June 23, 2026 5:41 pm

ਮੋਦੀ ਦੀ ਜਾਨ ਨੂੰ ਖ਼ਤਰਾ ਆਈਬੀ ਦਾ ਪੰਜਾਬ ਪੁਲਿਸ ਨੂੰ ਅਲਰਟ

ਨਵੀਂ ਦਿੱਲੀ, 4 ਨਵੰਬਰ (ਪੀ.ਟੀ.) – ਭਾਜਪਾ ਦੇ ਪੀ. ਐੱਮ. ਉਮੀਦਵਾਰ ਤੇ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ‘ਤੇ ਹਮਲੇ ਨੂੰ ਲੈ ਕੇ ਆਈ. ਬੀ. ਨੇ ਪੰਜਾਬ ਪੁਲਿਸ ਨੂੰ ਅਲਰਟ ਭੇਜਿਆ ਹੈ। ਮੋਦੀ ਕਈ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ‘ਤੇ ਹਨ। ਪੰਜਾਬ ਦੇ ਮੋਗੇ ‘ਚ ਮੋਦੀ ਦੀ ਰੈਲੀ ਹੋਣੀ ਹੈ ਜਿਸ ਵਿੱਚ ਅਕਾਲੀ ਦਲ ਵੀ ਨਾਲ ਹੋਵੇਗਾ। ਗ੍ਰਹਿ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਮੋਦੀ ਨੂੰ ਨਿਸ਼ਾਨਾ ਬਣਾਉਣ ਲਈ ਅੱਤਵਾਦੀ ਸੰਗਠਨ ਲਸ਼ਕਰ- ਏ-ਤਇਬਾ, ਹਿਜਬੁਲ ਮੁਜਾਹਦੀਨ ਤੇ ਸ਼ਾਹਿਦ ਬਿਲਾਲ ਇੱਕ ਹੋ ਗਏ ਹਨ। ਆਈ. ਐੱਸ. ਆਈ. ਦੇ ਇਸ਼ਾਰੇ ‘ਤੇ ਇਨ੍ਹਾਂ ਸੰਗਠਨਾਂ ਨੇ ਫਿਲਹਾਲ ਇੰਡੀਅਨ ਮੁਜਾਹਦੀਨ ਨੂੰ ਆਪਰੇਸ਼ਨ ਦਾ ਜਿੰਮਾ ਸੌਂਪਿਆ ਹੈ। ਸੂਤਰਾਂ ਦੇ ਮੁਤਾਬਕ ਗ੍ਰਹਿ ਮੰਤਰਾਲੇ ਤੋਂ ਭੇਜੇ ਗਏ ਖ਼ਤ ਵਿੱਚ ਕਿਹਾ ਗਿਆ ਹੈ ਕਿ ਮੋਦੀ ਨੂੰ ਅੱਤਵਾਦੀ ਸੰਗਠਨਾਂ ਤੋਂ ਇਲਾਵਾ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਤੋਂ ਵੀ ਖ਼ਤਰਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਇਨਪੁਟਸ ਕਾਫ਼ੀ ਦਿਨ ਪਹਿਲਾਂ ਮਿਲ ਗਏ ਸਨ। ਉਥੇ ਹੀ, ਸਪੈਸ਼ਲ ਸੈੱਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਆਈ. ਐੱਸ. ਆਈ. ਦੇ ਇਸ਼ਾਰੇ ‘ਤੇ ਹੀ ਰਿਆਜ ਭਟਕਲ ਦੇ ਨਿਰਦੇਸ਼ ਉੱਤੇ ਤਹਿਸੀਮ ਨੇ ਮੋਦੀ ਦੀ ਪਟਨਾ ਵਿੱਚ ਹੁੰਕਾਰ ਰੈਲੀ ‘ਚ ਧਮਾਕੇ ਕਰਵਾਏ ਸਨ। ਰਿਆਜ ਭਟਕਲ ਨੇ ਹੀ ਬੋਧਗਯਾ ਵਿੱਚ ਵੀ ਬੰਬ ਧਮਾਕੇ ਕਰਵਾਏ ਸਨ। ਧਿਆਨ ਯੋਗ ਹੈ ਕਿ ਹੁੰਕਾਰ ਰੈਲੀ ਦੇ ਦੌਰਾਨ ਅੱਤਵਾਦੀ ਹਮਲੇ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਮੋਦੀ ਦੀ ਸੁਰੱਖਿਆ ਚੁਸਤ-ਦਰੁਸਤ ਕਰ ਦਿੱਤੀ ਹੈ। ਇਸ ਦੇ ਤਹਿਤ 2014 ਲੋਕਸਭਾ ਚੋਣਾਂ ਤੋਂ ਪਹਿਲਾਂ ਮੋਦੀ ਜਿੱਥੇ ਵੀ ਜਾਣਗੇ, ਉੱਥੇ ਪਹਿਲਾਂ ਹੀ ਪੂਰੀ ਸੁਰੱਖਿਆ ਦੀ ਜਾਂਚ ਕਰ ਲਈ ਜਾਵੇਗੀ।

Send this to a friend