Skip to content
Independent perspectives. Global stories.
BREAKING

ਦਿੱਲੀ ’ਚ ਕੇਂਦਰੀ ਮੰਤਰੀ ਨੇ ਡੀ.ਸੀ. ਘਣਸ਼ਿਆਮ ਥੋਰੀ ਨੂੰ ਕੀਤਾ ਸਨਮਾਨਿਤ

Share this story

ਬਰਨਾਲਾ, 3 ਅਕਤੂਬਰ (ਕੁਲਦੀਪ ਗਰੇਵਾਲ)- ਦੇਸ਼ ਭਰ ਵਿੱਚ ਸ਼ੁਰੂ ਕੀਤੇ ਗਏ ਮਿਸ਼ਨ ਸਵੱਛ ਅਤੇ ਸਵਸਥ ਪ੍ਰਤੀਯੋਗਿਤਾ ਵਿੱਚ ਜਿਲ੍ਹਾ ਬਰਨਾਲਾ ਨੇ ਸਮੁੱਚੇ ਦੇਸ਼ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ, ਬਰਨਾਲਾ ਘਣਸ਼ਿਆਮ ਥੋਰੀ ਨੂੰ ਦਿੱਲੀ ਬੁਲਾਕੇ ਕੇਂਦਰ ਸਰਕਾਰ ਵੱਲੋਂ ਕੌਮੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ੍ਰੀ ਐਸ.ਐਸ. ਆਹਲੂਵਾਲੀਆ ਨੇ ਦਿੱਤਾ। ਮਿਸ਼ਨ ਸਵੱਛ ਅਤੇ ਸਵਸਥ ਪ੍ਰਤੀਯੋਗਿਤਾ ਦਾ ਪੁਰਸਕਾਰ ਲੈਣ ਉਪਰੰਤ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਨੇ ਕਿਹਾ ਕਿ ਜਿਲ੍ਹਾ ਬਰਨਾਲਾ ਨੂੰ ਕੌਮੀ ਪੱਧਰ ਤੇ ਪਹਿਲਾਂ ਸਥਾਨ ਮਿਲਣਾ, ਜਿਲ੍ਹਾ ਵਾਸੀਆਂ ਲਈ ਬਹੁਤ ਹੀ ਮਾਨ ਦੀ ਗੱਲ ਹੈ। ਇਸ ਪੁਰਸਕਾਰ ਵਿੱਚ ਸਿਲਵਰ ਪਲੇਟਿਡ ਸ਼ਿਲਡ ਅਤੇ ਪ੍ਰਸੰਸ਼ਾ ਪੱਤਰ ਮਿਲਿਆ ਹੈ, ਜਿਸ ਵਿੱਚ ਜਿਲ੍ਹਾ ਪ੍ਰਸਾਸ਼ਨ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਅਤੇ ਪ੍ਰਬੰਧਾਂ ਦੀ ਪ੍ਰਸੰਸ਼ਾ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੂਰੇ ਦੇਸ਼ ਨੂੰ ਸਾਲ 2019 ਤੱਕ ਪੂਰੀ ਤਰ੍ਹਾਂ ਨਾਲ ਸਵੱਛ ਅਤੇ ਸਵੱਸਥ ਮੁਹਿੰਮ ਵਿੱਚ ਸਿਹਤਮੰਦ ਮੁਕਾਬਲੇ ਕਰਵਾਉਣ ਲਈ ਕੇਂਦਰ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰਾਲੇ ਵੱਲੋਂ ਹਰ ਜਿਲ੍ਹੇ ਦੀ ਸਮੀਖਿਆ ਕੀਤੀ ਜਾਵੇਗੀ। ਥੋਰੀ ਨੇ ਕਿਹਾ ਕਿ ਜਿਲ੍ਹਾ ਬਰਨਾਲਾ ਵਿੱਚ ਬੰਦ ਪਈਆਂ ਜਲ ਸਪਲਾਈ ਸਕੀਮਾਂ ਨੂੂੰ ਚਾਲੂ ਕਰਨ ਅਤੇ 10 ਤੋਂ 24 ਘੰਟੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਬਰਨਾਲਾ ਜਿਲ੍ਹਾ 51ਵੇਂ ਰੈਂਕ ਤੇ ਸੀ, ਜੋ ਕਿ ਹੁਣ ਅਧਿਕਾਰੀਆਂ ਦੇ ਲਗਾਤਾਰ ਯਤਨਾਂ ਅਤੇ ਦੇਖ-ਰੇਖ ਅਧੀਨ ਪਹਿਲੇਂ ਰੈਂਕ ਤੇ ਪਹੁੰਚ ਗਿਆ ਹੈ। ਬਰਨਾਲਾ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਇਸ ਮਿਸ਼ਨ ਦੇ ਅਧੀਨ ਕੁੱਲ 11460 ਸ਼ੌਚਘਰ ਬਣਾਏ ਗਏ ਹਨ।  ਥੋਰੀ ਨੇ ਦੱਸਿਆ ਕਿ ਹੁਣ ਜਿਲ੍ਹਾ ਬਰਨਾਲਾ ਦੇ ਸਾਰੇ ਪੇਂਡੂ ਖੇਤਰ ਖੁੱਲ੍ਹੇ ਵਿੱਚ ਸ਼ੌਚ ਤੋਂ 100 ਫੀਸਦੀ ਮੁਕਤ ਹੋ ਗਏ ਹਨ ਅਤੇ ਇਸ ਸਮੱਸਿਆ ਤੋਂ ਪੂਰੇ ਬਰਨਾਲਾ ਜਿਲ੍ਹੇ ਨੂੰ 31 ਦਸੰਬਰ 2017 ਤੱਕ ਮੁਕਤ ਕਰ ਦਿੱਤਾ ਜਾਵੇਗਾ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਮਿਤੀ 02 ਅਕਤੂਬਰ 2014 ਨੂੰ ਸ਼ੁਰੂ ਕੀਤੇ ਸਵੱਛ ਭਾਰਤ ਮਿਸ਼ਨ ਤਹਿਤ 2019 ਤੱਕ ਭਾਰਤ ਨੂੰ ਸਵੱਛ ਕਰਨ ਦਾ ਟੀਚਾ ਹੈ।

WRITTEN BY