ਸ੍ਰੀ ਅਮਿਤ ਸ਼ਾਹ ਵੱਲੋਂ ਮੰਤਰੀਆਂ ਅਤੇ ਸੰਸਦ ਮੈਂਬਰਾਂ ਲਈ ਐਡਵਾਇਜ਼ਰੀ ਜਾਰੀ
ਨਵੀਂ ਦਿਲੀ, 15 ਸਤੰਬਰ- ਭਾਰਤੀ ਜਨਤਾ ਪਾਰਟੀ ਇਸ ਵਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜਨਮ ਦਿਨ 17 ਸਤੰਬਰ ਨੂੰ 67ਵਾਂ ਜਨਮਦਿਨ ਖਾਸ ਤਰੀਕੇ ਨਾਲ ਮਨਾਉਣ ਜਾ ਰਹੀ ਹੈ। ਇਸ ਸਬੰਧ ਵਿੱਚ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਮੌਕੇ ਸ੍ਰੀ ਮੋਦੀ ਗੁਜਰਾਤ ’ਚ ਹੋਣਗੇ ਅਤੇ ਸਭ ਤੋਂ ਪਹਿਲਾਂ ਆਪਣੀ ਮਾਂ ਤੋਂ ਆਸ਼ੀਰਵਾਦ ਲੈਣਗੇ।ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ ’ਤੇ ਐਡਵਾਇਜ਼ਰੀ (ਸਲਾਹ) ਜਾਰੀ ਕੀਤੀ ਹੈ।ਸ੍ਰੀ ਸ਼ਾਹ ਨੇ ਭਾਜਪਾ ਜਨਰਲ ਸਕਤਰ ਅਰੁਣ ਸਿੰਘ ਨੂੰ ਨਿਰਦੇਸ਼ ਦਿਤਾ ਹੈ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਸੇਵਾ ਦਿਵਸ ਦੇ ਰੂਪ ’ਚ ਮਨਾਇਆ ਜਾਵੇ। ਇਸ ’ਤੇ ਅਰੁਣ ਨੇ ਇਕ ਸਰਕੁਲਰ ਦੀ ਕਾਪੀ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਦੇਸ਼ ਭਰ ’ਚ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਭੇਜ ਦਿਤੀ ਹੈ।ਨੇਤਾਵਾਂ ਨੂੰ ਸਰਕੁਲਰ ’ਚ 17 ਸਤੰਬਰ ਨੂੰ ਮੋਦੀ ਦੇ ਜਨਮਦਿਨ ‘ਤੇ ਆਪਣੇ-ਆਪਣੇ ਇਲਾਕੇ ‘ਚ ਜਨਤਕ ਥਾਂਵਾਂ ਦੀ ਸਫਾਈ, ਮੈਡੀਕਲ ਕੈਂਪ ਦਾ ਆਯੋਜਨ ਅਤੇ ਬੂਟੇ ਲਾਉਣ ਦੀ ਮੁਹਿੰਮ ਚਲਾਉਣ ਦਾ ਨਿਰਦੇਸ਼ ਦਿਤਾ ਹੈ।



