ਚੰਡੀਗੜ੍ਹ, 24 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਨੇ ਨਸ਼ਾ-ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ’ਚ ਹਰ ਤਰ੍ਹਾਂ ਦੀਆਂ ਸਿਹਤ ਸੁਵਿਧਾਵਾਂ ਅਤੇ ਇਲਾਜ ਮੁਹਈਆ ਕਰਵਾਉਣ ਲਈ ਮੈਡੀਕਲ ਅਫਸਰਾਂ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦਸਿਆ ਕਿ ਸੂਬੇ ਦੇ ਹਰ ਜਿਲ੍ਹੇ ਵਿਚ ਨੇੜਲੇ ਸਥਾਨਾਂ ‘ਤੇ ਨਸ਼ਾ-ਪੀੜਤਾਂ ਲਈ ਵਧੀਆ ਅਤੇ ਮਿਆਰੀ ਇਲਾਜ ਸੇਵਾਵਾਂ ਮੁਹਈਆ ਕਰਵਾਉਣ ਦੇ ਮੰਤਵ ਨਾਲ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ‘ਦਾ ਪੰਜਾਬ ਸਬਸਟਾਂਸ ਯੂਜ਼ ਡਿਸਆਰਡਰ ਟਰੀਟਮੈਂਟ ਐਂਡ ਕਾਉਂਸਲਿੰਗ ਐਂਡ ਰਿਹੈਬਲੀਟੇਸ਼ਨ ਸੈਂਟਰਜ਼ ਰੂਲਜ਼ 2011‘ ਤਜ਼ਵੀਜ਼ ਅਧੀਨ ਜਨਰਲ ਡਿਊਟੀ ਮੈਡੀਕਲ ਅਫਸਰ ਨੂੰ ਤਿੰਨ ਮਹੀਨੇ ਦੀ ਟ੍ਰੇਨਿੰਗ ਦਿਤੀ ਜਾ ਰਹੀ ਹੈ ਜਿਸ ਉਪਰੰਤ ਟ੍ਰੇਨਡ ਮੈਡੀਕਲ ਅਫਸਰ ਮਨੋਰੋਗ ਮਾਹਿਰਾਂ ਦੀ ਦੇਖ-ਰੇਖ ਅਧੀਨ ਨਸ਼ਾ-ਛੁਡਾਊ ਕੇਂਦਰਾਂ ਵਿਚ ਨਸ਼ਾ-ਪੀੜਤਾਂ ਦਾ ਆਧੁਨਿਕ ਤਕਨੀਕਾਂ ਦੁਆਰਾ ਇਲਾਜ ਕਰ ਸਕਣਗੇ।ਸ੍ਰੀ ਮਹਿੰਦਰਾ ਨੇ ਦਸਿਆ ਕਿ 50 ਤੋਂ ਵਧ ਇਹ ਟ੍ਰੇਨਡ ਮੈਡੀਕਲ ਅਫਸਰਾਂ ਨਾਲ ਇਨ੍ਹਾਂ ਕੇਂਦਰਾਂ ਦੀ ਕਾਰਗੁਜ਼ਾਰੀ ਵਿਚ ਯਕੀਨੀ ਤੌਰ ‘ਤੇ ਹੋਰ ਸੁਧਾਰ ਹੋਵੇਗਾ।ਉਨ੍ਹਾਂ ਕਿਹਾ ਕਿ ਓ.ਪੀ.ਡੀ. ਅਧਾਰਿਤ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ‘ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ‘ ਦੇ ਸਹਿਯੋਗ ਨਾਲ ਵੀ ਟ੍ਰੇਨਿੰਗ ਦਿਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਦੇ ਪੰਜ ਪੇਸ਼ੇਵਰ ਅਤੇ ਮਾਹਿਰ ਟ੍ਰੇਨਰਾਂ ਦੁਆਰਾ ਇਸ ਪ੍ਰੋਗਰਾਮ ਅਧੀਨ ਰਾਜ ਪਧਰ ‘ਤੇ ਮੈਡੀਕਲ ਅਫਸਰਾਂ ਨੂੰ ਤਕਨੀਕੀ ਇਲਾਜ, ਆਧੁਨਿਕ ਖੋਜਾਂ ਅਤੇ ਤਥਾਂ ਦੀ ਸਿਖਲਾਈ ਦਿਤੀ ਜਾਂਦੀ ਹੈ। ਹੁਣ ਤਕ ਜਿਲ੍ਹਾ ਪਧਰ ‘ਤੇ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਤੋਂ ਇਲਾਵਾ ਨੌ ਕੇਂਦਰੀਂ ਜੇਲਾਂ, ਜਿਲ੍ਹਾ ਅੰਮ੍ਰਿਤਸਰ, ਤਰਨਤਾਰਨ, ਮੌਗਾ ਅਤੇ ਫਿਰੋਜ਼ਪੁਰ ਦੀਆਂ ਟੀਮਾਂ ਨੂੰ ਟ੍ਰੇਨਿੰਗ ਦਿਤੀ ਜਾ ਚੁਕੀ ਹੈ।ਸ੍ਰੀ ਮਹਿੰਦਰਾ ਨੇ ਕਿਹਾ ਕਿ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਧੀਨ ਰਾਜ ਸਰਕਾਰ ਨੇ ਨਸ਼ਿਆਂ ਵਿਰੁਧ ਕਈ ਅਹਿਮ ਅਤੇ ਠੋਸ ਫੈਂਸਲੇ ਲਏ ਹਨ।ਹੁਣ ਇਹ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਕਾਲੀ-ਭਾਜਪਾ ਦੇ ਸਮੇਂ ਸਫੇਦ ਹਾਥੀ ਸਾਬਿਤ ਹੋਏੇ ਨਸ਼ਾ-ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦਾ ਆਧੁਨਿਕ ਰੂਪਾਂਤਰਣ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਰਾਜ ਸਰਕਾਰ ਇਨ੍ਹਾਂ ਕੇਂਦਰਾਂ ‘ਚ ਮਿਆਰੀ ਸਿਹਤ ਸੁਵਿਧਾਵਾਂ ਮਹੁਈਆ ਕਰਵਾਕੇ, ਨਸ਼ਾ-ਪੀੜਤਾਂ ਦਾ ਮੁਕੰਮਲ ਇਲਾਜ ਕਰਕੇ ਤੰਦਰੁਸਤ ਅਤੇ ਸੁਰਖਿਅਤ ਜੀਵਨ ਬਸਰ ਕਰਨ ਪ੍ਰਤੀ ਪ੍ਰੇਰਿਤ ਕਰੇਗੀ।
ਪੰਜਾਬ ਸਰਕਾਰ ਵੱਲੋਂ ਨਸ਼ਾ-ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ



