June 23, 2026 3:22 pm

ਟਰੱਕ ਯੂਨੀਅਨ ਰਾਮਾਂ ਦੇ ਸਾਬਕਾ ਪ੍ਰਧਾਨ ਤੇ ਬਲਾਕ ਮੀਤ ਪ੍ਰਧਾਨ ਸਮੇਤ ਦਰਜਨਾਂ ਕਾਂਗਰਸੀ ਅਕਾਲੀ ਦਲ ‘ਚ ਸ਼ਾਮਿਲ

ਤਲਵੰਡੀ ਸਾਬੋ 1 ਨਵੰਬਰ (ਰਣਜੀਤ ਸਿੰਘ ਰਾਜੂ) ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੂ ਵੱਲੋਂ ਹਲਕੇ ਅੰਦਰ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਆਰੰਭੀ ਮੁਹਿੰਮ ਦੇ ਚਲਦਿਆਂ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਕਾਂਗਰਸ ਦੇ ਦੋ ਵੱਡੇ ਆਗੂਆਂ ਨੇ ਆਪਣੇ ਦਰਜਨਾਂ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਅਕਾਲੀ ਦਲ ਦਾ ਸਾਥ ਦੇਣ ਦਾ ਐਲਾਨ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਮੌਜੂਦਗੀ ਵਿੱਚ ਕਰ ਦਿੱਤਾ। ਇੱਥੇ ਦੱਸਣਾ ਬਣਦਾ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਦੌਰੇ ਦੌਰਾਨ ਪਿੰਡ ਮਲਕਾਣਾ ਵਿਖੇ ਰੱਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬਲਾਕ ਕਾਂਗਰਸ ਕਮੇਟੀ ਤਲਵੰਡੀ ਸਾਬੋ ਦੇ ਮੀਤ ਪ੍ਰਧਾਨ ਅਤੇ ਟਰੱਕ ਯੂਨੀਅਨ ਰਾਮਾਂ ਦੇ ਪ੍ਰਧਾਨ ਰਹਿ ਚੁੱਕੇ ਕਾਂਗਰਸੀ ਆਗੂ ਰਾਮਪਾਲ ਸਿੰਘ ਮਲਕਾਣਾ ਨੇ ਆਪਣੇ ਕਰੀਬ ਪੰਜ ਦਰਜਨ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ।ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੁ ਅਤੇ ਯੂਥ ਅਕਾਲੀ ਦਲ ਦੇ ਸੀਨ:ਆਗੂ ਕਾਕਾ ਵਿਸ਼ਵਦੀਪ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਬੀਬਾ ਬਾਦਲ ਨੇ ਉਕਤ ਕਾਂਗਰਸੀ ਆਗੂਆਂ ਨੂੰ ਸਿਰੋਪਾਉ ਦੇ ਕੇ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਪੂਰਾ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ। ਉੱਧਰ ਪਿੰਡ ਲਾਲੇਆਣਾ ਵਿਖੇ ਰੱਖੇ ਸਮਾਗਮ ਵਿੱਚ ਬਲਾਕ ਕਾਂਗਰਸ ਦੇ ਹੀ ਇੱਕ ਹੋਰ ਮੀਤ ਪ੍ਰਧਾਨ ਪਾਲ ਸਿੰਘ ਲਾਲੇਆਣਾ ਨੇ ਵੀ ਕਾਂਗਰਸ ਪਾਰਟੀ ਨੂੰ ਫਤਹਿ ਬੁਲਾਂਉਦਿਆਂ ਅਕਾਲੀ ਦਲ ਦਾ ਪੱਲਾ ਫੜਨ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ ਪਿੰਡ ਭਾਗੀਵਾਂਦਰ ਵਿੱਚ ਹਰਮੰਦਰ ਸਿੰਘ ਜੱਸੀ ਦੇ ਵਿਧਾਇਕ ਹੁੰਦੇ ਸਮੇਂ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਰਹਿ ਚੁੱਕੇ ਜਗਸੀਰ ਸਿੰਘ ਭਾਗੀਵਾਂਦਰ ਨੇ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਅਕਾਲੀ ਦਲ ਵਿੱਚ ਜਾਣ ਦਾ ਐਲਾਨ ਕਰ ਦਿੱਤਾ। ਉੱਧਰ ਰਾਮਪਾਲ ਮਲਕਾਣਾ ਨਾਲ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਸਾਬਕਾ ਬਲਾਕ ਸੰਮਤੀ ਚੇਅਰਮੈਨ ਦੇ ਸਪੁੱਤਰ ਅਵਤਾਰ ਸਿੰਘ, ਸ਼ੇਰ ਸਿੰਘ, ਜਸਵਿੰਦਰ ਸਿੰਘ, ਨੈਬ ਸਿੰਘ, ਕਰਨੈਲ ਸਿੰਘ, ਗੋਰਾ ਸਿੰਘ, ਗੁਰਜੰਟ ਸਿੰਘ ਆਦਿ ਦੇ ਨਾਂ ਪ੍ਰਮੁੱਖ ਹਨ।

Send this to a friend