June 24, 2026 6:55 pm

ਸ਼ਾਹਬਾਜ਼ ਵੱਲੋਂ ਗੁਰਬਤ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਸਾਂਝੇ ਭਾਰਤ-ਪਾਕਿ ਯਤਨਾਂ ਦਾ ਸੱਦਾ

ਜਾਤੀ ਉਮਰਾ (ਤਰਨਤਾਰਨ), 16 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਅੱਜ ਦਾ ਦਿਨ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੀਆਂ ਮੁਹੰਮਦ ਸਾਹਬਾਜ਼ ਸ਼ਰੀਫ ਲਈ ਯਾਦਗਾਰੀ ਹੋ ਨਿਬੜਿਆ ਜਦੋਂ ਉਨ੍ਹਾਂ ਆਪਣੇ ਜੱਦੀ ਪਿੰਡ ਜਾਤੀ ਉਮਰਾ ਆ ਕੇ ਆਪਣੇ ਪੁਰਖਿਆਂ ਦੀ ਪਵਿੱਤਰ ਧਰਤੀ ਨੂੰ ਸਿਜਦਾ ਕੀਤਾ। ਅੱਜ ਜਿਉਂ ਹੀ ਮੀਆਂ ਸ਼ਰੀਫ ਦੇ ਪਰਿਵਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਆਏ ਹੈਲੀਕਾਪਟਰ ਪਿੰਡ ਦੇ ਬਾਹਰਵਾਰ ਬਣੇ ਹੈਲੀਪੈਡ ‘ਤੇ ਉਤਰੇ ਤਾਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਢੁੰਘਾ ਸਾਹ ਲਿਆ ਅਤੇ ਉਨ੍ਹਾਂ ਦੀਆਂ ਨਮ ਅੱਖੀਆਂ ਵਿੱਚੋਂ ਆਪਣੇ ਜੱਦੀ ਪਿੰਡ ਆਉਣ ਦੀ ਤਾਂਘ ਪੂਰੀ ਹੋਣ ਦੀ ਖੁਸ਼ੀ ਦਾ ਅਹਿਸਾਸ ਸਪਸ਼ਟ ਨਜ਼ਰ ਆਇਆ। ਉਨ੍ਹਾਂ ਦਾ ਪਿੰਡ ਵਿਖੇ ਪਹੁੰਚਣ ‘ਤੇ ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਜੋ ਕਿ ਉਨ੍ਹਾਂ ਦੀ ਪੰਜਾਬ ਫੇਰੀ ਲਈ ਪਿਛਲੇ ਕੁਝ ਮਹੀਲਿਆਂ ਤੋਂ ਲਗਾਤਾਰ ਸਰਗਰਮ ਸਨ ਨੇ ਕੀਤਾ ਅਤੇ ਉਨ੍ਹਾਂ ਦੇ ਦੇਖ-ਰੇਖ ਹੇਠ ਸ਼ਾਨਦਾਰ ਸਵਾਗਤ ਦੇ ਇੰਨਤਜ਼ਾਮ ਕੀਤੇ ਗਏ ਸਨ। ਮੀਆਂ ਸਰੀਫ ਨੇ ਜਦੋਂ ਹੀ ਆਪਣੇ ਪਿੰਡ ਦੀ ਧਰਤੀ ਨੂੰ ਛੋਹਿਆ ਉਹ ਆਪਣੇ ਅੱਬਾ ਅਤੇ ਦਾਦਾ ਜਾਨ ਦੀ ਗੋਦੀ ‘ਚ ਬੈਠ ਕੇ ਪਿੰਡ ਦੀ ਰੂਪ ਰੇਖਾ ਬਾਰੇ ਸੁਣੀਆਂ ਕਹਾਣੀਆਂ ਨੂੰ ਪਿੰਡ ਦੀ ਮੌਜੂਦਾ ਨੁਹਾਰ ਨਾਲ ਮਿਲਾਉਣ ਦਾ ਯਤਨ ਕਰਦੇ ਜਾਪੇ। ਉਨ੍ਹਾਂ ਆਪਣੇ ਪਿੰਡ ਦੀ ਸੁਚੱਜੀ ਸੰਭਾਲ ਲਈ ਸ. ਬਾਦਲ ਅਤੇ ਸ. ਮਜੀਠੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਦੇ ਜੱਦੀ ਘਰ ਜਿਥੇ ਕਿ ਹੁਣ ਗੁਰਦੁਆਰਾ ਕਲਗੀਧਰ ਸੁਸ਼ੋਭਿਤ ਹੈ ਵਿਖੇ ਲਿਜਾਇਆ ਗਿਆ। ਯਾਦ ਰਹੇ ਕਿ ਗੁਰਦੁਆਰਾ ਸਾਹਿਬ ਦੇ ਨਿਰਮਾਣ ਲਈ ਇਹ ਘਰ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤਾ ਗਿਆ ਸੀ। ਉਥੇ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦੇ ਅੱਬਾ ਜਾਨ ਦੇ ਕਰੀਬੀ ਦੋਸਤਾਂ ਗਿਆਨ ਸਿੰਘ ਅਤੇ ਮੱਸਾ ਸਿੰਘ ਦਾ ਗੱਚ ਭਰ ਆਇਆ ਅਤੇ ਉਨ੍ਹਾਂ ਵੱਲੋਂ ਆਪਣੇ ਦੋਸਤ ਮੁਹੰਮਤ ਸ਼ਰੀਫ ਦੇ ਇਸ ਹੋਣਹਾਰ ਪੁੱਤਰ ਲਈ ਅਸੀਸਾਂ ਦਾ ਸਿਲਸਿਲਾ ਨਿਰੰਤਰ ਜਾਰੀ ਰਿਹਾ। ਉਨ੍ਹਾਂ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ ਸ਼ਰੀਫ, ਜਵਾਈ ਹਾਰੂਨ ਯੂਸਫ ਅਜ਼ੀਜ਼ ਜੋ ਆਪੋ ਆਪਣੇ ਪਰਿਵਾਰਾਂ ਨਾਲ ਪਹੁੰਚੇ ਹੋਏ ਸਨ ਨੂੰ ਆਪਣੀ ਗਲਵੱਕੜੀ ਵਿੱਚ ਲਿਆ।
ਉਨ੍ਹਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕੀਤੀ ਕਿ ਉਹ ਪਿੰਡ ਦੇ ਬਜ਼ੁਰਗਾਂ ਗਿਆਨ ਸਿੰਘ ਅਤੇ ਮੱਸਾ ਸਿੰਘ ਸਮੇਤ ਇਕ ਵਫਦ ਪਾਕਿਸਤਾਨ ਭੇਜਣ ਅਤੇ ਵਾਅਦਾ ਕੀਤਾ ਕਿ ਉਹ ਉਨ੍ਹਾਂ ਲਈ ਵੀਜ਼ੇ ਅਤੇ ਉਨ੍ਹਾਂ ਦੀ ਮਹਿਮਾਨ ਨਮਾਜ਼ੀ ਦੀ ਮੁਕੰਮਲ ਪ੍ਰਬੰਧ ਕਰਨਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅੱਬਾ ਜਾਨ ਦੇ ਇੱਕ ਹੋਰ ਕਰੀਬੀ ਮਿੱਤਰ ਅਰਜਨ ਸਿੰਘ ਦੇ ਦੋਵੇਂ ਪੁੱਤਰ ਗਰੁਬਚਨ ਸਿੰਘ ਅਤੇ ਮੇਜਰ ਸਿੰਘ ਕਈ ਵਾਰ ਉਨ੍ਹਾਂ ਕੋਲ ਪਾਕਿਸਤਾਨ ਮਿਲਣ ਆਏ ਹਨ।
ਆਪਣੇ ਖੁਸ਼ੀ ਨਾਲ ਭਰੇ ਹੋਏ ਮਨ ਨਾਲ ਸ਼ਾਹਬਾਜ਼ ਸ਼ਰੀਫ ਜਦੋਂ ਪਿੰਡ ਵਾਸੀਆਂ ਨੂੰ ਮੁਖਾਤਿਬ ਹੋਣ ਲਈ ਉੱਠੇ ਤਾਂ ਇੱਕ ਹਜ਼ਾਰ ਤੋਂ ਵੀ ਵੱਧ ਗਿਣਤੀ ਵਿਚ ਮੌਜੂਦ ਪਿੰਡ ਵਾਸੀਆਂ ਜਿਨ੍ਹਾਂ ਉਨ੍ਹਾਂ ਦਾ ਪਿਛਲੇ ਪੰਜ ਘੰਟਿਆਂ ਤੋਂ ਬੜੀ ਸਹਿਜਤਾ ਨਾਲ ਇੰਤਜਾਰ ਕੀਤਾ ਸੀ, ਨੇ ਤਾੜੀਆਂ ਨਾਲ ਅਸਮਾਨ ਗੂੰਜਣ ਲਗਾ ਦਿੱਤਾ। ਉਨ੍ਹਾਂ ਪਿੰਡ ਦੇ ਬਜ਼ੁਰਗਾਂ ਨੂੰ ਠੇਠ ਪੰਜਾਬੀ ਭਾਸ਼ਾ ਵਿੱਚ ਸਤਿ ਸ੍ਰੀ ਅਕਾਲ ਬੁਲਾ ਕੇ ਤੁਰੰਤ ਆਪਣੇ ਦਿਲ ਦੇ ਤਾਰ ਜੋੜ ਲਏ। ਉਨ੍ਹਾਂ ਦੱਸਿਆ ਕਿ ਸੰਨ 1964 ਵਿਚ ਉਹ ਆਪਣੇ ਅੱਬਾ ਜਾਨ ਅਤੇ ਪੰਜ ਚਾਚਿਆਂ, ਤਾਇਆਂ ਨਾਲ ਪਿੰਡ ਆਏ ਸਨ ਤਾਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਮੰਜਿਆਂ ‘ਤੇ ਬਿਠਾ ਕੇ ਗਰਮਾ-ਗਰਮ ਦੁੱਧ ਪਿਲਾਇਆ, ਜਿਸ ਦੀ ਯਾਦ ਉਨ੍ਹਾਂ ਨੂੰ ਅੱਜ ਵੀ ਤਰੋ-ਤਾਜ਼ਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਇਸ ਸਿੱਖ ਬਹੁ-ਗਿਣਤੀ ਵਾਲੇ ਪਿੰਡ ਵਿੱਚ ਇਕਲੌਤਾ ਮੁਸਲਮਾਨ ਪਰਿਵਾਰ ਹੋਣ ਕਾਰਨ, ਉਨ੍ਹਾਂ ਦੇ ਅੱਬਾ ਜਾਨ ਪਿੰਡ ਵਾਸੀਆਂ ਤੋਂ ਮਿਲਦੇ ਪਿਆਰ ਪ੍ਰਤੀ ਬੇਹੱਦ ਜਜਬਾਤੀ ਸਨ। ਉਨ੍ਹਾਂ ਕਿਹਾ ਕਿ ਇਹ ਕੁਦਰਤ ਦਾ ਹੀ ਲਿਖਿਆ ਸੀ ਕਿ ਉਹ ਪਹਿਲਾਂ ਅੰਮ੍ਰਿਤਸਰ ਅਤੇ ਫਿਰ ਲਾਹੌਰ ਚਲੇ ਗਏ। ਉਨ੍ਹਾਂ ਆਪਣੇ ਪਰਿਵਾਰ ਦੀ ਇਕ ਨਿਮਾਣੇ ਕਿਸਾਨ ਪਰਿਵਾਰ ਤੋਂ ਸ਼ੁਰੂ ਹੋਏ ਸੰਘਰਸ਼ ਦੀ ਗੱਲ ਨੂੰ ਯਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਚਾਚੇ, ਤਾਏ ਇੱਕ ਹਿੰਦੁ ਵਿਅਕਤੀ ਦੀ ਫੈਕਟਰੀ ਵਿੱਚ ਮਜਦੂਰਾਂ ਵਜੋਂ ਕੰਮ ਕਰਦੇ ਰਹੇ ਅਤੇ ਫਿਰ ਆਪਣੀ ਇੱਕ ਲੋਹਾ ਮਿੱਲ ਲਗਾਈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਫੈਕਟਰੀ ਨੂੰ ਭੁੱਟੋ ਨਜ਼ਾਮ ਦੌਰਾਨ ਲੈ ਲਿਆ ਗਿਆ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਨਵੇਂ ਸਿਰਿਓਂ ਜ਼ਿੰਦਗੀ ਨੂੰ ਵਿਉਂਤਬੱਧ ਕਰਨਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਅੱਲਾ ਦੀ ਮਿਹਰ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਬੁਲੰਦੀਆਂ ਮਿਲੀਆਂ। ਉਨ੍ਹਾਂ ਦੇ ਵੱਡੇ ਭਰਾ ਤੀਸਰੀ ਵਾਰ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਅਤੇ ਉਹ ਤੀਸਰੀ ਵਾਰ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ।
ਉਨ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਅਤੇ ਸ. ਬਿਕਰਮ ਸਿੰਘ ਮਜੀਠੀਆ ਮਾਲ ਮੰਤਰੀ ਵੱਲੋਂ ਉਨ੍ਹਾਂ ਦੀ ਕੀਤੀ ਗਈ ਭਾਰੀ ਖਿਦਮਤ ਲਈ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਇਸ ਗੱਲ ਦੀ ਚਿੰਤਾ ਹੋ ਗਈ ਹੈ ਕਿ ਉਹ ਕਿਸ ਤਰ੍ਹਾਂ ਸ. ਬਾਦਲ ਦੀ ਅਗਾਮੀ ਪਾਕਿ ਯਾਤਰਾ ਸਮੇਂ ਇੰਨੀ ਸੇਵਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਸ. ਬਾਦਲ ਨੇ ਉਨ੍ਹਾਂ ਦਾ ਸੱਦਾ ਪ੍ਰਵਾਨ ਕਰ ਲਿਆ ਹੈ ਅਤੇ ਦੋਵੇਂ ਦੇਸ਼ ਆਪਣੇ ਬੀਤੇ ਵਕਤ ਨੂੰ ਭੁੱਲ ਕੇ ਗੁਰਬਤ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਰਲ ਕੇ ਹੰਭਲਾ ਮਾਰਨ ਅਤੇ ਏਸ਼ੀਆ ਦੀ ਵੱਡੀ ਸ਼ਕਤੀ ਵਜੋਂ ਉੱਭਰਣ। ਉਨ੍ਹਾਂ ਕਿਹਾ ਕਿ ਉਹ ਪਿੰਡ ਵਾਸੀਆਂ ਪ੍ਰਤੀ ਪਿਆਰ ਵਜੋਂ ਇੱਕ ਕੁਇੰਟਲ ਲੱਡੂ ਅਤੇ ਫਲ ਲੈ ਕੇ ਆਏ ਹਨ। ਪਿੰਡ ਵਾਸੀਆਂ ਨਾਲ ਸਿੱਧੀ ਧਰ ਜੋੜਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਵੰਡ ਤੋਂ ਪਹਿਲਾਂ ਹੀ ਪਾਕਿਸਤਾਨ ਚਲੇ ਗਏ ਸਨ ਅਤੇ ਉਨ੍ਹਾਂ ਦਾ ਜਨਮ ਵੀ ਪਾਕਿਸਤਾਨ ਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਖਿਆਲ ਆਇਆ ਹੈ ਕਿ ਜੇਕਰ ਉਹ ਜਾਤੀ ਉਮਰਾ ਵਿਖੇ ਹੀ ਜਨਮ ਲੈਂਦੇ ਤਾਂ ਉਹ ਇਸ ਪਿੰਡ ਦੇ ਪੁੱਤਰ ਹੋਣੇ ਸਨ ਪਰ ਉਹ ਪਾਕਿਸਤਾਨ ਵਿੱਚ ਜਨਮ ਲੈ ਕੇ ਵੀ ਜਾਤੀ ਉਮਰਾ ਦੇ ਹੀ ਪੁੱਤਰ ਹਨ।
ਮੀਆਂ ਸ਼ਾਹਬਾਜ਼ ਸ਼ਰੀਫ ਦਾ ਉਨ੍ਹਾਂ ਦੇ ਜੱਦੀ ਪਿੰਡ ਪੁਰਜੋਸ਼ ਸਵਾਗਤ ਕਰਦਿਆਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਇਤਿਹਾਸ ਦਾ ਬੇਹੱਦ ਮਹੱਤਵਪੂਰਨ ਸਮਾਂ ਹੈ। ਉਨ੍ਹਾਂ ਕਿਹਾ ਕਿ ਉਹ ਸ਼ਰੀਫ ਪਰਿਵਾਰ ਦੇ ਜਜਬਾਤਾਂ ਨੂੰ ਭਲੀਭਾਂਤੀ ਸਮਝਦੇ ਹਨ ਅਤੇ ਇਹ ਵਾਅਦਾ ਕਰਦੇ ਹਨ ਕਿ ਇਸ ਪਿੰਡ ਦੀ ਖਿਦਮਤ ਆਪਣੇ ਪਿੰਡ ਵਾਂਗ ਹੀ ਕਰਨਗੇ। ਪਿੰਡ ਲਈ ਤੋਹਫਿਆਂ ਦੀ ਬਰਸਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਪਿੰਡ ਦੇ ਸਰਵਪੱਖੀ ਵਿਕਾਸ ਲਈ 3.5 ਕਰੋੜ ਰੁਪਏ ਦੇ ਪ੍ਰੋਜੈਕਟ ਪਹਿਲਾਂ ਹੀ ਮਨਜੂਰ ਕਰ ਦਿੱਤੇ ਹਨ। ਉਨ੍ਹਾਂ ਪਿੰਡ ਦੇ ਲੋਕਾਂ ਦੀ ਹਾਈ ਸਕੂਲ ਬਣਾਉਣ ਦੀ ਮੰਗ ਨੂੰ ਤੁਰੰਤ ਪ੍ਰਵਾਨ ਕਰਦਿਆਂ ਕਿਹਾ ਕਿ ਉਹ ਜ਼ਮੀਨ ਦਾ ਪ੍ਰਬੰਧ ਕਰਨ, ਉਹ ਤੁਰੰਤ ਇੱਕ ਵਿਸ਼ਵ ਪੱਧਰੀ ਸਕੂਲ ਬਣਾਉਣਗੇ ਅਤੇ ਜਿਸ ਦਾ ਨਾਮ ਸ਼ਾਹਬਾਜ਼ ਸ਼ਰੀਫ ਦੇ ਅੱਬਾ ਜਾਨ ਸਵਰਗੀ ਮੁਹੰਮਦ ਸ਼ਰੀਫ ਦੇ ਨਾਮ ‘ਤੇ ਹੋਵੇਗਾ ਅਤੇ ਉਨ੍ਹਾਂ ਦੀ ਇਹ ਦਿਲੀ ਖਵਾਇਸ਼ ਹੈ ਕਿ ਇਸ ਸਕੂਲ ਦੇ ਮੁਕੰਮਲ ਹੋਣ ‘ਤੇ ਇਸ ਦੇ ਉਦਘਾਟਨ ਲਈ ਸ਼ਰੀਫ ਪਰਿਵਾਰ ਦਾ ਮੈਂਬਰ ਜ਼ਰੂਰ ਪਹੁੰਚੇ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਪੁਰਖਿਆਂ ਦੀ ਧਰਤੀ ਨਾਲ ਜਜਬਾਤੀ ਸਾਂਝ ਬਰਕਰਾਰ ਰੱਖਣ ਲਈ ਉਨ੍ਹਾਂ ਦੇ ਪਰਿਵਾਰ ‘ਚੋਂ ਕੋਈ ਨਾ ਕੋਈ ਮੈਂਬਰ ਹਰ ਸਾਲ ਜ਼ਰੂਰ ਪਿੰਡ ਆਵੇ।
ਇਸ ਤੋਂ ਬਾਅਦ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਧੰਨਵਾਦੀ ਸ਼ਬਦ ਬੋਲਦਿਆਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਇਸ ਪਿੰਡ ਦੀ ਵਿਸ਼ੇਸ ਦੇਖ-ਰੇਖ ਕਰੇਗੀ ਅਤੇ ਸਾਰੇ ਪ੍ਰੋਜੈਕਟਾਂ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਪਿੰਡ ਵਿੱਚ ਇੱਕ ਆਲ੍ਹਾ ਮਿਆਰੀ ਜਿਮਨੇਜੀਅਮ ਦੀ ਸਥਾਪਨਾ ਦਾ ਵੀ ਐਲਾਨ ਕੀਤਾ। ਇਸ ਮੌਕੇ ਸਵਰਗੀ ਮੁਹੰਮਦ ਸ਼ਰੀਫ ਦੇ ਕਰੀਬੀ ਮਿੱਤਰ ਮੇਜਰ ਸਿੰਘ ਦੇ ਪਰਿਵਾਰ ਨੇ ਸ਼ਾਹਬਾਜ਼ ਸ਼ਰੀਫ ਨੂੰ ਸੋਨੇ ਦਾ ਕੈਂਠਾ ਪਾ ਕੇ ਸਨਮਾਨਿਤ ਕੀਤਾ। ਪਿੰਡ ਵਾਸੀਆਂ ਨੇ ਸ਼ਰੀਫ ਪਰਿਵਾਰ ਦੇ ਮੈਂਬਰਾਂ ਲਈ ਸ਼ਾਲ ਅਤੇ ਸੋਨੇ ਦੀਆਂ ਮੁੰਦਰੀਆਂ ਸਤਿਕਾਰ ਵਜੋਂ ਭੇਂਟ ਕੀਤੀਆਂ। ਇਸ ਤੋਂ ਬਾਅਦ ਸ੍ਰੀ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਨੇ ਗੁਰਦੁਆਰਾ ਕਲਗੀਧਰ ਵਿਖੇ ਮੱਥਾ ਟੇਕਿਆ।
ਇਸ ਤੋਂ ਬਾਅਦ ਮੀਆਂ ਸ਼ਰੀਫ ਨੂੰ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਬੜੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਗਾਰਡ ਆਫ ਆਨਰ ਪੇਸ਼ ਕੀਤਾ ਗਿਆ। ਇਸ ਮੌਕੇ ਮੀਆਂ ਸ਼ਰੀਫ ਨੇ 85 ਲੱਖ ਰੁਪਏ ਦੀ ਲਾਗਤ ਨਾਲ ਬਣੀਆਂ ਦੋ ਸੰਪਰਕ ਸੜਕਾਂ ਜੋ ਜਾਤੀ ਉਮਰਾ ਨੂੰ ਤਖਤੂਚੱਕ ਅਤੇ ਕਾਜ਼ੀਵਾਲ ਪਿੰਡਾਂ ਨਾਲ ਜੋੜਦੀਆਂ ਹਨ ਦਾ ਉਦਘਾਟਨ ਕੀਤਾ ਅਤੇ ਕੁੱਲ 3.52 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਪਿੰਡ ਨੂੰ ਸਮਰਪਿਤ ਕੀਤੇ। ਇਸ ਤੋਂ ਬਾਅਦ ਮੀਆਂ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਪੜਦਾਦਾ ਮੀਆਾਂਮੁਹੰਮਦ ਬਖ਼ਸ਼ ਦੀ ਕਬਰ ‘ਤੇ ਪਹੁੰਚੇ ਅਤੇ ਉਨ੍ਹਾਂ ਦੀ ਯਾਦ ਵਿੱਚ ਉਥੇ ਇੱਕ ਚਾਦਰ ਚੜ੍ਹਾਈ।
ਇਸ ਮੌਕੇ ਪਾਕਿ ਪੰਜਾਬ ਮੁੱਖ ਮੰਤਰੀ ਨਾਲ ਆਏ ਵਫਦ ਵਿੱਚ ਪ੍ਰਮੁੱਖ ਤੌਰ ‘ਤੇ ਰਾਣਾ ਮਸੂਦ ਖਾਨ, ਸਿੱਖਿਆ ਮੰਤਰੀ, ਪਾਕਿ ਹਾਈ ਕਮਿਸ਼ਨਰ ਸ਼੍ਰੀ ਸਲਮਾਨ ਬਸ਼ੀਰ, ਉਨ੍ਹਾਂ ਦੀ ਧਰਮ ਪਤਨੀ ਤਰੰਨਮ ਬਸ਼ੀਰ, ਸਈਅਦ ਮਰਾਤਿਬ ਅਲੀ, ਵਾਈ ਚੇਅਰਮੈਨ ਪੰਜਾਬ ਇੰਨਵੈਸਟਮੈਂਟ ਤੇ ਟਰੇਡ ਬੋਰਡ, ਸ਼੍ਰੀ ਅਬਦੁੱਲ੍ਹਾ ਖਾਨ ਸੰਬਲ, ਸਕੱਤਰ ਪੰਜਾਬ ਸਰਕਾਰ, ਮੁਹੰਮਦ ਇਰਫਾਨ ਇਲਾਹੀ, ਚੇਅਰਮੈਨ ਪਲਾਨਿੰਗ ਤੇ ਡਵੈਲਪਮੈਂਟ ਬੋਰਡ, ਇਜਾਜ਼ ਮੁਨੀਰ, ਸਕੱਤਰ ਖੇਤੀਬਾੜੀ ਵਿਭਾਗ ਅਤੇ ਪ੍ਰੋ. ਡਾ. ਇਕਰਾਰ ਅਹਿਮਦ ਖਾਨ, ਵਾਈਸ ਚਾਂਸਲਰ, ਫੈਸਲਾਬਾਦ ਖੇਤੀ ਯੂਨੀਵਰਸਿਟੀ ਸ਼ਾਮਿਲ ਸਨ। ਇਸ ਮੌਕੇ ਹਲਕਾ ਵਿਧਾਇਕ ਸ੍ਰੀ ਮਨਜੀਤ ਸਿੰਘ ਮੰਨਾ ਨੇ ਸ੍ਰੀ ਸ਼ਾਹਬਾਜ਼ ਸ਼ਰੀਫ ਨੂੰ ਜੀ ਆਇਆਂ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਮੰਤਰੀ ਪੰਜਾਬ, ਪ੍ਰੋ. ਵਿਰਸਾ ਸਿੰਘ ਵਲਟੋਹਾ ਮੁੱਖ ਸੰਸਦੀ ਸਕੱਤਰ, ਸ. ਰਵਿੰਦਰ ਸਿੰਘ ਬ੍ਰਹਮਪੁਰਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਸ੍ਰੀ ਪੀ.ਐੱਸ. ਔਜਲਾ ਪ੍ਰਿੰਸੀਪਲ ਸਕੱਤਰ, ਸ. ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ, ਸ. ਰਾਜਜੀਤ ਸਿੰਘ ਹੁੰਦਲ ਐੱਸ.ਐੱਸ.ਪੀ. ਤਰਨਤਾਰਨ ਹਾਜ਼ਰ ਸਨ।

Send this to a friend