ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ।ਇੱਥੇ ਧਰਮ, ਇਤਿਹਾਸ ਅਤੇ ਮੌਸਮ ਨਾਲ ਸੰਬੰਧਿਤ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ।ਅਕਤੂਬਰ ਅਤੇ ਨਵੰਬਰ ਮਹੀਨਿਆਂ ਦੌਰਾਨ ਠੰਢ ਦੀ ਦਸਤਕ ਦੇ ਨਾਲ ਹੀ ਤਿਉਹਾਰਾਂ ਦੀਆਂ ਰੌਣਕਾਂ ਸ਼ੁਰੂ ਹੀ ਜਾਂਦੀਆਂ ਹਨ।ਇਹਨਾਂ ਹੀ ਮਹੀਨਿਆਂ ਦੌਰਾਨ ਸਮੁੱਚੇ ਉ¤ਤਰ ਭਾਰਤ ਵਿੱਚ ਮਨਾਇਆ ਜਾਂਦਾ ਹੈ ਦਿਵਾਲੀ ਦਾ ਤਿਉਹਾਰ।ਰੌਸ਼ਨੀਆਂ ਦੇ ਇਸ ਤਿਉਹਾਰ ਦਾ ਉਤਸ਼ਾਹ ਵੇਖਿਆਂ ਹੀ ਬਣਦਾ ਹੈ।ਕੀ ਪਿੰਡ ਅਤੇ ਕੀ ਸ਼ਹਿਰ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਹੀ ਹੁੰਦੀਆਂ ਹਨ।ਇਸ ਤਿਉਹਾਰ ਦੇ ਦਿਨਾਂ ਦੌਰਾਨ ਹੀ ਕਿਸਾਨਾਂ ਦੀਆਂ ਫਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ।ਸੁੱਖੀਂ ਸਾਦੀਂ ਫਸਲਾਂ ਦੀ ਆਮਦ ਅਤੇ ਦਿਵਾਲੀ ਦੀ ਆਮਦ ਦੀ ਖੁਸੀ ਮਿਲ ਕੇ ਵਿਲੱਖਣ ਨਜ਼ਾਰਾ ਪੇਸ਼ ਕਰਦੇ ਹਨ।ਸ਼ਾਇਦ ਇਸੇ ਲਈ ਇਸ ਤਿਉਹਾਰ ਮੌਕੇ ਲੱਛਮੀ ਦੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਕਿਸਾਨਾਂ ਦੇ ਨਾਲ-ਨਾਲ ਬਾਕੀ ਜਾਤੀਆਂ ਅਤੇ ਕਾਰੋਬਾਰੀ ਲੋਕਾਂ ਲਈ ਵੀ ਦੀਵਾਲੀ ਧਨ ਦੀ ਆਮਦ ਦਾ ਸ੍ਰੋਤ ਬਣਦੀ ਹੈ।ਹਲਵਾਈਆਂ ਅਤੇ ਪ੍ਰਚੂਨ ਦੁਕਾਨਦਾਰਾਂ ਤੋਂ ਲੈ ਕੇ ਮਿੱਟੀ ਦੇ ਬਰਤਨ ਬਣਾਉਣ ਵਾਲੇ ਲੋਕਾਂ ਸਮੇਤ ਕਿੰਨ੍ਹੇ ਹੀ ਹੋਰ ਵਰਗਾਂ ਦੇ ਲੋਕ ਦੀਵਾਲੀ ਮੌਕੇ ਖੂਬ ਕਮਾਈਆਂ ਕਰਦੇ ਹਨ। ਰੌਸ਼ਨੀਆਂ ਦੇ ਇਸ ਤਿਉਹਾਰ ਦਾ ਸੰਬੰਧ ਹਿੰਦੂ ਅਤੇ ਸਿੱਖਾਂ ਦੋਵਾਂ ਨਾਲ ਹੀ ਜੁੜਦਾ ਹੈ।ਇਸ ਦਿਨ ਭਗਵਾਨ ਸ੍ਰੀ ਰਾਮ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਪਰਤੇ ਸਨ ਅਤੇ ਉਹਨਾਂ ਦੀ ਆਮਦ ਨੂੰ ਜੀ ਆਇਆਂ ਕਹਿਣ ਲਈ ਲੋਕਾਂ ਨੇ ਆਪਣੇ ਘਰ੍ਹਾਂ ਰੁਸ਼ਨਾਏ,ਸਫਾਈਆਂ ਕੀਤੀਆਂ ਅਤੇ ਮਠਿਆਈਆਂ ਵੰਡੀਆਂ।ਸਿੱਖ ਧਰਮ ਦਾ ਇਸ ਤਿਉਹਾਰ ਨਾਲ ਸੰਬੰਧ ਉਦੋਂ ਹੋਰ ਵੀ ਗਹਿਰਾ ਹੋ ਗਿਆ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸੇ ਦਿਨ ਬਵੰਜਾ ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ।ਉਹਨਾਂ ਦੀ ਆਮਦ ਮੌਕੇ ਲੱਖਾਂ ਸ਼ਰਧਾਲੂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਹਨਾਂ ਦੇ ਸਵਾਗਤ ਲਈ ਇਕੱਤਰ ਹੋਏ ਅਤੇ ‘ਬੰਦੀ ਛੋਡ ਦਿਵਸ’ਮਨਾਇਆ।ਗੁਰੂ ਜੀ ਦੀ ਰਿਹਾਈ ਦਾ ਲੋਕਾਂ ਨੇ ਆਪਣੇ ਘਰ੍ਹਾਂ ਅਤੇ ਰਸਤਿਆਂ ‘ਤੇ ਦੀਪ ਜਲ੍ਹਾ ਕੇ ਸਵਾਗਤ ਕੀਤਾ।ਉਸੇ ਦਿਨ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂ ਨਿਰਵਿਘਨ ਰੂਪ ਵਿੱਚ ਪੁੱਜ ਰਹੇ ਹਨ।ਇਸ ਪਵਿੱਤਰ ਮੌਕੇ ਸ੍ਰੀ ਦਰਬਾਰ ਸਾਹਿਬ ਪੁੱਜ ਕੇ ਨਤਮਸਤਕ ਹੋਣ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਇੱਛਾ ਹਰ ਸੱਚਾ ਸਿੱਖ ਰੱਖਦਾ ਹੈ।ਇਤਿਹਾਸਕ ਹਵਾਲਿਆਂ ਅਨੁਸਾਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਅਤੇ ਬਾਬਾ ਬੰਦਾ ਬੰਦਾ ਸਿੰਘ ਬਹਾਦਰ ਸਿੰਘ ਜੀ ਦੀ ਸ਼ਹਾਦਤ ਉਪਰੰਤ ਜ਼ਾਲਮ ਹਾਕਮਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸਿੱਖ ਸ਼ਰਧਾਲੂਆਂ ਦੀ ਆਮਦ ਨੂੰ ਰੋਕਣ ਲਈ ਕੋਝੇ ਹਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ।1733 ਦੀ ਦੀਵਾਲੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਭਾਈ ਮਨੀ ਸਿੰਘ ਜੀ ਨੇ ਨੂੰ ਸਿੱਖ ਸੰਗਤਾਂ ਦੀ ਆਮਦ ਲਈ ਹਕੂਮਤ ਨੂੰ ਵਿਸ਼ੇਸ ਟੈਕਸ ਦੇਣਾ ਮੰਨ ਲਿਆ।ਇਕੱਤਰ ਹੋਈਆਂ ਸਿੱਖਾਂ ਸੰਗਤਾਂ ‘ਤੇ ਹਮਲੇ ਦੀ ਸਾਮਰਾਜੀ ਸ਼ਾਜਿਸ ਦਾ ਪਤਾ ਲੱਗਣ ‘ਤੇ ਭਾਈ ਮਨੀ ਸਿੰਘ ਨੇ ਸਿੱਖ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਤੋਂ ਰੋਕ ਦਿੱਤਾ।ਸਿੱਖ ਸੰਗਤਾਂ ਵੱਲੋਂ ਨਾ ਆਉਣ ਦੇ ਬਾਵਯੂਦ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਟੈਕਸ ਭਰਨ ਲਈ ਕਿਹਾ ਅਤੇ ਨਾ ਭਰਨ ਦੀ ਹਾਲਤ ਵਿੱਚ ਸਿੱਖ ਧਰਮ ਤਿਆਗਣ ਜਾਂ ਮੌਤ ਕਬੂਲ ਕਰਨ ਲਈ ਕਿਹਾ।ਭਾਈ ਸਾਹਿਬ ਨੇ ਜਿੱਥੇ ਟੈਕਸ ਭਰਨ ਤੋਂ ਸਾਫ ਤੌਰ ‘ਤੇ ਇਨਕਾਰ ਕੀਤਾ ਉ¤ਥੇ ਨਾਲ ਹੀ ਸਿੱਖ ਧਰਮ ਨੂੰ ਜਾਨ ਤੋਂ ਪਿਆਰਾ ਕਹਿ ਕੇ ਮੌਤ ਦੀ ਸਜ਼ਾ ਕਬੂਲ ਕਰ ਲਈ ਅਤੇ ਜਾਲਮ ਹਕੂਮਤ ਵੱਲੋਂ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ ਭਗਤੀ ਦੇ ਨਾਲ-ਨਾਲ ਸ਼ਕਤੀ ਦੇ ਮਾਰਗ ‘ਤੇ ਤੋਰੀ ਸਿੱਖ ਕੌਮ ਦੇ ‘ਬੰਦੀ ਛੋਡ ਦਿਵਸ’ਪ੍ਰਤੀ ਉਤਸ਼ਾਹ ਨੂੰ ਹਕੂਮਤਾਂ ਦਾ ਜੁਲਮ ਕਦੇ ਘਟਾ ਨਹੀਂ ਸਕਿਆ।ਸਿੱਖ ਹਰ ਵਰ੍ਹੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜ ਕੇ ਦੀਵਾਲੀ ਮੌਕੇ ਇੰਨ੍ਹੇ ਸ਼ਾਨਦਾਰ ਤਰੀਕੇ ਨਾਲ ‘ਬੰਦੀ ਛੋਡ ਦਿਵਸ’ਮਨਾਉਂਦੇ ਹਨ ਕਿ ਅੰਮ੍ਰਿਤਸਰ ਸਾਹਿਬ ਦੀ ਦਿਵਾਲੀ ‘ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ’ ਕਹਾਵਤ ਨਾਲ ਵਿਸ਼ਵ ਪ੍ਰਸਿੱਧ ਦਰਜ਼ਾ ਪ੍ਰਾਪਤ ਕਰ ਗਈ।ਇਸ ਮੌਕੇ ਸ੍ਰੀ ਦਰਬਾਰ ਸਾਹਿਬ ਨੂੰ ਇੰਨ੍ਹੇ ਜਿਆਦਾ ਸ਼ਾਨਦਾਰ ਤਰੀਕੇ ਦੀ ਦੀਪਮਾਲਾ ਨਾਲ ਸ਼ਜਾਇਆ ਜਾਂਦਾ ਹੈ ਕਿ ਪਵਿੱਤਰ ਸਰੋਵਾਰ ਵਿੱਚ ਬਣਦਾ ਰੌਸ਼ਨੀਆਂ ਦਾ ਦ੍ਰਿਸ਼ ਹਰ ਇੱਕ ਨੂੰ ਆਪਣੇ ਵੱਲ੍ਹ ਖਿੱਚਦਾ ਹੈ।ਰੌਸ਼ਨੀਆਂ ਦੇ ਨਾਲ-ਨਾਲ ਇਸ ਮੌਕੇ ਕੀਤੀ ਜਾਂਦੀ ਆਤਿਸਬਾਜੀ ਵੀ ਬੜਾ ਅਲੌਕਿਕ ਨਜ਼ਾਰਾ ਪੇਸ਼ ਕਰਦੀ ਹੈ।ਹੁਣ ਜਦੋਂ ਪਟਾਕਿਆ ਅਤੇ ਆਤਿਸਬਾਜ਼ੀ ਦੀ ਵਰਤੋਂ ਨੂੰ ਪ੍ਰਦੂਸਣ ਕਾਰਨ ਵਾਤਾਵਰਨ ਲਈ ਖਤਰਾ ਮੰਨਿਆਂ ਜਾਣ ਲੱਗਿਆ ਹੈ ਤਾਂ ਸਿੱਖਾਂ ਨੇ ਆਤਿਸਬਾਜ਼ੀ ਦੇ ਨਜ਼ਾਰੇ ਨੂੰ ਬਰਕਰਾਰ ਰੱਖਣ ਲਈ ਪ੍ਰਦੂਸ਼ਣ ਮੁਕਤ ਆਤਿਸਬਾਜੀ ਦਾ ਬਾਖੂਬੀ ਬੰਦੋਬਸਤ ਕੀਤਾ ਹੈ।ਇਸ ਪ੍ਰਦੂਸ਼ਣ ਮੁਕਤ ਆਤਿਸਬਾਜੀ ਦਾ ਸਫਲ਼ ਤਜ਼ਰਬਾ ਪਿਛਲੇ ਦਿਨੀਂ ਸ੍ਰੀ ਗੁਰੂ ਰਾਮ ਦਾਸ ਜੀ ਦੇ ਸ਼ਾਨਦਾਰ ਤਰੀਕੇ ਨਾਲ ਮਨਾਏ ਪ੍ਰਕਾਸ਼ ਪੁਰਬ ਮੌਕੇ ਕੀਤਾ ਗਿਆ।
ਸਮਾਂ ਮੰਗ ਕਰਦਾ ਹੈ ਕਿ ਇਸ ਪਵਿੱਤਰ ਤਿਉਹਾਰ ਨੂੰ ਮਨਾਉਣ ਮੌਕੇ ਪਟਾਕਿਆਂ ਵੱਲੋਂ ਵਾਤਾਵਰਨ ਨੂੰ ਪੈਦਾ ਕੀਤੇ ਜਾ ਰਹੇ ਖਤਰੇ ਨੂੰ ਸਮਝਦਿਆਂ ਪਟਾਕੇ ਚਲਾਉਣ ਤੋਂ ਕਿਨਾਰਾ ਕਰੀਏ ਅਤੇ ਜਾਂ ਫਿਰ ਪ੍ਰਦੂਸ਼ਣ ਮੁਕਤ ਪਟਾਕਿਆਂ ਦੀ ਤਲਾਸ਼ ਕਰੀਏ।ਇਸ ਦੇ ਨਾਲ-ਨਾਲ ਇਸ ਤਿਉਹਾਰ ਨਾਲ ਜੁੜੀਆਂ ਤਮਾਮ ਬੁਰਾਈਆਂ ਨੂੰ ਦੂਰ ਕਰਕੇ ਆਪੋ ਆਪਣੇ ਘਰਾਂ ਦੀਆਂ ਸਾਫ ਸਫਾਈਆਂ ਕਰਨ ਅਤੇ ਉਹਨਾਂ ਨੂੰ ਰੁਸ਼ਨਾਉਣ ਦੇ ਨਾਲ-ਨਾਲ ਆਪਣੇ ਮਨ੍ਹਾਂ ਦੀ ਵੀ ਸਫਾਈ ਕਰੀਏ ਅਤੇ ਉਹਨਾਂ ਨੂੰ ਰੁਸ਼ਨਾਈਏ ਤਾਂ ਕਿ ਸਾਨੂੰ ਇਸ ਤਿਉਹਾਰ ਦੀ ਬਖਸ਼ਿਸ ਕਰਨ ਵਾਲੇ ਸਾਡੇ ਗੁਰੂ ਅਤੇ ਰਹਿਬਰਾਂ ਦੇ ਸੁਪਨਿਆਂ ਦਾ ਸਮਾਜ ਸਿਰਜ ਕੇ ਦੀਵਾਲੀ ਅਤੇ ਬੰਦੀ ਛੋਡ ਦਿਵਸ ਦੇ ਤਿਉਹਾਰ ਮੌਕੇ ਸੱਚ ਦਾ ਦੀਪ ਜਗਾਂ ਸਕੀਏ।
ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਮਨ੍ਹਾਂ ’ਚ ਰੌਸ਼ਨੀਆਂ ਕਰਕੇ ਮਨਾਈਏ



