ਮਲਸੀਆਂ-ਲੋਹੀਆਂ ਰੋਡ ’ਤੇ ਥਿੰਦ ਪੈਲਸ ਮਲਸੀਆਂ ਨਜ਼ਦੀਕ ਵਾਪਰਿਆ ਹਾਦਸਾ
ਸ਼ਾਹਕੋਟ, 22 ਅਕਤੂਬਰ (ਸੁਰਿੰਦਰ ਸਿੰਘ ਖਾਲਸਾ)- ਮਲਸੀਆਂ-ਲੋਹੀਆ ਰੋਡ ’ਤੇ ਐਤਵਾਰ ਦੁਪਹਿਰ ਸਮੇਂ ਮੋਟਰਸਾਈਕਲ ਅਤੇ ਇਨੋਵਾ ਗੱਡੀ ਦੀ ਆਹਮੋ-ਸਾਹਮਣੀ ਜਬਰਦਸਤ ਟਕਰ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਗਦੀਪ ਸਿੰਘ ਉਰਫ ਜਗੀ ਪੁਤਰ ਨਿਰਮਲ ਸਿੰਘ ਵਾਸੀ ਮਲਸੀਆਂ (ਸ਼ਾਹਕੋਟ) ਅੱਜ ਆਪਣੇ ਬਜਾਜ ਵਿਕਰਾਂਤ ਮੋਟਰਸਾਈਕਲ ਨੰ: ਪੀ.ਬੀ.08.-ਡੀ.ਜੀ.-2892 ਤੇ ਦੁਪਹਿਰ ਕਰੀਬ 12.30 ਵਜੇ ਪਿੰਡ ਰੂਪੇਵਾਲ ਵਾਲੇ ਪਾਸਿਓ ਮਲਸੀਆਂ ਵਲ ਆ ਰਿਹਾ ਸੀ। ਜਦ ਉਹ ਮਲਸੀਆਂ ਦੇ ਬਾਹਰਵਾਰ ਮਲਸੀਆਂ-ਲੋਹੀਆਂ ਰੋਡ ’ਤੇ ਥਿੰਦ ਪੈਲਸ ਮਲਸੀਆਂ ਦੇ ਨਜ਼ਦੀਕ ਪਹੁੰਚਿਆ ਤਾਂ ਮਲਸੀਆਂ ਵੱਲੋਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਇਨੋਵਾ ਗਡੀ ਨੰ: ਪੀ.ਬੀ.13-ਏ.ਆਰ.-6359 ਅਤੇ ਮੋਟਰਸਾਈਕਲ ਦੀ ਜਬਰਦਸਤ ਟਕਰ ਹੋ ਗਈ । ਇਨੋਵਾ ਗਡੀ ’ਚ ਸਵਾਰ ਪਰਿਵਾਰ ਬੰਗਾ ਨੇੜੇ ਪਿੰਡ ਮਲੂ ਪੋਤਾ (ਨਵਾਂਸ਼ਹਿਰ) ਤੋਂ ਪਿੰਡ ਕੋਠਾ (ਲੋਹੀਆ) ਵਿਖੇ ਰਿਸ਼ਤੇਦਾਰੀ ’ਚ ਜਾ ਰਿਹਾ ਸੀ। ਇਸ ਟਕਰ ਦੌਰਾਨ ਮੋਟਰਸਾਈਕਲ ਤੇ ਇਨੋਵਾ ਗਡੀ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਜਗਦੀਪ ਸਿੰਘ ਜਗੀ ਗਡੀ ਨਾਲ ਟਕਰਾ ਕੇ ਸੜਕ ਤੇ ਬੁਰੀ ਤਰ੍ਹਾਂ ਨਾਲ ਡਿਗਾ ਤੇ ਉਸਦੇ ਸਿਰ ਅਤੇ ਸਰੀਰ ਦੇ ਬਾਕੀ ਹਿੱਸੇ ਵਿੱਚ ਗੰਭੀਰ ਸੱਟਾਂ ਲਗ ਗਈ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦਾ ਪਤਾ ਲਗਣ ਤੇ ਮਲਸੀਆਂ ਪੁਲਿਸ ਚੌਂਕੀ ਦੇ ਏ.ਐਸ.ਆਈ. ਜਸਵੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿਤੀ ਹੈ । ਜਾਂਚ ਅਧਿਕਾਰੀ ਏ.ਐਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਹਾਦਸੇ ਦੀ ਗੰਭੀਰਤਾਂ ਨਾਲ ਜਾਂਚ ਕੀਤੀ ਜਾ ਰਹੀ ਸੀ ਅਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।



