ਨੂੰ ਲੋਕਤੰਤਰੀ ਅਧਿਕਾਰ ਦੇਣ ਤੋਂ ਮੁਨਕਰ ਹੋਈ ਪੰਜਾਬ ਦੀ ਨਿਕੰਮੀ ਅਤੇ ਅਤਿਆਚਾਰੀ ਸਰਕਾਰ ਦੀ ਚੁਣੌਤੀ ਨੂੰ ਸਵੀਕਾਰ ਕਰਦੀ ਹੈ ਅਤੇ ਅਸੀਂ ਉਹਨਾਂ ਪਰੇਸ਼ਾਨ ਪੰਜਾਬੀਆਂ ਦੇ ਹਕ ਵਿਚ ਆਵਾਜ਼ ਉਠਾ ਰਹੇ ਹਾਂ, ਜਿਹੜੇ ਇਸ ਸਰਕਾਰ ਤੋਂ ਖੁਦ ਨੂੰ ਠਗੇ ਗਏ ਮਹਿਸੂਸ ਕਰ ਰਹੇ ਹਨ।
ਇਹ ਸਰਕਾਰ ਲੋਕਤੰਤਰੀ ਵਿਰੋਧ ਨੂੰ ਦਬਾਉਣ ਲਈ ਗੁੰਡਾਗਰਦੀ ਉਤੇ ਉਤਰ ਆਈ ਹੈ ਅਤੇ ਪੰਜਾਬੀਆਂ ਨਾਲ ਚੋਣ ਵਾਅਦਿਆਂ ਉਤੇ ਕੀਤੀ ਵਾਅਦਾ-ਖ਼ਿਲਾਫੀ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਕਾਂਗਰਸ ਸਰਕਾਰ ਨੂੰ ਲੋਕਾਂ ਅਗੇ ਜੁਆਬਦੇਹ ਬਣਾ ਕੇ ਹਟਾਂਗੇ।ਇਹ ਗਲ ਸਰਦਾਰ ਬਾਦਲ ਨੇ ਅਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਇਥੇ ਮੀਡੀਆ ਨਾਲ ਗਲਬਾਤ ਕਰਦਿਆਂ ਕਹੀ। ਉਹਨਾਂ ਕਿਹਾ ਕਿ ਮੈਂ ਇਸ ਸਰਕਾਰ ਨੂੰ ਚੁਣੌਤੀ ਦਿੰਦਾ ਹਾਂ ਕਿ ਇਹ ਬੁਜ਼ਦਿਲਾਂ ਵਾਂਗ ਆਮ ਅਕਾਲੀ ਵਰਕਰਾਂ ਉਤੇ ਅਤਿਆਚਾਰ ਢਾਹੁਣ ਦੀ ਥਾਂ ਮੈਨੂੰ ਕਿਸੇ ਵੀ ਸਮੇਂ ਅਤੇ ਕਿਸੇ ਵੀ ਜਗ੍ਹਾ ਗਿਰਫਤਾਰ ਕਰੇ।ਪਰ ਸਰਕਾਰ ਇਹਨਾਂ ਬਹਾਦਰ ਵਰਕਰਾਂ ਤੋਂ ਵੀ ਘਬਰਾਈ ਹੋਈ ਹੈ, ਜਿਹਨਾਂ ਅੰਦਰ ਟਕਸਾਲੀ ਅਕਾਲੀਆਂ ਵਾਲਾ ਜੋਸ਼ ਅਤੇ ਨਿਰਸੁਆਰਥ ਸੇਵਾ ਕਰਨ ਦਾ ਜਜ਼ਬਾ ਭਰਿਆ ਹੋਇਆ ਹੈ। ਸਾਡਾ ਇਤਿਹਾਸ ਵਿਦਰੋਹਾਂ ਨਾਲ ਭਰਿਆ ਪਿਆ ਹੈ, ਅਸੀਂ ਮੁਗਲਾਂ ਅਤੇ ਅੰਗਰੇਜ਼ਾਂ ਦਾ ਵਿਰੋਧ ਕੀਤਾ, ਸੂਬੇ ਅਤੇ ਕੇਂਦਰ ਵਿਚ ਦਮਨਕਾਰੀ ਕਾਂਗਰਸੀ ਹਕੂਮਤਾਂ ਦਾ ਵਿਰੋਧ ਕੀਤਾ। ਇਹਨਾਂ ਦਮਨਕਾਰੀਆਂ ਅਗੇ ਕੋਈ ਵੀ ਅਕਾਲੀ ਵਰਕਰ ਨਹੀਂ ਝੁਕੇਗਾ। ਪਰ ਜੇ ਕਾਂਗਰਸ ਵਿਚ ਹੌਂਸਲਾ ਹੈ ਤਾਂ ਉਹ ਇਹਨਾਂ ਆਮ ਵਰਕਰਾਂ ਦੀ ਮੇਰੇ ਅਤੇ ਮੇਰੇ ਸਾਥੀਆਂ ਨਾਲ ਲੜਾਈ ਕਰੇ।
ਅਕਾਲੀ ਦਲ ਦੇ ਧਰਨਿਆਂ ਦੌਰਾਨ ਆਮ ਮੁਸਾਫਿਰਾਂ ਨੂੰ ਹੋਈ ਤਕਲੀਫ ਅਤੇ ਅਸੁਵਿਧਾ ਬਾਰੇ ਸਰਦਾਰ ਬਾਦਲ ਨੇ ਕਿਹਾ ਕਿ ਮੈਨੂੰ ਇਸ ਦਾ ਬਹੁਤ ਦੁਖ ਹੋਇਆ ਹੈ ਅਤੇ ਮੈਂ ਦਿਲੋਂ ਉਹਨਾਂ ਸਾਰੇ ਵਿਦਿਆਰਥੀਆਂ, ਔਰਤਾਂ, ਬਚਿਆਂ ਜਾਂ ਬੀਮਾਰਾਂ ਅਤੇ ਬਜ਼ੁਰਗਾਂ ਤੋਂ ਮੁਆਫੀ ਮੰਗਦਾ ਹਾਂ, ਜਿਹਨਾਂ ਨੂੰ ਤਕਲੀਫ ਵਿਚੋਂ ਗੁਜ਼ਰਨਾ ਪਿਆ। ਪਰ ਮੈਂ ਉਹਨਾਂ ਨੂੰ ਇਹ ਗਲ ਸਮਝਣ ਦੀ ਵੀ ਬੇਨਤੀ ਕਰਦਾ ਹਾਂ ਕਿ ਇਹ ਧਰਨੇ ਅਕਾਲੀਆਂ ਵਾਸਤੇ ਨਹੀਂ ਸਨ, ਸਗੋਂ ਆਮ ਲੋਕਾਂ ਦੇ ਆਪਣੇ ਇਲਾਕਿਆਂ ਦੀ ਤਰਕੀ ਅਤੇ ਵਿਕਾਸ ਲਈ ਆਪਣੀ ਮਰਜ਼ੀ ਨਾਲ ਨਗਰ ਨਿਗਮਾਂ ਦੀ ਚੋਣ ਕਰਨ ਦੇ ਅਧਿਕਾਰਾਂ ਵਾਸਤੇ ਸਨ। ਲੋਕ ਆਪਣੀ ਮਰਜ਼ੀ ਦੇ ਨੁੰਮਾਇਦੇ ਕਿਸ ਤਰ੍ਹਾਂ ਚੁਣ ਸਕਦੇ ਹਨ, ਜੇਕਰ ਕਾਂਗਰਸੀਆਂ ਨੂੰ ਛਡ ਕੇ ਹੋਰ ਕਿਸੇ ਨੂੰ ਇਹ ਚੋਣਾਂ ਲੜਣ ਦਾ ਮੌਕਾ ਹੀ ਨਾ ਦਿਤਾ ਜਾ ਰਿਹਾ ਹੋਵੇ?
ਉਹਨਾਂ ਨੇ ਧਰਨਿਆਂ ਦੀ ਵਡੀ ਸਫਲਤਾ ਲਈ ਲੋਕਾਂ, ਪਾਰਟੀ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਬੇਸ਼ਕ ਇਹ ਧਰਨੇ ਹੰਗਾਮੀ ਤੌਰ ਤੇ ਮਹਿਜ਼ ਕੁਝ ਘੰਟਿਆਂ ਦੇ ਨੋਟਿਸ ਉਤੇ ਸਦੇ ਗਏ ਸਨ, ਪਰ ਫਿਰ ਵੀ ਲੋਕਾਂ ਨੇ ਵਡੀ ਗਿਣਤੀ ਇਕਠੇ ਹੋ ਕੇ ਸਰਕਾਰ ਨੂੰ ਇਸ ਦੀ ਕੁੰਭਕਰਨੀ ਨੀਂਦ ਵਿਚੋਂ ਜਗਾ ਦਿਤਾ। ਸਾਡੇ ਟਕਸਾਲੀ ਅਕਾਲੀ ਜੋਸ਼ ਨੇ ਸਾਨੂੰ ਇਹ ਸਭ ਕਰਨ ਦੀ ਹਿੰਮਤ ਦਿਤੀ।ਸੀਨੀਅਰ ਅਕਾਲੀ ਆਗੂਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੂੰਦੜ ਸਮੇਤ ਖੜ੍ਹੇ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇਤਿਹਾਸ ਤੋਂ ਕੋਈ ਸਬਕ ਨਹੀਂ ਸਿਖਿਆ। ਉਹ ਇਹ ਵੀ ਨਹੀਂ ਜਾਣਦੇ ਕਿ ਅਕਾਲੀ ਵਰਕਰਾਂ ਨਾਲ ਟਕਰਾਅ ਦੀ ਨੀਤੀ ਅਪਣਾ ਕੇ ਉਹ ਖੁਦ ਆਪਣੀ ਕਬਰ ਖੋਦ ਰਹੇ ਹਨ। ਚੁਣੌਤੀਆਂ ਨਾਲ ਟਕਰਾ ਕੇ ਅਸੀਂ ਦੂਣ ਸਵਾਏ ਹੁੰਦੇ ਹਾਂ। ਇਹ ਵਿਸੇਸ਼ਤਾ ਹਰ ਅਕਾਲੀ ਦੇ ਖ਼ੂਨ ਵਿਚ ਹੈ।ਇਸ ਤੋਂ ਪਹਿਲਾਂ ਕੋਰ ਕਮੇਟੀ ਦੀ ਮੀਟਿੰਗ ਵਿਚ ਇਕ ਮਤਾ ਪਾਸ ਕਰਕੇ ਪਾਰਟੀ ਪ੍ਰਧਾਨ ਨੂੰ ਧਰਨਿਆਂ ਦੀ ਕਾਮਯਾਬੀ ਅਤੇ ਘੂਕ ਸੁਤੀ ਪਈ ਢੀਠ ਅਤੇ ਬੇਈਮਾਨ ਸਰਕਾਰ ਨੂੰ ਹੁਜ ਮਾਰ ਕੇ ਜਗਾਉਣ ਲਈ ਵਧਾਈ ਦਿਤੀ ਗਈ।ਮੀਡੀਆ ਨਾਲ ਗਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਨਾਂ ਦੀ ਕੋਈ ਸ਼ੈਅ ਨਹੀਂ ਹੈ। ਸਰਦਾਰ ਬਾਦਲ ਨੇ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਚਿਤਾਵਨੀ ਦਿਤੀ , ਜਿਹਨਾਂ ਨੇ ਆਪਣੀ ਵਰਦੀ ਨੂੰ ਕਾਂਗਰਸ ਦੇ ਕਪੜਿਆਂ ਨਾਲ ਵਟਾ ਲਿਆ ਹੈ। ਮੈਂ ਇਹਨਾਂ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਉਹ ਸੁਧਰ ਜਾਣ ਅਤੇ ਕਾਨੂੰਨ ਦੇ ਮੁਤਾਬਿਕ ਕੰਮ ਕਰਨਾ ਸ਼ੁਰੂ ਕਰ ਦੇਣ , ਨਹੀਂ ਤਾਂ ਫਿਰ ਕਾਨੂੰਨ ਦੇ ਲੰਬੇ ਅਤੇ ਕਰਾਰੇ ਹਥਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਣ। ਉਹਨਾਂ ਲਈ ਠੀਕ ਰਹੇਗਾ ਕਿ ਉਹ ਆਪਣੀਆਂ ਡਿਊਟੀਆਂ ਲੋਕਾਂ ਦੇ ਸੇਵਕ ਬਣ ਕੇ ਨਿਰਪਖ ਢੰਗ ਨਾਲ ਨਿਭਾਉਣ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਹੋ ਸਕਦਾ ਹੈ ਇਹ ਸਰਕਾਰ ਬਾਕੀ ਬਚਦੇ ਚਾਰ ਸਾਲ ਵੀ ਪੂਰੇ ਨਾ ਕਰੇ। ਅਸੀਂ ਇਹਨਾਂ ਸਾਰੇ ਅਧਿਕਾਰੀਆਂ ਉਤੇ ਤਿਖੀ ਨਜ਼ਰ ਰਖ ਰਹੇ ਹਾਂ।ਸਰਦਾਰ ਬਾਦਲ ਨੇ ਰਾਜ ਭਰ ਵਿਚ ‘ਲੋਕਰਾਜ ਸ਼ਕਤੀ ਦਲ‘ (ਫੋਰਸ ਫਾਰ ਡੈਮੋਕਰੇਸੀ) ਸਥਾਪਤ ਕਰਨ ਦਾ ਐਲਾਨ ਕੀਤਾ, ਜਿਹਨਾਂ ਵਿਚ ਹਰ ਪਿੰਡ ਤੋਂ ਘਟੋ ਘਟ 10 ਵਲੰਟੀਅਰ ਲਏ ਜਾਣਗੇ। ਇਸ ਤਰ੍ਹਾਂ ਪੂਰੇ ਪੰਜਾਬ ਵਿਚ ਕੁਲ 1,20,000 ਵਰਕਰ ਹੋਣਗੇ, ਜਿਹੜੇ ਕਾਂਗਰਸੀ ਅਤੇ ਸਰਕਾਰੀ ਦਮਨ ਖਿਲ਼ਾਫ ਨਿਗਰਾਨਾਂ ਵਜੋਂ ਕੰਮ ਕਰਨਗੇ।ਸਰਦਾਰ ਬਾਦਲ ਨੇ ਕਿਹਾ ਕਿ ਉਹ ਪਾਰਟੀ ਸਾਂਸਦਾਂ ਦਾ ਇਕ ਵਫਦ ਲੈ ਕੇ ਖੁਦ ਕੌਮੀ ਮਨੁਖੀ ਅਧਿਕਾਰ ਕਮਿਸ਼ਨ ਨੂੰ ਮਿਲਣਗੇ ਅਤੇ ਉਹਨਾਂ ਨੂੰ ਪੰਜਾਬ ਵਿਚ ਕਾਨੂੰਨ ਅਤੇ ਮਨੁਖੀ ਅਧਿਕਾਰਾਂ ਦੇ ਹੋ ਰਹੇ ਘਾਣ ਤੋਂ ਜਾਣੂ ਕਰਵਾਉਣਗੇ। ਉਹਨਾਂ ਕਿਹਾ ਕਿ ਅਸੀਂ ਸਿਆਸਤਦਾਨਾਂ, ਅਧਿਕਾਰੀਆਂ ਜਾਂ ਸਰਕਾਰੀ ਅਧਿਕਾਰੀਆਂ ਖ਼ਿਲਾਫ ਉਹਨਾਂ ਦੇ ਨਾਵਾਂ ਸਮੇਤ ਸ਼ਿਕਾਇਤਾਂ ਦੇਵਾਂਗੇ ਅਤੇ ਨਾਲ ਆਡਿਓ, ਵੀਡੀਓ ਅਤੇ ਦਸਤਾਵੇਜ਼ੀ ਸਬੂਤ ਵੀ ਨਥੀ ਕਰਾਂਗੇ। ਅਸੀਂ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਾਂਗੇ।ਕੋਰ ਕਮੇਟੀ ਦੇ ਸੀਨੀਅਰ ਆਗੂਆਂ ਦਾ ਇਕ ਵਫ਼ਦ ਇਸ ਸੰਬੰਧ ‘ਚ ਸੂਬੇ ਦੇ ਰਾਜਪਾਲ ਨੂੰ ਵੀ ਮਿਲੇਗਾ।ਇਸ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਮੁਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਕੀਤੀ। ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਦੁਆਰਾ ਕਾਂਗਰਸੀ ਵਰਕਰਾਂ ਅਤੇ ਆਗੂਆਂ ਖਿਲਾਫ ਕੇਸ ਦਰਜ ਕਰਨ ਅਤੇ ਅਕਾਲੀ ਵਰਕਰਾਂ ਖਿਲਾਫ 307 ਧਾਰਾ ਹਟਾਏ ਜਾਣ ਦੀਆਂ ਕਾਰਵਾਈਆਂ ਨੇ ਅਕਾਲੀ ਦਲ ਦੇ ਧਰਨਿਆਂ ਦਾ ਸਹੀ ਸਾਬਿਤ ਕਰ ਦਿਤਾ ਹੈ।



