ਨਵੀਂ ਦਿੱਲੀ, 30 ਅਕਤੂਬਰ (ਵਿਸ਼ਵ ਵਾਰਤਾ) : ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਮਦਦ ਤੋਂ ਬਿਨਾਂ ਘੁਸਪੈਠ ਸੰਭਵ ਨਹੀਂ ਹੈ। ਰੱਖਿਆ ਮੰਤਰੀ ਏ.ਕੇ ਐਂਟਨੀ ਨੇ ਅੱਜ ਪਾਕਿਸਤਾਨ ਦੇ ਇਰਾਦਿਆਂ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਤੱਕ ਦੋਨਾਂ ਦੇਸ਼ਾਂ ਦੇ ਸੈਨਿਕ ਸਰਹੱਦ ‘ਤੇ ਮੌਜੂਦ ਹਨ ਤਾਂ ਫਿਰ ਅੱਤਵਾਦੀਆਂ ਦੀ ਘੁਸਪੈਠ ਕਿਸ ਤਰ੍ਹਾਂ ਸੰਭਵ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਯਕੀਨ ਨਾਲ ਇਹ ਕਹਿ ਸਕਦੇ ਹਨ ਕਿ ਕੁਝ ਵੀ ਪਾਕਿਸਤਾਨੀ ਫੌਜ ਦੀ ਜਾਣਕਾਰੀ ਜਾਂ ਸਹਾਇਤਾ ਤੋਂ ਬਿਨਾਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਸਬੰਧ ਸੁਧਾਰਨ ਦੀ ਗੱਲ ਕਰ ਰਿਹਾ ਹੈ ਤਾਂ ਫਿਰ ਜੰਗਬੰਦੀ ਦਾ ਉਲੰਘਣਾ ਅਤੇ ਘੁਸਪੈਠ ਵਿਚ ਵਾਧਾ ਕਿਉਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਹਰ ਚੁਣੌਤੀ ਨਾਲ ਨਜਿੱਠਣ ਵਾਸਤੇ ਤਿਆਰ ਹੈ।
ਜ਼ਿਕਰਯੋਗ ਹੈ ਕਿ ਬੀਤੇ ਕਈ ਮਹੀਨਿਆਂ ਤੋਂ ਪਾਕਿਸਤਾਨੀ ਅਤੇ ਭਾਰਤੀ ਫੌਜ ਦਰਮਿਆਨ ਗੋਲੀਬਾਰੀ ਆਮ ਗੱਲ ਹੋ ਗਈ ਹੈ। ਗੋਲੀਬਾਰੀ ਦੀਆਂ ਇਹ ਘਟਨਾਵਾਂ ਦੋਨਾਂ ਮੁਲਕਾਂ ਦਰਮਿਆਨ ਸਾਲ 2003 ਵਿਚ ਪਾਕਿਸਤਾਨ ਅਤੇ ਜੰਮੂ ਕਸ਼ਮੀਰ ਸਰਹੱਦ ਦੀਆਂ ਤਿੰਨ ਥਾਵਾਂ ਕੰਟਰੋਲ ਰੇਖਾ, ਕੌਮਾਂਤਰੀ ਸਰਹੱਦ ਤੇ ਅਸਲੀ ਕੰਟਰੋਲ ਰੇਖਾ ‘ਤੇ ਗੋਲੀਬਾਰੀ ਸਬੰਧੀ ਹੋਏ ਸਮਝੌਤੇ ਦੀਆਂ ਘੋਰ ਉਲੰਘਣਾ ਹਨ। ਨੌਂ ਸਾਲ ਪਹਿਲਾਂ ਲਾਗੂ ਹੋਏ ਇਸ ਸਮਝੌਤੇ ਦੀ ਬੀਤੇ ਇਕ ਸਾਲ ਵਿਚ ਪਾਕਿਸਤਾਨੀ ਸਰਕਾਰ ਵੱਲੋਂ ਵਾਰ-ਵਾਰ ਉਲੰਘਣਾ ਕੀਤੀ ਗਈ।