ਰੂਪਨਗਰ 23 ਅਕਤੂਬਰ – ਸ੍ਰੀ ਵਰਿੰਦਰ ਕੁਮਾਰ ਮੀਨਾ ਆਈ.ਏ.ਐਸ. ਕਮਿਸ਼ਨਰ ਰੂਪਨਗਰ ਮੰਡਲ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਜ਼ਿਲ੍ਹਾ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕਰਦੇ ਹੋਏ ਉਨਾਂ ਨਾਲ ਜਾਣ-ਪਛਾਣ ਕਰਦੇ ਹੋਏ ਦਿਸ਼ਾ ਨਿਰਦੇਸ਼ ਦਿਤੇ। ਇਸ ਮੌਕੇ ਸ਼੍ਰੀਮਤੀ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਰੂਪਨਗਰ, ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ ਰੂਪਨਗਰ, ਸ਼੍ਰੀ ਰਾਕੇਸ਼ ਕੁਮਾਰ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ, ਮੈਡਮ ਰੂਹੀ ਦੁਗ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਅਧਿਕਾਰੀ ਹਾਜਰ ਸਨ। ਮੀਟਿੰਗ ਦੌਰਾਨ ਸ਼੍ਰੀ ਮੀਨਾ ਨੇ ਹਦਾਇਤ ਕੀਤੀ ਜ਼ਿਲ੍ਹੇ ਵਿਚ ਪਾਰਦਰਸ਼ੀ ,ਜਿਮੇਵਾਰ ਅਤੇ ਪ੍ਰਭਾਵੀ ਪ੍ਰਸ਼ਾਸ਼ਨ ਦਿੱਤਾ ਜਾਵੇ ਅਤੇ ਇਸ ਵਿਚ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਵਖ ਵਖ ਅਧਿਕਾਰੀਆਂ ਪਾਸੋਂ ਜ਼ਿਲ੍ਹੇ ਵਿਚ ਚਲ ਰਹੀਆਂ ਵਿਕਾਸ ਸਕੀਮਾਂ ਬਾਰੇ ਬਰੀਕੀ ਨਾਲ ਜਾਣਕਾਰੀ ਲਈ।ਉਨਾਂ ਇਹ ਵੀ ਜਾਣਕਾਰੀ ਪ੍ਰਾਪਤ ਕੀਤੀ ਕਿ ਜ਼ਿਲ੍ਹੇ ਵਿਚ ਹੋਰ ਵਿਕਾਸ ਦੇ ਕਿਹੜੇ ਕਿਹੜੇ ਕੰਮ ਸ਼ੁਰੂ ਕੀਤੇ ਜਾ ਸਕਦੇ ਹਨ ਜਿਸ ਨਾਲ ਕਿ ਆਮ ਲੋਕਾਂ ਨੂੰ ਦਰਪੇਸ਼ ਮੁ਼ਸਕਲਾਂ ਹੱਲ ਹੋ ਸਕਣ। ਉਨਾਂ ਕਿਹਾ ਕਿ ਇਸ ਜ਼ਿਲ੍ਹੇ ਦੀ ਭੂਗੌਲਿਕ ਸਥਿਤੀ ਵੱਖਰੀ ਹੋਣ ਕਾਰਨ ਬਾਕੀ ਜਿਲ੍ਹਿਆਂ ਨਾਲੋਂ ਵੱਖਰੀਆਂ ਸਮੱਸਿਆਵਾਂ ਹਨ ਜਿਸ ਦਾ ਸਮੇਂ ਸਿਰ ਹੱਲ ਕਰਨਾ ਜਰੂਰੀ ਹੈ। ਉਨਾਂ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਦੇ ਕੰਮਾਂ ਨੂੰ ਜਿਥੇ ਸਮੇ ਸਿਰ ਪੂਰਾ ਕਰਨ ਦੀ ਹਦਾਇਤ ਕੀਤੀ ਉਥੇ ਇੰਨਾਂ ਦਾ ਮਿਆਰ ਵੀ ਚੰਗਾ ਬਣਾਈ ਰੱਖਣ ਲਈ ਕਿਹਾ। ਉਨਾਂ ਕਿਹਾ ਕਿ ਵਿਕਾਸ ਦੇ ਕੰਮਾਂ ਵਿਚ ਮਿਆਰ ਨਾਲ ਕੋਈ ਸਮਝੌਤਾ ਨਾ ਕਰਦੇ ਹੋਏ ਇਹ ਕੰਮ ਪੈਰਾਮੀਟਰ ਅਤੇ ਸਰਕਾਰੀ ਹਦਾਇਤਾਂ ਅਨੁਸਾਰ ਉਚ ਪੱਧਰ ਤੇ ਮਿਆਰ ਅਨੁਸਾਰ ਮੁਕੰਮਲ ਕੀਤੇ ਜਾਣ। ਉਨਾਂ ਜਿਲ੍ਹਾ ਮੁਖੀਆਂ ਨੂੰ ਹਦਾਇਤ ਕੀਤੀ ਕਿ ਸਬੰਧਤ ਵਿਭਾਗ ਦਾ ਮੁਖੀ ਹੋਣ ਦੇ ਨਾਤੇ ਕੰਮਾਂ ਦੀ ਲਗਾਤਾਰ ਚੈਕਿੰਗ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਕਿਸੇ ਕਿਸਮ ਦੀ ਕਮੀ ਪੇਸ਼ੀ ਨਾ ਰਹੇ।ਉਨਾਂ ਕਿਹਾ ਕਿ ਕਿਸੇ ਵੀ ਸਕੀਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਲਾਭਪਾਤਰੀਆਂ ਦੀ ਸਹੀ ਸ਼ਨਾਖਤ ਕਰਦੇ ਹੋਏ ਸਕੀਮ ਨੂੰ ਜਮੀਨੀ ਪੱਧਰ ਤੇ ਲਾਗੂ ਕੀਤਾ ਜਾਵੇ ਤਾਂ ਜੋ ਸਕੀਮ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੇ। ੳਨਾਂ ਕਿਹਾ ਕਿ ਆਟਾ ਦਾਲ/ਸਕਾਲਰਸ਼ਿਪ/ਪੈਨਸ਼ਨ ਸਕੀਮਾਂ/ਸੈਨੀਟੇਸ਼ਨ ਆਦਿ ਸਕੀਮਾਂ ਵਿਚ ਲਾਭਪਾਤਰੀਆਂ ਦੀ ਸਹੀ ਸ਼ਨਾਖਤ ਕੀਤੀ ਜਾਵੇ। ਉਨਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਆਪਣੇ ਉਚ ਅਧਿਕਾਰੀਆਂ ਨਾਲ ਨਿਰੰਤਰ ਤਾਲਮੇਲ ਬਣਾਈ ਰੱਖਣ ਲਈ ਕਿਹਾ ਤਾਂ ਜੋ ਵਿਕਾਸ ਦੇ ਕੰਮਾਂ ਵਿਚ ਕਿਸੇ ਕਿਸਮ ਦੀ ਖੜੌਤ ਨਾ ਆਵੇ ਭਾਵੇਂ ਉਹ ਫੰਡਜ ਪੱਖੋ ਜਾਂ ਫਿਰ ਕਿਸੇ ਕਿਸਮ ਦੀਆਂ ਉਚ ਪੱਧਰੀ ਪ੍ਰਵਾਨਗੀਆਂ ਬਾਰੇ ਹੋਵੇ। ਉਨਾ੍ਹਂ ਜ਼ਿਲ੍ਹਾ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਦਫਤਰ ਵਿਚ ਸੁਨਣ ਲਈ ਇੱਕ ਸਮਾਂ ਨਿਸ਼ਚਿਤ ਕਰਨ ਲਈ ਵੀ ਆਖਿਆ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਵਾਰਨ ਹੋ ਸਕੇ।ਆਪਣੇ ਕੰਮਾਂ ਦੇ ਨਿਪਟਾਰੇ ਲਈ ਦਫਤਰਾਂ ਵਿਚ ਆਉਣ ਵਾਲੇ ਵਿਅਕਤੀਆਂ ਦੀ ਤਸੱਲੀ ਨਾਲ ਗੱਲ ਸੁਣਦੇ ਹੋਏ ਉਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਉਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਸਮੂਹ ਅਧਿਕਾਰੀ ਆਪਣੇ ਦਫਤਰਾਂ ਦੀ ਸਵੱਛਤਾ ਪੱਖੋਂ ਨਿਰੀਖਣ ਕਰਦੇ ਹੋਏ ਜੋ ਵੀ ਸਮਾਨ ਨਸ਼ਟ ਕਰਨ ਵਾਲਾ ਹੈ, ਨੂੰ ਨਸ਼ਟ ਕਰਨ। ਉਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਉਹ ਖੁੱਦ ਸਮੂਹ ਦਫਤਰਾਂ ਦਾ ਨਿਰੀਖਣ ਕਰਨਗੇ।ਉਨਾਂ ਸਮੂਹ ਅਧਿਕਾਰੀਆਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਫਤਰਾਂ ਵਿਚ ਹਾਜਰੀ ਯਕੀਨੀ ਬਨਾਉਣ ਲਈ ਵੀ ਕਿਹਾ ਤਾਂ ਜੋ ਦਫਤਰਾਂ ਵਿਚ ਆਪਣੇ ਕੰਮ ਕਾਰ ਲਈ ਆਉਣ ਵਾਲੇ ਵਿਅਕਤੀਆਂ ਨੂੰ ਕੋਈ ਸਮਸਿਆ ਪੇਸ਼ ਨਾ ਆਵੇ। ਉਨਾਂ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਨੂੰ ਜਨਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸ਼੍ਰੀ ਅਨੰਦਪੁਰ ਸਾਹਿਬ ਸਬ ਡਵੀਜ਼ਨ ਦੇ ਅਜਿਹੇ ਪਿੰਡਾਂ ਦੀ ਸ਼ਨਾਖਤ ਕਰਨ ਲਈ ਆਖਿਆ ਜਿਥੇ ਕਿ ਪਾਣੀ ਦੀ ਬਹੁਤ ਸਮਸਿਆ ਹੈ ਤਾਂ ਜੋ ਇੰਨਾਂ ਪਿੰਡਾਂ ਵਿਚ ਰਹਿ ਰਹੇ ਲੋਕਾਂ ਨੁੰ ਸਵੱਛ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ੳਨਾਂ ਐਸ.ਡੀ.ਐਮ. ਰੂਪਨਗਰ ਨੂੰ ਪਿੰਡ ਪਿਰਥੀਪੁਰ ਅਤੇ ਘਾਹੀਮਾਜਰਾ ਵਿਖੇ ਉਸਾਰੇ ਗਏ ਸਕੂਲਾਂ ਦਾ ਨਿਰੀਖਣ ਕਰਨ ਲਈ ਆਖਿਆ। ਉਨਾਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸ਼ਨਾਖਤ ਕੀਤੇ ਲਾਭਪਾਤਰੀਆਂ ਨੂੰ ਮਕਾਨ ਬਨਾਉਣ ਲਈ ਸਮੇ ਸਿਰ ਫੰਡਜ ਜਾਰੀ ਕਰਨ ਲਈ ਵੀ ਆਖਿਆ।ਉਨਾ੍ਹਂ ਪੇਂਡੂ ਵਿਕਾਸ ਨਾਲ ਸਬੰਧਤ ਸਕੀਮਾਂ, ਭਲਾਈ ਸਕੀਮਾਂ ਅਤੇ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਜਮੀਨੀ ਪੱਧਰ ਤੇ ਲਾਗੂ ਕਰਨ ਲਈ ਆਖਿਆ। ਉਨਾਂ ਕਿਹਾ ਕਿ 27 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਉਹ ਨੰਗਲ ਵਿਖੇ ਇਕ ਵਿਸ਼ੇਸ਼ ਮੀਟਿੰਗ ਕਰਨਗੇ ਅਤੇ ਉਥੇ ਚਲ ਰਹੀਆਂ ਵਿਕਾਸ ਸਕੀਮਾਂ ਦਾ ਉਹ ਖੁੱਦ ਸਮੇਤ ਸਬੰਧਤ ਅਧਿਕਾਰੀਆਂ ਦੇ ਨਿਰੀਖਣ ਕਰਨਗੇ। ਉਨਾਂ ਉਮੀਦ ਜਤਾਈ ਕਿ ਸਮੂਹ ਜ਼ਿਲ੍ਹਾ ਅਧਿਕਾਰੀ ਸਰਕਾਰੀ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਸੁਚਜੇ ਢੰਗ ਨਾਲ ਲਾਗੂ ਕਰਨਗੇ ਅਤੇ ਇਸ ਵਿਚ ਕਿਸੇ ਕਿਸਮ ਦੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੀ ਵਿਸ਼ਾਲ ਗੁਪਤਾ, ਸ਼੍ਰੀ ਹਰਿੰਦਰ ਸਿੰਘ , ਸ਼੍ਰੀ ਸੁਖਵਿੰਦਰ ਸਿੰਘ ਕਲਸੀ, ਸ਼੍ਰੀ ਆਰ.ਐਲ.ਸੰਧੂ, ਸ਼੍ਰੀ ਹਰਿੰਦਰ ਸਿੰਘ ਭੱਠਲ(ਸਾਰੇ ਕਾਰਜਕਾਰੀ ਇੰਜੀਨੀਅਰ), ਸ਼੍ਰੀ ਸੁਖਦੀਪ ਸਿੰਘ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ,ਸ਼੍ਰੀ ਮਤੀ ਸੰਤੋਸ਼ ਵਿਰਦੀ ਜ਼ਿਲ੍ਹਾ ਸਮਾਜਿਕ ਸੁਰਖਿਆ ਅਫਸਰ, ਸ਼੍ਰੀਮਤੀ ਅਵਤਾਰ ਕੌਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਸ਼੍ਰੀਮਤੀ ਜਸਬੀਰ ਕੌਰ ਜ਼ਿਲ੍ਹਾ ਮੰਡੀ ਅਫਸਰ, ਸ਼੍ਰੀਮਤੀ ਮੀਨਾਕਸ਼ੀ ਗੋਇਲ ਜ਼ਿਲ੍ਹਾ ਰੋਜਗਾਰ ਅਫਸਰ, ਸ਼੍ਰੀ ਦਿਨੇ਼ਸ ਕੁਮਾਰ ਜ਼ਿਲ੍ਹਾ ਸਿਖਿਆ ਅਫਸਰ , ਡਾ: ਰੀਤਾ ਸਹਾਇਕ ਸਿਵਲ ਸਰਜਨ, ਡਾ: ਕੇਸਰ ਰਾਮ ਬੰਗਾ ਮੁੱਖ ਖੇਤੀਬਾੜੀ ਅਫਸਰ, ਡਾ: ਦਰਸ਼ਨ ਪਾਲ ਸਹਾਇਕ ਡਾਇਰੈਕਟਰ ਬਾਗਬਾਨੀ ਅਤੇ ਹੋਰ ਵਖ ਵਖ ਅਧਿਕਾਰੀ ਹਾਜਰ ਸਨ।
ਆਈ.ਏ.ਐਸ. ਕਮਿਸ਼ਨਰ ਰੂਪਨਗਰ ਮੰਡਲ ਵਿਚ ਜ਼ਿਲ੍ਹਾ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ



