ਚੰਡੀਗੜ੍ਹ, 8 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੀ ਸਤਾ ‘ਤੇ ਕਾਂਗਰਸ ਦੀ ਸਰਕਾਰ ਛੇ ਮਹੀਨੇ ਦਾ ਕਾਰਜਕਾਲ ਪੂਰਾ ਕਰ ਚੁਕੀ ਹੈ, ਜਿਸ ਨੂੰ ਲੈ ਕੇ ਅਕਾਲੀ ਦਲ ਨੇ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ। ਇਸ ਮੌਕੇ ਇਕ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ‘ਤੇ ਜਮ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ?ਨੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰਦੇ ਹੋਏ ‘ਹਰ ਘਰ ‘ਚ ਇਕ ਨੌਕਰੀ‘ ਦੇਣ ਦਾ ਨਾਅਰਾ ਦਿਤਾ ਸੀ ਪਰ ਉਹ ਆਪਣੇ ਇਸ ਵਾਅਦੇ ਨੂੰ ਲੈ ਕੇ ਫ਼ੇਲ੍ਹ ਸਾਬਤ ਹੋਏ ਹਨ। ਇਸ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਖਾਸ ਤੌਰ ‘ਤੇ ਮਨਪ੍ਰੀਤ ਬਾਦਲ ਨੂੰ ਨਿਸ਼ਾਨੇ ‘ਤੇ ਲਿਆ।
ਫਾਇਨਾਂਸ ਦੀ ਭੋਰਾ ਸਮਝ ਨਹੀਂ ਮਨਪ੍ਰੀਤ ਨੂੰ- ਸੁਖਬੀਰ ਬਾਦਲ ਨੇ ਆਪਣੇ ਚਚੇਰੇ ਭਰਾ ਅਤੇ ਕਾਂਗਰਸ ਸਰਕਾਰ ਵਿਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਜਮ ਕੇ ਨਿਸ਼ਾਨਾ ਸਾਧਿਆ।ਉਨ੍ਹਾਂ ਕਿਹਾ ਕਿ ਮਨਪ੍ਰੀਤ ਨੂੰ ਫਾਇਨਾਂਸ ਦੀ ਬਿਲਕੁਲ ਵੀ ਸਮਝ ਨਹੀਂ ਹੈ, ਇਹ ਇਕ ਨਾ ਇਕ ਦਿਨ ਕੈਪਟਨ ਸਾਬ੍ਹ ਨੂੰ ਮਰਵਾਏਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿਤ ਮੰਤਰੀ ਨੇ ਵਡੇ-ਵਡੇ ਦਾਅਵੇ ਤਾਂ ਕੀਤੇ ਹਨ ਪਰ ਉਨ੍ਹਾਂ ਨੂੰ ਪੂਰਾ ਕਰਨ ਦੀ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਦਾਅਵਾ ਜਾਂ ਵਾਅਦਾ ਕਰਦਾ ਹੈ, ਉਸ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਵੀ ਉਸੇ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਚੋਣ ਮੈਨੀਫੈਸਟੋ ਪੂਰੀ ਤਰ੍ਹਾਂ ਝੂਠ ਦਾ ਪੁਲੰਦਾ ਹੈ।
ਮਨਪ੍ਰੀਤ ਬਾਦਲ ਨੂੰ ਦਸਿਆ ਵਡਾ ਡਰਾਮੇਬਾਜ਼- ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਦੀ ਵਖਰੀ ਹੀ ਰਾਜਨੀਤੀ ਹੈ। ਮਨਪ੍ਰੀਤ ਕਹਿੰਦੈ ਕਿ ਜੇ ਸੇਵਿੰਗ ਕਰਨੀ ਹੈ ਤਾਂ ਚਾਰ ਰੋਟੀਆਂ ਖਾਣ ਦੀ ਬਜਾਏ ਦੋ ਰੋਟੀਆਂ ਖਾਓ, ਇਸ ਨਾਲ ਆਟੇ ਦੀ ਮੰਗ ਘਟੇਗੀ, ਨਾਲ ਹੀ ਕਣਕ ਦੀ ਮੰਗ ਘਟੇਗੀ ਅਤੇ ਫਿਰ ਕਿਸਾਨ ਮਰੇਗਾ। ਇਹ ਕਿਹੜੀ ਸੇਵਿੰਗ ਹੋਈ? ਹੁਣ ਉਹ ਕਹਿੰਦੈ ਕਿ ਮੈਂ ਆਪਣੇ ਦਫ਼ਤਰ ‘ਚ ਚਾਹ ਨਹੀਂ ਦੇਣੀ, ਉਥੇ ਬੋਰਡ ਵੀ ਲਗਵਾ ਦਿਤਾ ਗਿਐ, ਹੁਣ ਓਹਨੇ ਕਿੰਨੀ ਕੁ ਸੇਵਿੰਗ ਕਰ ਲਈ? ਪਤਾ ਨਹੀਂ ਕੀ-ਕੀ ਡਰਾਮੇਬਾਜ਼ੀਆਂ ਕਰੀ ਜਾਂਦੈ।
ਮਨਪ੍ਰੀਤ ਮਰਵਾਏਗਾ ਕੈਪਟਨ ਨੂੰ : ਸੁਖਬੀਰ ਬਾਦਲ



