Skip to content
Independent perspectives. Global stories.
BREAKING

ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਵਿਦੇਸ਼ੀਆਂ ਦੀ ਰਿਕਾਰਡ ਗਿਣਤੀ

Share this story

ਅੰਮ੍ਰਿਤਸਰ, 4 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿਚ ਹੋਏ ਜ਼ਬਰਦਸਤ ਵਾਧੇ ਦੇ ਚਲਦਿਆਂ ਪੰਜਾਬ ਵਿਦੇਸ਼ੀ ਸੈਲਾਨੀਆਂ ਵਲੋਂ ਪਸੰਦ ਕੀਤਾ ਜਾਣ ਵਾਲਾ ਭਾਰਤ ਦਾ 10ਵਾਂ ਸੂਬਾ ਬਣ ਗਿਆ ਹੈ। ਸੂਬਾ ਸਰਕਾਰ ਵਲੋਂ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਕੋਈ ਠੋਸ ਕਦਮ ਨਾ ਚੁਕੇ ਜਾਣ ਦੇ ਬਾਵਜੂਦ ਲੋਕ ਵਡੀ ਗਿਣਤੀ ਵਿਚ ਹਰਿਮੰਦਰ ਸਾਹਿਬ ਮਥਾ ਟੇਕਣ ਪਹੁੰਚ ਰਹੇ ਹਨ।ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸੈਲਾਨੀਆਂ ਦੀ ਬਦੌਲਤ ਹੀ ਪੰਜਾਬ ਨੇ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਮਧ ਪ੍ਰਦੇਸ਼, ਗੁਜਰਾਤ, ਅੰਡੇਮਾਨ ਨਿਕੋਬਾਰ, ਆਸਾਮ ਵਰਗੇ ਸੂਬਿਆਂ ਨੂੰ ਪਿਛੇ ਛਡ ਦਿਤਾ ਹੈ। ਦੇਸ਼ ਦੇ ਸੈਰ ਸਪਾਟਾ ਵਿਭਾਗ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2016 ਵਿਚ ਪੰਜਾਬ ਵਿਚ ਕੁਲ 6,59,736 ਵਿਦੇਸ਼ ਸੈਲਾਨੀ ਘੁੰਮਣ ਲਈ ਆਏ ਸਨ।ਸੂਚੀ ਮੁਤਾਬਕ ਤਾਮਿਲਨਾਡੂ ਦੇਸ਼ ਦਾ ਪਹਿਲਾ ਸੂਬਾ ਹੈ ਜਿਥੇ ਪਿਛਲੇ ਸਾਲ 47,21,978 ਵਿਦੇਸ਼ ਸੈਲਾਨੀ ਆਏ ਸਨ। ਇਸੇ ਤਰ੍ਹਾਂ 46,70,049 ਸੈਲਾਨੀਆਂ ਦੀ ਆਮਦ ਨਾਲ ਮਹਾਰਾਸ਼ਟਰ ਦੂਜੇ ਨੰਬਰ ‘ਤੇ, 31,56,812 ਸੈਲਾਨੀਆਂ ਨਾਲ ਉਤਰ ਪ੍ਰਦੇਸ਼ ਤੀਜੇ ਨੰਬਰ ‘ਤੇ, ਦਿਲੀ ਚੌਥੇ ਨੰਬਰ ‘ਤੇ, ਪਛਮੀ ਬੰਗਾਲ ਪੰਜਵੇਂ, ਰਾਜਸਥਾਨ ਛੇਵੇਂ, ਕੇਰਲ ਸਤਵੇਂ, ਬਿਹਾਰ ਅਠਵੇਂ, ਗੋਆ ਨੌਵੇਂ ਨੰਬਰ ‘ਤੇ ਪੁਜਾ ਹੈ।ਉਕਤ ਲਿਸਟ ਮੁਤਾਬਕ ਸਿਟੀ ਬਿਊਟੀਫੁਲ ਚੰਡੀਗੜ੍ਹ 25ਵੇਂ ਸਥਾਨ ‘ਤੇ ਆਇਆ ਹੈ। ਜੰਮੂ-ਕਸ਼ਮੀਰ ਵਿਚ ਹਾਲਾਤ ਠੀਕ ਨਾ ਹੋਣ ਕਰਕੇ ਜ਼ਿਆਦਾ ਵਿਦੇਸ਼ੀ ਸੈਲਾਨੀ ਉਥੇ ਜਾਣ ਲਈ ਤਿਆਰ ਨਹੀਂ ਹਨ। ਇਸ ਦੇ ਨਾਲ ਹੀ ਆਪਣੀ ਸੁੰਦਰਤਾ ਲਈ ਜਾਣਿਆ ਜਾਂਦਾ ਹਿਮਾਚਲ ਪ੍ਰਦੇਸ਼ 12ਵੇਂ ਨੰਬਰ ‘ਤੇ ਹੈ। ਹਰਿਮੰਦਰ ਸਾਹਿਬ ਤੋਂ ਮਿਲੀ ਜਾਣਕਾਰੀ ਮੁਤਾਬਕ ਹਰ ਰੋਜ਼ ਇਕ ਲਖ ਤੋਂ ਵਧ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ ਤੇ ਉਨ੍ਹਾਂ ਵਿਚੋਂ 2000 ਵਿਦੇਸ਼ੀ ਸੈਲਾਨੀ ਹੁੰਦੇ ਹਨ।

WRITTEN BY