ਅਮਰਗੜ੍ਹ, 17 ਸਤੰਬਰ (ਸੁਖਵਿੰਦਰ ਸਿੰਘ ਅਟਵਾਲ)-ਭਾਂਵੇ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਝੋਨੇ ਦੀਆਂ ਅਗੇਤੀਆਂ ਕਿਸਮਾਂ ਦੀ ਕਟਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ, ਪਰ ਪਰਾਲੀ ਦੇ ਨਿਪਟਾਰੇ ਅਤੇ ਮੰਡੀਕਰਨ ਨੂੰ ਲੈਕੇ ਕਿਸਾਨਾਂ ਦੀਆਂ ਚਿੰਤਾਵਾਂ ਲਗਾਤਾਰ ਵਧ ਰਹੀਆਂ ਹਨ।ਝੋਨੇ ਦੀ ਸੀ.ਓ.51 ਕਿਸਮ ਦੀ ਕਟਾਈ ਕਰ ਰਹੇ ਪਿੰਡ ਜੈਨਪੁਰ ਦੇ ਕਿਸਾਨ ਕੁਲਵੰਤ ਸਿੰਘ ਉਰਫ ਭੋਲਾ ਨੇਂ ਪੱਤਕਾਰਾਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸੱਠੀ ਕਿਸਮ ਹੋਣ ਕਾਰਨ ਜਲਦੀ ਪੱਕ ਕੇ ਤਿਆਰ ਹੋ ਚੁੱਕੀ ਹੈ, ਪਰ ਇਸ ਨੂੰ ਕੱਟਣ ਉਪਰੰਤ ਇਸ ਦੇ ਮੰਡੀਕਰਨ ਅਤੇ ਅਗਲੀ ਫ਼ਸਲ ਲਈ ਪਰਾਲੀ ਦੇ ਨਿਪਟਾਰੇ ਦੀ ਚਿੰਤਾ ਵੱਢ-ਵੱਢ ਖਾਅ ਰਹੀ ਹੈ, ਇੱਕ ਤਾਂ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਸਥਾਨਕ ਵਪਾਰੀ ਇਸ ਨੂੰ ਮਨਮਰਜੀ ਦੇ ਭਾਅ ਤੇ ਖ਼ਰੀਦਣਗੇ ਅਤੇ ਦੂਜਾ ਅਗਲੀ ਮੱਕੀ, ਆਲੂ ਜਾਂ ਬਰਸ਼ੀਮ ਦੀ ਫ਼ਸਲ ਬੀਜਣ ਲਈ ਪਰਾਲੀ ਦਾ ਨਿਪਟਾਰਾ ਸਾਡੇ ਲਈ ਵੱਡੀ ਸਮੱਸਿਆ ਬਣੀ ਹੋਈ ਹੈ।ਇੱਥੇ ਜਿਕਰਯੋਗ ਹੈ ਕਿ ਵਧ ਰਹੇ ਪ੍ਰਦੂਸ਼ਣ ਕਾਰਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਉਦੇਸਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ’ਤੇ ਪੂਰਨ ਪਾਬੰਦੀ ਲਗਾਈ ਹੋਈ ਹੈ ਜਿਸ ਦੇ ਚਲਦਿਆਂ ਇਸ ਦੇ ਬਦਲ ਵਜੋਂ ਪਰਾਲੀ ਦਾ ਚੌਪਰ ਰਾਂਹੀ ਕੁਤਰਾ ਕਰਕੇ ਧਰਤੀ ’ਚ ਰਲਾਉਣਾ ਕਿਸਾਨਾਂ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ।ਇਸ ਸਬੰਧੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਬਲਾਕ ਅਮਰਗੜ੍ਹ ਦੇ ਪ੍ਰਧਾਨ ਗੁਰਦਾਸ ਸਿੰਘ ਨੇਂ ਗੱਲਬਾਤ ਦੌਰਾਨ ਕਿਹਾ ਕਿ ਖੇਤੀ ਹੁਣ ਲਾਹੇਵੰਦ ਧੰਦਾ ਨਾ ਹੋ ਕੇ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਦੇ ਨਿਪਟਾਰੇ ਦਾ ਖ਼ਰਚਾ 200 ਰੁਪੈ ਪ੍ਰਤੀ ਕੁਆਟਿਲ ਜਾਂ ਪੰਜ ਹਜ਼ਾਰ ਰੁਪੈ ਪਰ ਏਕੜ ਦੇ ਹਿਸਾਬ ਨਾਲ਼ ਕਿਸਾਨ ਨੂੰ ਬੋਨਸ ਦੇ ਰੂਪ ’ਚ ਦਿੱਤਾ ਜਾਵੇ ਤਾਂ ਪੰਜਾਬ ਦਾ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਖੇਚਲ ਨਹੀਂ ਕਰੇਗਾ।
ਅਗੇਤੇ ਝੋਨੇ ਦੀ ਕਟਾਈ ਸ਼ੁਰੂ, ਪਰਾਲੀ ਦੀ ਸਮੱਸਿਆ ਨੇ ਫ਼ਿਕਰਾਂ ’ਚ ਪਾਏ ਕਿਸਾਨ



