June 24, 2026 8:37 am

ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਗੁਰਦੁਆਰਾ ਅੰਬ ਸਾਹਿਬ ਪੁੱਜੋ : ਗਿਆਸਪੁਰਾ, ਘੋਲੀਆ

ਲੁਧਿਆਣਾ, 29 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ 14 ਨਵੰਬਰ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੀ ਪੂਰਨ ਹਮਾਇਤ ਕਰਦਿਆਂ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਅਕਾਲ ਸਹਾਇ ਸਿੱਖ ਜਥੇਬੰਦੀ ਦੇ ਕੌਮੀ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ ਸਿੱਖ ਸੰਗਤਾਂ 30 ਨਵੰਬਰ ਨੂੰ ਸਵੇਰੇ 11.00 ਵਜੇ ਗੁਰਦੁਆਰਾ ਅੰਬ ਸਾਹਿਬ ਪਹੁੰਚਣ। ਦੋਵਾਂ ਆਗੂਆਂ ਕਿਹਾ ਕਿ ਉਹ ਲੀਡਰ ਅੱਜ ਕਿੱਥੇ ਹਨ ਜਿਹੜੇ ਰਾਜਨੀਤਿਕ ਅੰਨਾ ਹਜਾਰੇ ਲਈ ਤਾਂ ਮੋਮਬੱਤੀਆਂ ਚੁੱਕੀ ਫਿਰਦੇ ਸਨ, ਪਰ ਹੁਣ ਪੰਥਕ ਲੜਾਈ ਵਿੱਚ ਖਮੋਸ਼ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਸਰਕਾਰ ਨੂੰ ਜਗਾਉਣ ਦੀ ਇਸ ਲਈ ਸਮੂਹ ਪੰਜਾਬੀਆਂ ਨੂੰ ਇੱਕਮੁੱਠ ਹੋਣਾ ਪਵੇਗਾ। ਸ. ਗੁਰਬਖਸ਼ ਸਿੰਘ ਖਾਲਸਾ ਦੀਆਂ ਮੰਗਾ ਜਾਇਜ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਜਿਹੜੇ ਰਾਜਨੀਤਿਕ ਕੈਦੀ ਸਜਾ ਪੂਰੀ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ । ਉਨਾਂ ਕੌਮ ਦੇ ਜਥੇਦਾਰਾਂ ਨੂੰ ਕਿਹਾ ਕਿ ਉਹ ਮਨਮਤੀਆਂ ਦੇ ਡੇਰਿਆਂ ਤੇ ਜਾ ਕੌਮ ਨੂੰ ‘ਲੰਗੋਟ’ ਪਹਿਨਾਉਣ ਦੀ ਕੋਸ਼ਿਸ ਨਾ ਕਰਨ, ਆਪਣੀ ਜਿੰਮੇਵਾਰੀ ਨਿਭਾਉਣ ਅਤੇ ਸਿੱਖ ਸੰਗਤਾਂ ਦੀ ਅਗਵਾਈ ਕਰਨ। ਇਸ ਸਬੰਧ ਵਿੱਚ ਸਿੱਖ ਸੰਗਤਾਂ ਦੇ ਸਹਿਯੋਗ ਨਾਲ਼ ਮੋਹਾਲ਼ੀ ਵਿੱਚ ਇੱਕ ਵਿਸ਼ਾਲ ਰੋਸ ਮਾਰਚ ਸਰਕਾਰ ਨੂੰ ਗੂੜੀ ਨੀਂਦ ਤੋਂ ਜਗਾਉਣ ਲਈ ਕੱਢਿਆ ਜਾਵੇਗਾ ਜਿਸ ਵਿੱਚ ਦੇਸ ਵਿਦੇਸ਼ ਦੀ ਸੰਗਤ ਸਾਮਿਲ ਹੋਵੇਗੀ।  ਉਨ੍ਹਾਂ ਫੇਸ ਬੁੱਕ, ਟਵਿਟਰ ਅਤੇ ਹੋਰ ਸੋਸਲ ਸਾਈਟਾਂ ਤੇ ਵੀਰਾਂ/ਭੈਣਾਂ ਨੂੰ ਅਪੀਲ ਕੀਤੀ ਕਿ ਉਹ ਇੱਸ ਭੁੱਖ ਹੜਤਾਲ ਦੀ ਹਮਾਇਤ ਵਜੋਂ ਭਾਈ ਗੁਰਬਖਸ਼ ਸਿੰਘ ਦੀ ਫੋਟੋ ਆਪਣੀ ਪ੍ਰੋਫਾਈਲ ਫੋਟੋ ਦੀ ਜਗ੍ਹਾ ਲਗਾਉਣ। ਇਸ ਮੌਕੇ ਉਹਨਾਂ ਨਾਲ਼ ਅਕਾਲ ਸਹਾਇ ਸਿੱਖ ਜਥੇਬੰਦੀ ਦੇ ਕੌਮੀ ਮੀਤ ਪ੍ਰਧਾਨ ਭਾਈ ਗਿਆਨ ਸਿੰਘ ਸੰਗੋਵਾਲ਼, ਬਲਜੀਤ ਸਿੰਘ ਡਾਬਾ, ਦਵਿੰਦਰ ਸਿੰਘ, ਜਸਪਾਲ ਬਾਂਗਰ,ਮਨਜੀਤ ਸਿੰਘ ਡੀਸੀ, ਬੇਅੰਤ ਸਿੰਘ ਗਿਆਸਪੁਰਾ, ਜਸਵਿੰਦਰ ਸਿੰਘ ਖਾਲਸਾ ਆਦਿ ਹਾਜ਼ਿਰ ਸਨ।

Send this to a friend