ਸ਼ਿਕਾਗੋ, 8 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਵਿਚ ਠੰਢੀਆਂ ਹਵਾਵਾਂ ਅਤੇ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ 21 ਲੋਕਾਂ ਦੀ ਮੌਤ ਹੋ ਗਈ ਹੈ। ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਇਸ ਵਾਰ ਅਮਰੀਕਾ ਵਿਚ ਮੰਗਲ ਗ੍ਰਹਿ ਨਾਲੋਂ ਵੀ ਜ਼ਿਆਦਾ ਠੰਢ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਪਿਛਲੇ ਦੋ ਦਹਾਕਿਆਂ ਨਾਲੋਂ ਇਸ ਵਾਰ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ। ਕੜਾਕੇ ਦੀ ਠੰਢ ਪੈਣ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਕੂਲ ਅਤੇ ਕਾਰਖਾਨੇ ਆਦਿ ਬੰਦ ਕਰ ਦਿੱਤੇ ਗਏ ਹਨ। ਮੋਨਟਾਨਾ ਵਿੱਚ ਤਾਪਮਾਨ ਮਾਈਨਸ 52 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅਧਿਕਾਰਿਤ ਸੂਚਨਾ ਅਨੁਸਾਰ ਇਲਿਨਿਯੋਸ ਵਿੱਚ 7 ਅਤੇ ਇੰਡੀਆਨਾ ਵਿੱਚ 6 ਲੋਕਾਂ ਦੀ ਠੰਢ ਨਾਲ ਮੌਤ ਹੋ ਗਈ ਹੈ। ਵੱਖ-ਵੱਖ ਥਾਈਂ ਹੁਣ ਤੱਕ 21 ਲੋਕਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਹਨ।
ਨਿਊਯਾਰਕ ਦੇ ਗਵਰਨਰ ਐਂਡਰਿਊ ਕਿਯੁਮੋ ਨੇ ਖ਼ਰਾਬ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਠੰਢ ਪੈਣ ਕਾਰਨ ਪੱਛਮੀ ਨਿਊਯਾਰਕ ਦੇ ਕੁਝ ਹਿੱਸੇ ਬੰਦ ਕਰ ਦਿੱਤੇ ਹਨ। ਸ਼ਿਕਾਗੋ ਸਮੇਤ ਕਈ ਪ੍ਰਾਤਾਂ ਵਿੱਚ ਸਕੂਲਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਅਧਿਕਾਰਿਤ ਸੂਤਰਾਂ ਦਾ ਕਹਿਣਾ ਹੈ ਕਿ ਸ਼ਿਕਾਗੋ ਦੇ ਹਵਾਈ ਅੱਡਿਆਂ ’ਤੇ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ।