ਜਲੰਧਰ, 28 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖਾਲਸਾ ਕਾਲਜ ਦੇ ‘ਸੈਂਟਰ ਫਾਰ ਹਿਸਟੋਰੀਕਲ ਸੱਟਡੀਜ਼’ ਵਲੋਂ ਮਹਾਨ ਕ੍ਰਾਂਤੀਕਾਰੀ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਦੇ ਇਤਿਹਾਸ ਵਿਭਾਗ ਦੇ ਮੁੱਖੀ ਪ੍ਰੋ. ਅਮਨਦੀਪ ਕੌਰ ਬੱਲ ਨੇ ਭਗਤ ਸਿੰਘ ਦੀ ਵਿਚਾਰਧਾਰਾ ਦੀ ਅਜੌਕੇ ਦੌਰ ਵਿੱਚ ਪ੍ਰਸੰਗਤਾ ਵਿਸ਼ੇ ਤੇ ਆਪਣੇ ਵਿਚਾਰ ਵਿਦਿਆਰਥੀਆਂ ਸਾਹਮਣੇ ਰੱਖੇ।ਸਮਾਰੋਹ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤੀ। ਸਮਾਰੋਹ ਦੀ ਸ਼ੁਰੂਆਤ ਨੰਦ ਲਾਲ ਨੂਰਪੁਰੀ ਦੀ ਕਵਿਤਾ ‘ੳ ਦੁਨੀਆਂ ਦੇ ਬੰਦਿਉ, ਪੂਜੋ ਪੂਜਣਯੋਗ ਇਨਸਾਨਾਂ ਨੂੰ’ ਨਾਲ ਕੀਤੀ ਗਈ। ਇਸਤੋਂ ਬਾਅਦ ਵਿਭਾਗ ਵਲੋਂ ਭਗਤ ਸਿੰਘ ਦੇ ਜੀਵਨ ਤੇ ਤਿਆਰ ਕੀਤੀ ਇਕ ਡਾਕੂਮੈਂਟਰੀ ਦਿਖਾਈ ਗਈ। ਡਾ. ਬੱਲ ਦਾ ਲੈਕਚਰ ਇਤਿਹਾਸਕ ਹਵਾਲਿਆਂ ਨਾਲ ਭਰਪੂਰ ਸੀ। ਉਨ੍ਹਾਂ ਕਿਹਾ ਇਨਕਲਾਬ ਜਿੰਦਾਬਾਦ ਕੋਈ ਅਰਾਜਕਤਾਵਾਦੀ ਨਾਅਰਾ ਨਹੀਂ ਸੀ ਸਗੋਂ ਇਹ ਇਹ ਜੁਲਮ, ਅੱਤਿਆਚਾਰ ਅਤੇ ਗੁਲਾਮੀ ਤੋਂ ਸਤਾਏ ਹੋਏ ਭਾਰਤੀਆਂ ਲਈ ਬਰਾਬਰੀ ਅਤੇ ਅਜ਼ਾਦੀ ਦੀ ਘਾਲਣਾ ਕਰਨ ਦੀ ਪ੍ਰੇਰਨਾ ਦੇਣ ਵਾਲੀ ਜੁਝਾਰੂ ਗੂੰਜ ਸੀ। ਉਨ੍ਹਾਂ ਅੰਸੈਬਲੀ ਵਿੱਚ ਜੋ ਬੰਬ ਸੁਟਿਆ ਉਹ ਸਿਰਫ ਸਰਕਾਰ ਦੇ ਕੰਨ ਖੋਲਣ ਲਈ ਹੀ ਸੀ, ਹਾਂਲਿਕ ਕ੍ਰਾਂਤੀਕਾਰੀ ਹਾਨੀਕਾਰਕ ਬੰਬ ਬਣਾਉਣਾ ਚੰਗੀ ਤਰਾਂ ਜਾਣਦੇ ਸਨ।ਇਹ ਭਗਤ ਸਿੰਘ ਦੀ ਵਿਚਾਰਧਾਰਕ ਜਿੱਤ ਸੀ ਕਿ ਉਸਦੀ ਸ਼ਹਾਦਤ ਤੋਂ ਬਾਅਦ ਸਭ ਰਾਜਨੀਤਕ ਪਾਰਟੀਆਂ ਸਿਰਫ ਤੇ ਸਿਰਫ ਅਜ਼ਾਦੀ ਦੀ ਮੰਗ ਕਰਨ ਲੱਗੀਆਂ, ਸਵਰਾਜ ਜਾਂ ਡੋਮੀਨੀਅਨ ਸਟੇਟਸ ਦੀ ਨਹੀਂ। ਪ੍ਰਿੰਸੀਪਲ ਡਾ. ਸਮਰਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅੱਜ ਦੇ ਗੀਤਾਂ ਵਿੱਚ ਨਜ਼ਰ ਆਉਂਦੇ ਭਗਤ ਸਿੰਘ ਅਤੇ ਇਤਿਹਾਸ ਦੀਆਂ ਪੈੜਾਂ ਤੇ ਨਿਸ਼ਾਨ ਛੱਡ ਗਏ ਭਗਤ ਸਿੰਘ ਵਿਚਲਾ ਫਰਕ ਜਾਣਨਾ ਜਰੂਰੀ ਹੈ। ਸੈਂਟਰ ਫਾਰ ਹਿਸਟੋਰੀਕਲ ਸੱਟਡੀਜ਼ ਦੇ ਡਾਇਰੈਕਟਰ ਡਾ. ਸੁਮਨ ਚੋਪੜਾ ਨੇ ਧੰਨਵਾਦੀ ਭਾਸ਼ਣ ਵਿੱਚ ਸੰਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਵਿਭਾਗ ਦੇ ਅਧਿਆਪਕ ਡਾ. ਅਮਨਦੀਪ ਕੌਰ, ਪ੍ਰੋ. ਸੰਦੀਪ ਕੁਮਾਰ ਭਗਤ ਅਤੇ ਪ੍ਰੋ. ਸੰਦੀਪ ਕੌਰ ਵੀ ਹਾਜ਼ਿਰ ਸਨ। ਮੰਚ ਸੰਚਾਲਨ ਡਾ. ਕਰਨਬੀਰ ਸਿੰਘ ਨੇ ਕੀਤਾ। ਇਸ ਮੌਕੇ ਕਾਲਜ ਦੇ ਹੋਰ ਵਿਭਾਗਾਂ ਦੇ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਲਾਇਲਪੁਰ ਖਾਲਸਾ ਕਾਲਜ ਦੇ ‘ਸੈਂਟਰ ਫਾਰ ਹਿਸਟੌਰੀਕਲ ਸਟਡੀਜ਼’ ਵੱਲੋਂ ਸ. ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ’ਤੇ ਲੈਕਚਰ



