ਮੋਦੀ ਸਮੇਤ 59 ਹੋਰਨਾਂ ਵਿਰੁੱਧ ਜਾਂਚ ਲਈ ਦੁਬਾਰਾ ਦਾਇਰ ਕੀਤੀ ਸੀ ਪਟੀਸ਼ਨ
ਅਹਿਮਦਾਬਾਦ, 5 ਅਕਤੂਬਰ- ਗੁਜਰਾਤ ਵਿੱਚ ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਨੂੰ ਲੈ ਕੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਬਰਕਰਾਰ ਰੱਖੀ ਗਈ ਹੈ। ਅੱਜ ਗੁਜਰਾਤ ਹਾਈਕੋਰਟ ਦਾ ਇਹ ਮਹੱਤਵਪੂਰਨ ਫੈਸਲਾ ਆਇਆ ਹੈ। ਜ਼ਾਕੀਆ ਜਾਫਰੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਕੋਰਟ ਨੇ ਮੋਦੀ ਦੀ ਕਲੀਨ ਚਿੱਟ ਨੂੰ ਬਰਕਰਾਰ ਰੱਖਿਆ ਹੈ। ਗੁਜਰਾਤ ਹਾਈਕੋਰਟ ਨੇ ਸਾਫ਼ ਕੀਤਾ ਹੈ ਕਿ ਗੁਜਰਾਤ ਦੰਗੀਆਂ ਦੀ ਦੁਬਾਰਾ ਜਾਂਚ ਨਹੀਂ ਹੋਵੇਗੀ। ਜਾਕਿਆ ਜਾਫਰੀ ਦੀ ਵਡੀ ਸਾਜਿਸ਼ ਵਾਲੀ ਗਲ ਤੋਂ ਵੀ ਹਾਈਕੋਰਟ ਨੇ ਇਨਕਾਰ ਕੀਤਾ ਹੈ। ਹਾਲਾਂਕਿ ਉਹ ਅਗੇ ਅਪੀਲ ਕਰ ਸਕਦੀ ਹੈ। ਪਟੀਸ਼ਨ ਵਿੱਚ 2002 ਵਿਚ ਗੋਧਰਾ ਕਾਂਡ ਦੇ ਬਾਅਦ ਹੋਏ ਦੰਗੀਆਂ ਦੇ ਸੰਬੰਧ ਵਿਚ ਨਰਿੰਦਰ ਮੋਦੀ ਅਤੇ 59 ਹੋਰਨਾਂ ਨੂੰ ਵਿਸ਼ੇਸ਼ ਜਾਂਚ ਦਲ ਦੁਆਰਾ ਦਿਤੀ ਗਈ ਕਲੀਨ ਨੂੰ ਅਤੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੋਤੀ ਦਿਤੀ ਗਈ ਸੀ। ਜਸਟਿਸ ਸੋਨਿਆ ਗੋਕਾਨੀ ਵੱਲੋਂ ਸੁਣਾਏ ਗਏ ਫੈਸਲੇ ’ਚ ਇਸ ਨੂੰ ਵੱਡੀ ਸਾਜ਼ਿਸ਼ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਸੁਪਰੀਮ ਕੋਰਟ ਵੱਲੋਂ ਪਹਿਲਾਂ ਹੀ ਸੰਜੀਵ ਭੱਟ ਦੇ ਮਾਮਲੇ ਵਿੱਚ ਖਾਰਿਜ ਕਰ ਦਿੱਤਾ ਗਿਆ ਸੀ, ਇਸ ਲਈ ਇਹ ਅਦਾਲਤ ਵੀ ਇਸ ਪਟੀਸ਼ਨ ਨੂੰ ਖਾਰਿਜ ਕਰਦੀ ਹੈ। ਸਵਰਗਵਾਸੀ ਸਾਬਕਾ ਸੰਸਦ ਅਹਸਾਨ ਜਾਫਰੀ ਦੀ ਪਤਨੀ ਜਕਿਆ ਅਤੇ ਸਾਮਾਜਕ ਕਰਮਚਾਰੀ ਤੀਸਤਾ ਸੀਤਲਵਾੜ ਦੇ ਏਨਜੀਓ ‘ਸਿਟੀਜਨ ਫਾਰ ਜਸਟੀਸ ਐਂਡ ਪੀਸ’ ਨੇ ਦੰਗੀਆਂ ਦੇ ਪਿਛੇ ‘ਵਡੀ ਆਪਰਾਧਿਕ ਸਾਜਿਸ਼’ ਦੇ ਆਰੋਪਾਂ ਦੇ ਸੰਬੰਧ ’ਚ ਮੋਦੀ ਅਤੇ ਹੋਰਨਾਂ ਨੂੰ ਦਿਤੀ ਗਈ ਕਲੀਨ ਚਿੱਟ ਨੂੰ ਬਰਕਰਾਰ ਰਖਣ ਦੇ ਮਜਿਸਟਰੇਟ ਦੇ ਆਦੇਸ਼ ਦੇ ਖਿਲਾਫ ਮੁੜਵਿਚਾਰ ਪਟੀਸ਼ਨ ਦਰਜ ਕੀਤੀ ਸੀ।
ਪਟੀਸ਼ਨ ਵਿੱਚ ਮੋਦੀ ਸਮੇਤ 59 ਹੋਰਨਾਂ ਨੂੰ ਸਾਜਿਸ਼ ਵਿਚ ਸ਼ਾਮਿਲ ਹੋਣ ਲਈ ਆਰੋਪੀ ਬਣਾਉਣ ਲਈ ਕਿਹਾ ਗਿਆ ਸੀ। ਇਸ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਲਈ ਉਚ ਅਦਾਲਤ ਦੇ ਨਿਰਦੇਸ਼ ਦੀ ਵੀ ਮੰਗ ਕੀਤੀ ਗਈ ਸੀ।



