ਵਾਸ਼ਿੰਗਟਨ, 20 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਨੇ ਦੇਵਯਾਨੀ ਖੋਬਰਾਗੜੇ ਦੇ ਮਾਮਲੇ ਵਿਚ ਦੋਸ਼ ਵਾਪਸ ਲੈਣ ਅਤੇ ਉਨ੍ਹਾਂ ਨਾਲ ਕਥਿਤ ਦੁਰਵਿਵਹਾਰ ਨੂੰ ਲੈ ਕੇ ਮੁਆਫ਼ੀ ਮੰਗਣ ਸਬੰਧੀ ਮੰਗ ਸਵੀਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਦੇਵਯਾਨੀ ਨੂੰ ਪਿਛਲੇ ਹਫ਼ਤੇ ਨਿਊਯਾਰਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਦੇਸ਼ ਵਿਭਾਗ ਦੀ ਬੁਲਾਰਾ ਮੇਰੀ ਹਰਫ਼ ਨੇ ਕਿਹਾ ਕਿ ਦੇਵਯਾਨੀ ‘ਤੇ ਲੱਗੇ ਦੋਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ। ਅਸੀਂ ਇਨ੍ਹਾਂ ਦੋਸ਼ਾਂ ਤੋਂ ਕਿਸੇ ਵੀ ਸੂਰਤ ਵਿੱਚ ਪਿੱਛੇ ਨਹੀਂ ਹਟਾਂਗੇ। ਇਹ ਪੁੱਛੇ ਜਾਣ ‘ਤੇ ਕਿ ਕੀ ਦੇਵਯਾਨੀ ਨੂੰ ਛੱਡ ਦਿੱਤਾ ਜਾਵੇਗਾ ਅਤੇ ਅਮਰੀਕੀ ਅਦਾਲਤ ਤੋਂ ਦੋਸ਼ਾਂ ਨੂੰ ਰੱਦ ਕਰਨ ਨੂੰ ਕਿਹਾ ਜਾਵੇਗਾ, ਤਾਂ ਹਰਫ਼ ਨੇ ਕਿਹਾ ਕਿ ਅਜਿਹਾ ਨਹੀਂ ਕੀਤਾ ਜਾਵੇਗ। ਦੇਵਯਾਨੀ ਖਿਲਾਫ਼ ਦੋਸ਼ਾਂ ਨੂੰ ਰੱਦ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਸ਼ਿਕਾਇਤ ਦਾ ਵੇਰਵਾ ਪਤਾ ਨਹੀਂ ਹੈ। ਹਰਫ਼ ਨੇ ਕਿਹਾ ਕਿ ਯਕੀਨੀ ਤੌਰ ‘ਤੇ ਅਸੀਂ ਅਜਿਹੇ ਦੋਸ਼ਾਂ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹਾਂ। ਕੇਸ ਚਲਾਇਆ ਜਾਵੇ ਜਾਂ ਨਹੀਂ, ਇਹ ਸਾਡਾ ਫ਼ੈਸਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਹਰ ਸਾਲ ਹਰੇਕ ਅਜਿਹੇ ਦੇਸ਼ ਨੂੰ ਜਿਥੇ ਉਸ ਦੇ ਰਾਜਦੂਤ ਹਨ, ਉਥੇ ਰਾਜਨਾਇਕ ਨੋਟ ਰਾਹੀਂ ਉਨ੍ਹਾਂ ਫਰਜ਼ਾਂ ਬਾਰੇ ਸੂਚਿਤ ਕਰਦਾ ਹੈ। ਹਰਫ਼ ਨੇ ਕਿਹਾ ਕਿ ਅਸੀਂ ਇਨ੍ਹਾਂ ਫਰਜ਼ਾਂ ਨੂੰ ਪੂਰੀ ਤਰ੍ਹਾਂ ਸਪੱਸ਼ਟ ਕਰਦੇ ਹਾਂ ਅਤੇ ਇਨ੍ਹਾਂ ਫਰਜ਼ਾਂ ਦਾ ਪਾਲਣ ਨਾ ਕੀਤੇ ਜਾਣ ਦੇ ਹਰੇਕ ਦੋਸ਼ ਨੂੰ ਅਸੀਂ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।
ਉਨ੍ਹਾਂ ਨੇ ਅਮਰੀਕੀ ਸਰਕਾਰੀ ਵਕੀਲ ਪ੍ਰੀਤ ਭਰਾੜਾ ਦੇ ਕਥਿਤ ਬਿਆਨ ਤੋਂ ਵਿਦੇਸ਼ ਮੰਤਰਾਲੇ ਨੂੰ ਵੱਖ ਕੀਤੇ ਜਾਣ ਤੋਂ ਮਨਾ ਕੀਤਾ ਹੈ। ਭਰਾੜਾ ਦੇ ਬਿਆਨ ਨੂੰ ਭਾਰਤ ਵਿਚ ਕਾਫ਼ੀ ਸਖ਼ਤ ਬਿਆਨ ਦੇ ਰੂਪ ਵਿਚ ਦੇਖਿਆ ਹੈ। ਰਾਜਨੀਤਕ ਮਾਮਲਿਆਂ ਲਈ ਵਿਦੇਸ਼ ਸੂਬਾ ਮੰਰੀ ਵੇਡੀ ਸੇਰਮਨ ਅਤੇ ਭਾਰਤ ਦੀ ਵਿਦੇਸ਼ ਸਕੱਤਰ ਸੁਜਾਤਾ ਸਿੰਘ ਵਿਚਾਲੇ ਫੋਨ ‘ਤੇ ਹੋਈ ਗੱਲਬਾਤ ਤੋਂ ਬਾਅਦ ਇਸ ਤਰ੍ਹਾਂ ਦੀ ਰਿਪੋਰਟ ਆਈ ਹੈ। ਭਾਰਤੀ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਦੇ ਬਿਆਨ ਸਬੰਧੀ ਹਰਫ਼ ਨੇ ਕਿਹਾ ਕਿ ਉਨ੍ਹਾਂ ਦੇ ਵਿਦੇਸ਼ ਮੰਤਰੀ ਜਾਨ ਕੈਰੀ ਵਿਚਾਲੇ ਕਿਸੇ ਗੱਲਬਾਤ ਦੀ ਯੋਜਨਾ ਨਹੀਂ ਸੀ ਅਤੇ ਅਜੇ ਵੀ ਅਜਿਹਾ ਕੁਝ ਨਹੀਂ ਹੈ।
ਖੁਰਸ਼ੀਦ ਨੇ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀ ਕੈਰੀ ਨਾਲ ਗੱਲਬਾਤ ਦੀ ਕੋਈ ਯੋਜਨਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਕੈਰੀ ਸਾਲ ਦੀਆਂ ਛੁੱਟੀਆਂ ਵਿਚ ਪਰਿਵਾਰ ਨਾਲ ਹਨ ਅਤੇ ਉਹ ਛੁੱਟੀਆਂ ਤੋਂ ਬਾਅਦ ਵਾਸ਼ਿੰਗਟਨ ਪਰਤਣਗੇ।