ਅੰਮ੍ਰਿਤਸਰ, 4 ਨਵੰਬਰ (ਮਨਿੰਦਰ ਸਿੰਘ ਗੋਰੀ)- ਨਵੰਬਰ 1984 ‘ਚ ਦੇਸ਼ ਦੀ ਰਾਜਧਾਨੀ ਦਿੱਲੀ ਤੇ ਕਈ ਹੋਰ ਸ਼ਹਿਰਾਂ ਵਿੱਚ ਸਮੇਂ ਦੀ ਸਰਕਾਰ ਦੇ ਗੁੰਡਿਆਂ ਵੱਲੋਂ ਸਿੱਖ ਫਿਰਕੇ ਨੂੰ ਨਿਸ਼ਾਨਾਂ ਬਣਾਉਂਦਿਆਂ ਜਿਉਂਦੇ ਜੀਅ ਲੋਕਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਹਜ਼ਾਰਾਂ ਘਰਾਂ ਦੇ ਰੌਸ਼ਨ ਚਿਰਾਗ ਬੁਝਾ ਦਿੱਤੇ ਗਏ। ਬੀਬੀਆਂ, ਭੈਣਾਂ ਨੂੰ ਬੇ-ਪੱਤ ਕੀਤਾ ਗਿਆ। ਹੱਸਦੇ ਵੱਸਦੇ ਸਿੱਖ ਪਰਿਵਾਰਾਂ ਨੂੰ ਉਜਾੜ ਕੇ ਰੋਟੀ-ਰੋਜ਼ੀ ਦੇ ਮੁਹਥਾਜ ਬਣਾਇਆ ਗਿਆ।

ਪਰੰਤੂ ਕਿਸੇ ਵੀ ਦੰਗਾਕਾਰੀ ਜਾਂ ਇਹਨਾਂ ਦੀ ਅਗਵਾਈ ਕਰਨ ਵਾਲਿਆਂ ਨੂੰ 29 ਸਾਲ ਬੀਤ ਜਾਣ ਤੇ ਵੀ ਅੱਜ ਤੱਕ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਬੇ-ਕਸੂਰ ਮਾਰੇ ਗਏ ਇਹਨਾਂ ਸਿੱਖ ਪਰਿਵਾਰਾਂ ਦੇ ਰਿਸਦੇ ਜਖਮਾਂ ਪ੍ਰਤੀ ਦੇਸ਼ ਅਤੇ ਵਿਦੇਸ਼ ‘ਚ ਬੈਠੇ ਸਿੱਖ ਮਨ੍ਹਾਂ ‘ਚ ਭਾਰੀ ਰੋਸ ਤੇ ਰੋਹ ਹੈ। ਇਨਸਾਫ ਲਈ ਕਈ ਇਨਕੁਆਰੀ ਕਮਿਸ਼ਨ ਬਣੇ ਪਰ ਇਨਸਾਫ ਦੀ ਕਿਰਨ ਕਿਸੇ ਪਾਸਿਓ ਵੀ ਦਿਖਾਈ ਨਾ ਦਿੱਤੀ, ਸਮੇਂ ਦੀ ਹਕੂਮਤ ਅੱਗੇ ਸਭ ਖੋਖਲੇ ਪੈ ਗਏ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸਿੱਖ ਨਸਲਕੁਸ਼ੀ ਦੇ ਸਾਜ਼ਿਸਕਾਰਾਂ ਨੂੰ ਅੱਜ ਤੀਕ ਸਜ਼ਾਵਾਂ ਨਾ ਦੇਣਾ ਮੰਗਭਾਗਾ ਹੈ। ਉਨ੍ਹਾਂ ਕਿਹਾ ਕਿ ਹਮਲਾ ਕਿਸੇ ਤੇ ਵੀ ਹੋ ਸਕਦਾ ਹੈ, ਪਰ ਉਸ ਦੇ ਪਿਛੇ ਕਾਰਨ ਕੀ ਹੈ ਇਹ ਜਾਨਣਾ ਜਰੂਰੀ ਹੁੰਦਾ ਹੈ। ਮਹਾਤਮਾ ਗਾਂਧੀ ਤੇ ਨੱਥੂ ਰਾਮ ਗੋਂਡਸੇ ਨੇ ਹਮਲਾ ਕੀਤਾ, ਸਜ਼ਾ ਕੇਵਲ ਨੱਥੂ ਰਾਮ ਨੂੰ ਹੀ ਦਿੱਤੀ, ਰਾਜੀਵ ਗਾਂਧੀ ਤੇ ਜੇਕਰ ਹਮਲਾ ਹੋਇਆ ਸਜ਼ਾ ਕੇਵਲ ਹਮਲਾਵਰਾਂ ਤੱਕ ਸੀਮਤ ਸੀ, ਪ੍ਰੰਤੂ ਜੇਕਰ ਅੰਗ ਰੱਖਿਅਕਾਂ ਨੇ ਇੰਦਰਾ ਗਾਂਧੀ ਤੇ ਹਮਲਾ ਕੀਤਾ ਤਾਂ ਸਭ ਤੋਂ ਪਹਿਲਾਂ ਇਸ ਹਮਲੇ ਪਿੱਛੇ ਵਜਾ ਜਾਨਣੀ ਚਾਹੀਦੀ ਸੀ, ਪ੍ਰੰਤੂ ਇੰਝ ਕਰਨ ਦੀ ਬਜਾਏ ਸਮੇਂ ਦੇ ਹਾਕਮਾਂ ਨੇ ਪੂਰੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ। ਤਿੰਨ ਦਿਨ ਲਗਾਤਾਰ ਦਿੱਲੀ ਅਤੇ ਇਸ ਦੀਆਂ ਹਮਾਇਤੀ ਸਰਕਾਰਾਂ ਵਾਲੇ ਸੂਬਿਆਂ ‘ਚ ਚੁਣ-ਚੁਣ ਕੇ ਸਿੱਖ ਨਸਲਕੁਸ਼ੀ ਕੀਤੀ ਗਈ। 29 ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਦੰਗਾਕਾਰੀ ਜਾਂ ਉਨ੍ਹਾਂ ਦੀ ਅਗਵਾਈ ਕਰਨ ਵਾਲਿਆਂ ਨੂੰ ਫਾਹੇ ਨਹੀਂ ਟੰਗਿਆ ਗਿਆ ਉਲਟਾ ਸਿੱਖਾਂ ਦੇ ਰਿਸਦੇ ਜ਼ਖਮਾਂ ਤੇ ਲੂਣ ਛਿੜਕਦਿਆਂ ਦੰਗਾਕਾਰੀਆਂ ਦੀ ਅਗਵਾਈ ਕਰਨ ਵਾਲਿਆਂ ਨੂੰ ਵਜ਼ੀਰੀਆਂ ਦੇ ਕੇ ਨਿਵਾਜਿਆ ਗਿਆ। ਇਸ ਤੋਂ ਪਹਿਲਾਂ ਬੇ-ਕਸੂਰ ਮਾਰੇ ਗਏ ਸਿੱਖਾਂ ਦੀ ਆਤਮਿਕ ਸਾਂਤੀ, ਦੰਗਾਕਾਰੀਆਂ ਅਤੇ ਉਹਨਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਗੁਰਦੁਆਰਾ ਝੰਡੇ-ਬੁੰਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪੁਆਏ ਗਏ। ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਤੇ ਅਰਦਾਸ ਭਾਈ ਕੁਲਵਿੰਦਰ ਸਿੰਘ ਅਰਦਾਸੀਏ ਵੱਲੋਂ ਕੀਤੀ ਗਈ। ਉਪਰੰਤ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਹੁਕਮਨਾਮਾ ਲਿਆ। ਦਿੱਲੀ ‘ਚ ਸਿੱਖ ਨਸਲਕੁਸ਼ੀ ਦੌਰਾਨ ਬੇ-ਕਸੂਰ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਚੋਂ ਬੀਬੀ ਪਰਮਜੀਤ ਕੌਰ (ਜਿਸ ਦੇ ਪਰਿਵਾਰ ਵਿੱਚੋਂ 24 ਜੀਅ ਮਾਰੇ ਗਏ ਸਨ) ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ‘ਸ੍ਰੀ ਅਕਾਲ ਤਖਤ ਸਾਹਿਬ’ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ.ਗੁਰਬਚਨ ਸਿੰਘ ਕਰਮੂੰਵਾਲਾ ਅੰਤ੍ਰਿੰਗ ਕਮੇਟੀ ਮੈਂਬਰ, ਸ.ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ.ਦਿਲਜੀਤ ਸਿੰਘ ਬੇਦੀ ਤੇ ਸ.ਹਰਭਜਨ ਸਿੰਘ ਮਨਾਵਾਂ ਐਡੀ: ਸਕੱਤਰ, ਸ.ਸੁਖਦੇਵ ਸਿੰਘ ਭੂਰਾ ਕੋਹਨਾ ਤੇ ਸ.ਬਿਜੈ ਸਿੰਘ ਮੀਤ ਸਕੱਤਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ ਤੋਂ ਇਲਾਵਾ ਵੱਡੀ ਗਿੱਣਤੀ ‘ਚ ਸਿੱਖ ਸੰਗਤਾਂ ਮੌਜੂਦ ਸਨ।