ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਇਲਾਕੇ ਦੇ ਲੋਕਾਂ ਨੇ ਸ਼ਹੀਦ ਨੂੰ ਦਿੱਤੀਆਂ ਸ਼ਰਧਾਂਜਲੀਆਂ
ਬਟਾਲਾ, 23 ਨਵੰਬਰ (ਗੋਰਾ ਚਾਹਲ)- ਭਾਰਤੀ ਫੌਜ ਦੇ ਜਵਾਨ ਮਨਦੀਪ ਸਿੰਘ ਜੋ ਕਿ ਬੀਤੇ ਕੱਲ੍ਹ ਕਸਮੀਰ ਦੇ ਕੇਰਨ ਸੈਕਟਰ ਵਿਚ ਅਤਵਾਦੀਆਂ ਨਾਲ ਲੋਹਾ ਲੈਂਦੇ ਸਹਾਦਤ ਦਾ ਜਾਮ ਪੀ ਗਏ ਸਨ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਅਜ ਉਸਦੇ ਪਿੰਡ ਚਾਹਲ ਖੁਰਦ ਵਿਖੇ ਕਰ ਦਿਤਾ ਗਿਆ। ਨਾਈਨ ਸਿਖ ਲਾਈ ਦੇ ਜਵਾਨ ਸਹੀਦ ਮਨਦੀਪ ਸਿੰਘ ਦੀ ਤਿਰੰਗੇ ’ਚ ਲਿਪੇਟੀ ਮ੍ਰਿਤਕ ਦੇਹ ਜਦੋਂ ਬਾਅਦ ਦੁਪਹਿਰ ਪਿੰਡ ਚਾਹਲ ਖੁਰਦ ਪੁਹੰਚੀ ਤਾਂ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਹੰਝੂਆਂ ਨਾਲ ਭਰੀਆਂ ਅਖਾਂ ਨਾਲ ਆਪਣੇ ਨਾਇਕ ਨੂੰ ਅੰਤਿਮ ਵਿਦਾਇਗੀ ਦਿਤੀ। ਇਸ ਮੌਕੇ ਪੰਜਾਬ ਸਰਕਾਰ ਵਲੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ, ਜ਼ਿਲ੍ਹਾ ਪ੍ਰਸਾਸਨ ਵਲੋਂ ਐਸ.ਡੀ.ਐਮ. ਗੁਰਦਾਸਪੁਰ ਸਕਤਰ ਸਿੰਘ ਬਲ ਅਤੇ ਬਟਾਲਾ ਦੇ ਵਿਧਾਨਕਾਰ ਲਖਬੀਰ ਸਿੰਘ ਲੋਧੀਨੰਗਲ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਰਨਲ ਅਮਰਬੀਰ ਸਿੰਘ ਚਾਹਲ, ਤਹਿਸੀਲਦਾਰ ਬਟਾਲਾ ਲਖਵਿੰਦਰ ਸਿੰਘ, ਡੀ.ਐਸ.ਪੀ. ਸੁੱਚਾ ਸਿੰਘ ਬੱਲ ਵਲੋਂ ਸਹੀਦ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸਹੀਦ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪਿਤਾ ਪ੍ਰੇਮ ਸਿੰਘ ਅਤੇ ਪੁੱਤਰ ਅੰਮ੍ਰਿਤ ਸਿੰਘ ਵਲੋਂ ਦਿਖਾਈ ਗਈ। ਸਹੀਦ ਮਨਦੀਪ ਸਿੰਘ ਜੋ ਕਿ 2004 ਵਿਚ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ, ਇਸ ਸਮੇਂ ਨਾਈਨ ਸਿਖ ਲਾਈ ਵਿਚ ਕਸਮੀਰ ਦੇ ਕੇਰਨ ਸੈਕਟਰ ਵਿਖੇ ਲਾਈਨ ਆਫ ਕੰਟਰੋਲ ’ਤੇ ਆਪਣੀ ਡਿਊਟੀ ਨਿਭਾ ਰਿਹਾ ਸੀ। ਸ਼ਹੀਦ ਆਪਣੇ ਪਿਛੇ ਪਤਨੀ ਰਾਜਵਿੰਦਰ ਕੌਰ, ਦੋ ਛੋਟੇ ਬੇਟੇ ਅੰਮ੍ਰਿਤ ਸਿੰਘ ਤੇ ਗੁਰਕੀਰਤ ਸਿੰਘ, ਪਿਤਾ ਪ੍ਰੇਮ ਸਿੰਘ, ਮਾਤਾ ਭਜਨ ਕੌਰ ਛਡ ਗਏ ਹਨ।



