June 20, 2026 7:38 pm

ਗੁਜਰਾਤ ਦੇ ਪੰਜਾਬੀ ਕਿਸਾਨਾਂ ਦੇ ਮਸਲੇ ਉੱਤੇ ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਵਿੱਚੋਂ ਵਾਕ ਆਊਟ

ਚੰਡੀਗੜ੍ਹ, 1 ਨਵੰਬਰ (ਦਵਿੰਦਰਜੀਤ ਸਿੰਘ ਦਰਸ਼ੀ)-ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਦੇ ਸੈਸ਼ਨ ਦੇ ਅਖੀਰਲੇ ਦਿਨ ਅੱਜ ਕਾਂਗਰਸ ਪਾਰਟੀ ਦੇ ਵਿਧਾਨਕਾਰਾਂ ਨੇ ਉਸ ਵੇਲੇ ਸਦਨ ਵਿਚ ਵਾਕ ਆਊਟ ਕਰ ਦਿੱਤਾ ਜਦੋਂ ਸਪੀਕਰ ਨੇ ਗੁਜਰਾਤ ਦੇ ਉਜਾੜੇ ਜਾ ਰਹੇ ਪੰਜਾਬੀ ਕਿਸਾਨਾਂ ਦੇ ਹੱਕ ਵਿਚ ਸਰਬ ਸੰਮਤੀ ਨਾਲ ਮਤਾ ਪਾਸ ਕਰਨ ਦਾ ਵਿਰੋਧੀ ਧਿਰ ਦੇ ਲੀਡਰ ਸੁਨੀਲ ਜਾਖੜ ਨੂੰ ਮਤਾ ਪੇਸ਼ ਕਰਨ ਤੋਂ ਨਾਂਹ ਕਰ ਦਿੱਤੀ। ਸ੍ਰੀ ਜਾਖੜ ਦਾ ਕਹਿਣਾ ਸੀ ਕਿ ਸਦਨ ਨੂੰ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਭੇਜਣਾ ਚਾਹੀਦਾ ਹੈ ਕਿ ਉਹ ਉਨ੍ਹਾਂ ਪੀੜਤ ਪੰਜਾਬੀ ਕਿਸਾਨਾਂ ਨੂੰ ਉਜਾੜਨ ਸਬੰਧੀ ਸੁਪਰੀਮ ਕੋਰਟ ਵਿਚ ਪਾਈ ਰਿਟ ਵਾਪਸ ਲੈ ਲੈਣ। ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਇਹ ਕਹਿ ਕੇ ਉਨ੍ਹਾਂ ਦੀ ਮੰਗ ਰੱਦ ਕਰ ਦਿੱਤੀ ਕਿ ਇਹ ਦੂਸਰੇ ਰਾਜ ਦਾ ਮਸਲਾ ਹੈ, ਇਸ ਲਈ ਅਜਿਹਾ ਨਹੀਂ ਹੋ ਸਕਦਾ, ਪਰ ਨਾਲ ਹੀ ਉਨ੍ਹਾਂ ਅਕਾਲੀ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਵੱਲੋਂ ਕੈਨੇਡਾ ਦੇ ਕਿਊਬਿਕ ਸੂਬੇ ਵਿਚ ਧਾਰਮਿਕ ਚਿੰਨ੍ਹਾਂ ਉਤੇ ਪਾਬੰਦੀ ਲਾਉਣ ਸਬੰਧੀ ਬਣ ਰਹੇ ਕਾਨੂੰਨ ਵਿਰੁੱਧ ਪੇਸ਼ ਕੀਤਾ ਮਤਾ ਪ੍ਰਵਾਨ ਕਰ ਲਿਆ, ਜਿਸ ਵਿਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਇਸ ਮਸਲੇ ਨੂੰ ਕੈਨੇਡਾ ਸਰਕਾਰ ਕੋਲ ਉਠਾਵੇ ਤੇ ਇਹ ਕਾਨੂੰਨ ਨੂੰ ਲਾਗੂ ਹੋਣ ਤੋਂ ਰੋਕੇ। ਡਾ. ਚੀਮਾ ਨੇ ਕਿਹਾ ਕਿ ਇਸ ਨਾਲ ਉਥੇ ਰਹਿੰਦੇ ਪੰਜਾਬੀਆਂ ਖਾਸ ਕਰ ਸਿੱਖਾਂ, ਮੁਸਲਮਾਨਾਂ ਦਾ ਕਾਫੀ ਨੁਕਸਾਨ ਹੋਵੇਗਾ, ਜਿਸ ਨੂੰ ਵਿਰੋਧੀ ਧਿਰ ਦੇ ਮੈਂਬਰਾਂ ਦੀ ਗੈਰ ਹਾਜ਼ਰੀ ਵਿਚ ਹੀ ਪਾਸ ਕਰ ਦਿੱਤਾ ਗਿਆ।

Send this to a friend