ਵਾਸ਼ਿੰਗਟਨ ਡੀ. ਸੀ., 13 ਅਕਤੂਬਰ- ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਮਨਾਉਣ ਦਾ ਦੌਰ ਪਿਛਲੇ ਇਕ ਸਾਲ ਤੋਂ ਪੂਰੇ ਸੰਸਾਰ ਵਿਚ ਚਲ ਰਿਹਾ ਹੈ। ਭਾਵੇਂ ਗੁਰੂ ਘਰਾਂ ਵਲੋਂ ਇਸ ਨੂੰ ਮਨਾਉਣ ਲਈ ਆਪਣੀਆ ਵਖ-ਵਖ ਧਾਰਮਿਕ ਰਹੁਰੀਤਾਂ ਰਾਹੀਂ ਮਨਾਇਆ ਹੈ। ਪਰ ਭਾਰਤੀ ਅੰਬੈਸੀ ਵਲੋਂ ਵਿਦੇਸ਼ੀ ਸੰਗਤਾਂ ਅਤੇ ਅਮਰੀਕਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਖਿਆਵਾਂ, ਅਦੁਤੀ ਜੀਵਨ ਅਤੇ ਉਨ੍ਹਾਂ ਵਲੋਂ ਦਿਤਾ ਸਰਬੰਸਦਾਨੀ ਕੁਰਬਾਨੀ ਦਾ ਸੁਨੇਹਾ ਹਰੇਕ ਤਕ ਪਹੁੰਚਾਉਣ ਲਈ 350ਵੀਂ ਸ਼ਤਾਬਦੀ ਮਨਾਉਣ ਦਾ ਫੈਸਲਾ ਲਿਆ ਹੈ। ਜਿਸ ਲਈ ਤਿਆਰੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸ਼ਤਾਬਦੀ ਨੂੰ ਮਨਾਉਣ ਲਈ 6 ਨਵੰਬਰ 2017 ਦਾ ਦਿਹਾੜਾ ਚੁਣਿਆ ਗਿਆ ਹੈ ਜਿਸ ਨੂੰ ਰੋਨਲਡ ਰੀਗਨ ਬਿਲਡਿੰਗ ਵਾਸ਼ਿੰਗਟਨ ਡੀ ਸੀ ਦੇ ਹਾਲ ਵਿਚ ਮਨਾਇਆ ਜਾਵੇਗਾ। ਭਾਵੇਂ ਇਸ ਨੂੰ ਅੰਤਰ-ਰਾਸ਼ਟਰੀ ਰੰਗਤ ਦੇਣ ਲਈ ਉਚਕੋਟੀ ਦੇ ਕੀਰਤਨੀਏ ਅਤੇ ਧਾਰਮਿਕ ਸਿਖਿਆ ਦੇ ਮਾਹਿਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਰਜਿਸਟ੍ਰੇਸ਼ਨ ਨਿਮੰਤਰਨ ਅੰਬੈਸੀ ਵਲੋਂ ਭੇਜਣੇ ਸ਼ੁਰੂ ਕਰ ਦਿਤੇ ਹਨ।ਧਾਰਮਿਕ ਮਾਹਿਰਾਂ ਦਾ ਕਹਿਣਾ ਹੈ ਕਿ ਅੰਬੈਸੀ ਨੂੰ ਕੁਝ ਅਜਿਹੀਆਂ ਸਿਖ ਸੰਸਥਾਵਾਂ ਦੀ ਸਲਾਹ ਲੈਣੀ ਚਾਹੀਦੀ ਹੈ ਜਿਨ੍ਹਾਂ ਦਾ ਸਿਖ ਕਮਿਊਨਿਟੀ ਵਿਚ ਨਾਮ ਹੈ ਅਤੇ ਉਹ ਕਮਿਊਨਿਟੀ ਲਈ ਕੁਝ ਕਰ ਗੁਜਰ ਰਹੀਆਂ ਹਨ। ਇਸ ਵਿਚ ਸਿਖਸ ਆਫ ਅਮਰੀਕਾ, ਯੁਨਾਈਟਿਡ ਵਰਲਡ ਯੁਨਾਈਟਿਡ ਸੰਸਥਾਵਾਂ ਦਾ ਜ਼ਿਕਰ ਖ਼ਾਸ ਕਰਕੇ ਆ ਰਿਹਾ ਹੈ। ਕੁਝ ਸਖਸ਼ੀਅਤਾਂ ਵਲੋਂ ਅੰਬੈਸੀ ਨੂੰ ਅਵਗਤ ਵੀ ਕਰਵਾਇਆ ਹੈ ਕਿ ਉਹ ਇਸ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦੇਣ ਤੋਂ ਪਹਿਲਾਂ ਇਕ ਮੀਟਿੰਗ ਸਦ ਕੇ ਜਿਸ ਵਿਚ ਸਾਰੇ ਪ੍ਰਬੰਧਾਂ ਅਤੇ ਧਾਰਮਿਕ ਪ੍ਰੋਗਰਾਮ ਨੂੰ ਵਿਚਾਰਿਆ ਜਾਵੇ ਤਾ ਜੋ ਇਹ ਸ਼ਤਾਬਦੀ ਪ੍ਰੋਗਰਾਮ ਇਤਿਹਾਸਕ ਬਣ ਸਕੇ । ਕਿਉਂਕਿ ਇਹ ਸੰਸਾਰ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਹੋ ਰਿਹਾ ਹੈ। ਜਿਸ ਦਾ ਸੁਨੇਹਾ ਪੂਰੇ ਸੰਸਾਰ ਨੂੰ ਜਾਣਾ ਹੈ।ਜਸਦੀਪ ਸਿੰਘ ਜਸੀ ਚੇਅਰਮੈਨ ਸਿਖਸ ਆਫ ਅਮਰੀਕਾ ਨੇ ਕਿਹਾ ਕਿ ਅੰਬੈਸੀ ਵਲੋਂ ਮਨਾਏ ਜਾਣ ਵਾਲੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਦਾ ਖਾਸ ਮਹਤਵ ਅਮਰੀਕਨਾਂ ਅਤੇ ਸਿਖ ਭਾਈਚਾਰੇ ਲਈ ਹੈ । ਕਿਉਂਕਿ ਇਹ ਸ਼ਤਾਬਦੀ ਸੰਸਾਰ ਦੀ ਰਾਜਧਾਨੀ ਵਿਚ ਮਨਾਈ ਜਾ ਰਹੀ ਹੈ। ਸੋ ਇਸ ਲਈ ਹਰੇਕ ਪਲ ਅਤੇ ਪਰਸਾਰਣ ਨੂੰ ਵਧੀਆ ਅਤੇ ਸੰਸਾਰ ਪਧਰ ਦਾ ਹੋਣਾ ਲਾਜ਼ਮੀ ਹੈ। ਜਿਸ ਲਈ ਅੰਬੈਸੀ ਨੂੰ ਤੁਰੰਤ ਮੀਟਿੰਗ ਦਾ ਅਯੋਜਨ ਕਰਕੇ ਇਸ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦੇਣਾ ਚਾਹੀਦਾ ਹੈ। ਵਰਲਡ ਯੁਨਾਈਟਡ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਪ੍ਰੋਗਰਾਮ ਐਸਾ ਹੋਣਾ ਚਾਹੀਦਾ ਹੈ ਜੋ ਸਿਖ ਕਮਿਊਨਿਟੀ ਅਤੇ ਅਮਰੀਕਨ ਲਈ ਮੀਲ ਪਥਰ ਸਾਬਤ ਹੋਵੇ। ਹਰ ਕੋਈ ਇਸ ਤੋਂ ਕੁਝ ਸਿਖ ਸਕੇ। ਇਸ ਲਈ ਮੁਢਲੇ ਪੜਾਅ ਵਿਚ ਹੀ ਹਰੇਕ ਧਾਰਮਿਕ ਪ੍ਰੋਗਰਾਮ ਨੂੰ ਧਾਰਮਿਕ ਮਾਹਿਰਾਂ ਦੀ ਸਹਿਮਤੀ ਨਾਲ ਹੀ ਉਲੀਕਿਆ ਜਾਵੇ। ਡਾ. ਸੁਰਿੰਦਰ ਗਿਲ ਉਘੇ ਪਤਰਕਾਰ ਨੇ ਕਿਹਾ ਕਿ ਅੰਬੈਸੀ ਦਾ ਇਹ ਉਪਰਾਲਾ ਬਹੁਤ ਵਧੀਆ ਹੈ ਪਰ ਉਨ੍ਹਾਂ ਨੂੰ ਭਾਰਤ ਅਤੇ ਵਾਇਟ ਹਾਊਸ ਤੋਂ ਵੀ ਉਘੀਆਂ ਸਖਸ਼ੀਅਤਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਅਗੇ ਕਿਹਾ ਕਿ ਨਤੀਸ਼ ਕੁਮਾਰ ਚੀਫ ਮਨਿਸਟਰ ਬਿਹਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਤਾਬਦੀ ਮਨਾਉਣ ਦਾ ਕਾਰਜ ਬਹੁਤ ਸ਼ਲਾਘਾਯੋਗ ਕੀਤਾ ਹੈ ਉਨ੍ਹਾਂ ਨੂੰ ਸਨਮਾਨਤ ਵੀ ਕਰਨਾ ਚਾਹੀਦਾ ਹੈ।
ਭਾਰਤੀ ਅੰਬੈਸੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਮਨਾਉਣ ਦਾ ਫੈਸਲਾ


