ਮੋਰਿੰਡਾ, 14 ਨਵੰਬਰ (ਹਰਜਿੰਦਰ ਸਿੰਘ ਛਿੱਬਰ)- ਪੁਲਿਸ ਥਾਣਾ ਮੋਰਿੰਡਾ ਨੂੰ ਉਸ ਸਮੇਂ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਰਾਜ ਬਚਨ ਸੰਧੂ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਦੇ ਨਿਰਦੇਸ਼ਾਂ ਤਹਿਤ ਸਬ-ਇੰਸਪੇਕਅਰ ਅਮਨਦੀਪ ਸਿੰਘ ਪੁਲਿਸ ਮੁਖੀ ਥਾਣਾ ਮੋਰਿੰਡਾ ਦੀ ਅਗਵਾਈ ਵਿੱਚ ਹੋਲਦਾਰ ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਨੂੰ ਮੋਰਿੰਡਾ ਦੇ ਇੱਕ ਕਬਾੜ੍ਹੀਏ ਪਾਸ ਚੋਰੀ ਦਾ ਸਰੀਆ ਵੇਚਣ ਲਈ ਆਉਣ ਸਮੇਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਥਾਣਾ ਮੋਰਿੰਡਾ ਦੇ ਐਸ.ਐਚ.ਓ. ਨੂੰ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਰਾਜ ਬਹਾਦਰ ਪੁੱਤਰ ਕੁੰਭ ਲਾਲ ਨਿਵਾਸੀ ਕਰਕਸਾ ਜ਼ਿਲ੍ਹਾ ਰਾਏ ਬਰੇਲੀ (ਯੂ. ਪੀ) ਹਾਲ ਨਿਵਾਸੀ ਪਿੰਡ ਦੜੂਆ (ਚੰਡੀਗੜ੍ਹ) ਅਤੇ ਹਿਰਦੇ ਰਾਮ ਪੁੱਤਰ ਤੁਲਸੀ ਰਾਮ ਨਿਵਾਸੀ ਪਿੰਡ ਕਿਸ਼ਨਗੜ੍ਹ ਥਾਣਾ ਮਨੀਮਾਜਰਾ ਅਪਣੇ ਅਪਣੇ ਟਰੱਕ ਵਿੱਚ ਇੰਡਸਟਰੀਅਲ ਏਰੀਆ ਫੇਸ-1 ਚੰਡੀਗੜ ਤੋਂ ਸਰੀਆ ਲੋਡ ਕਰਕੇ ਲੁਧਿਆਣਾ ਜਾ ਰਹੇ ਹਨ। ਉਸ ਲੋਡ ਕੀਤੇ ਸਰੀਏ ਵਿੱਚੋਂ ਸਰੀਆ ਚੋਰੀ ਕਰਕੇ ਮੋਰਿੰਡਾ ਦੇ ਇਕ ਕਬਾੜੀਏ ਨੂੰ ਵੇਚ ਰਹੇ ਹਨ। ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਨਾਕਾਬੰਦੀ ਕਰਕੇ ਇਨ੍ਹਾਂ ਦੋਨਾਂ ਟਰੱਕ ਚਾਲਕਾ ਨੂੰ ਕਾਬੂ ਕਰਕੇ ਇਨ੍ਹਾਂ ਪਾਸੋ ਚੋਰੀ ਸ਼ੁਦਾ 32 ਕੁਇੰਟਲ 60 ਕਿਲੋਗ੍ਰਾਮ ਸਰੀਆ ਅਤੇ 49 ਪੀ.ਵੀ.ਸੀ ਪਾਈਪ ਅਤੇ ਇੱਕ ਬੈਲੋਰੋ ਗੱਡੀ ਵੀ ਜ਼ਬਤ ਕੀਤੀ ਹੈ। ਪੁਲਿਸ ਥਾਣਾ ਮੋਰਿੰਡਾ ਨੇ ਉਕਤ ਵਿਅਕਤੀਆਂ ਵਿੱਰੁਧ ਧਾਰਾ 379, 411 ਅਧੀਨ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਹੋਲਦਾਰ ਕਾਂਸਟੇਬਲ ਸੀਤਾ ਰਾਮ, ਹੋਲਦਾਰ ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਬਖਸ਼ ਸਿੰਘ ਅਤੇ ਸਵਰਨ ਸਿੰਘ ਹਾਜ਼ਰ ਸਨ।
ਥਾਣਾ ਮੋਰਿੰਡਾ ਪੁਿਲਸ ਚੋਰੀ ਦਾ ਸਰੀਆ ਵੇਚਦੇ ਦੋ ਮੁਲਜ਼ਿਮ ਕਾਬੂ ਕਰਨ ’ਚ ਸਫ਼ਲ



