ਵਾਤਾਵਰਣ ਨੂੰ ਸਾਫ਼ ਸੁਥਰਾ ਤੇ ਸੁੱਧ ਬਣਾਉਣ ’ਚ ਨਿਭਾਈ ਜਾਵੇ ਅਹਿਮ ਭੂਮਿਕਾ-ਸਿਵਲ ਸਰਜਨ

ਜਲੰਧਰ 18 ਅਗਸਤ 2017 – ਵਾਤਾਵਰਣ ਦੀ ਜੇਕਰ ਅਸੀਂ ਅੱਜ ਸੰਭਾਲ ਨਾ ਕੀਤੀ ਤਾਂ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਹਨੇਰੇ ਵੱਲ ਧੱਕ ਰਹੇ ਹੋਵਾਂਗੇ, ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਹੋ ਕੇ ਇਸ ਨੂੰ ਸੁੱਧ ਤੇ ਸਾਫ਼ ਸੁਥਰਾ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਜ¦ਧਰ ਡਾ.ਰਘੁਬੀਰ ਸਿੰਘ ਨੇ ਅੱਜ ਸਿਹਤ ਵਿਭਾਗ ਵਲੋਂ ਹਿਮਿਊਨਟੀ ਇਨ ਐਕਸ਼ਨ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਖੇ ਪੌਦਾ ਲਗਾਉਣ ਉਪਰੰਤ ਕੀਤਾ। ਸਿਵਲ ਸਰਜਨ ਜਲੰਧਰ ਨੇ ਕਿਹਾ ਕਿ ਅਸੀਂ ਜਿਸ ਚੌਗਿਰਦੇ ਵਿੱਚ ਜਿਉਂਦੇ ਹਾਂ ਉਸ ਨਾਲ ਪਿਆਰ ਕਰਨਾ ਬਹੁਤ ਜਰੂਰੀ ਹੈ, ਇਸ ਲਈ ਆਪਣੇ ਆਲੇ-ਦੁਆਲੇ ਨੂੰ ਅਪਣਾ ਘਰ ਸਮਝਦੇ ਹੋਏ ਇਸ ਨੂੰ ਬਿੱਲਕੁੱਲ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਜਰੂਰਤਾਂ ਲਈ ਅਜੋਕੇ ਸਮੇਂ ਵਿੱਚ ਲਗਾਤਾਰ ਜੰਗਲਾਂ ਦੀ ਕਟਾਈ ਹੋ ਰਹੀ ਹੈ ਜਿਸ ਦਾ ਸਿੱਧਾ ਅਸਰ ਸਾਡੇ ਵਾਤਾਵਰਣ ਦੇ ਨਾਲ-ਨਾਲ ਮਨੁੱਖੀ ਸਿਹਤ ’ਤੇ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਵਿੱਚ ਪੇੜ ਪੌਦੇ ਹੀ ਸ਼ਾਮਿਲ ਨਹੀਂ ਹੁੰਦੇ ਸਗੋਂ ਉਹ ਜਮੀਨ ਜਿਸ ਉਤੇ ਅਸੀਂ ਰਹਿੰਦੇ ਹਾਂ, ਉਹ ਹਵਾ ਜਿਸ ਵਿਚ ਅਸੀਂ ਸਾਹ ਲੈਂਦੇ ਹਾਂ ਅਤੇ ਉਹ ਪਾਣੀ ਜੋ ਸਾਡੇ ਜਿੰਦਾ ਰਹਿਣ ਦਾ ਅਧਾਰ ਹੈ ਵੀ ਸ਼ਾਮਿਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨੋ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਸਾਨੂੰ ਚਿੰਤਨ ਕਰਨਾ ਚਾਹੀਦਾ ਹੈ ਕਿ ਇਨਾਂ ਨੂੰ ਕਿਸ ਤਰ੍ਹਾਂ ਸੰਭਾਲਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਵਾਤਾਵਰਣ ਦੀ ਸੁੱਧਤਾ ਲਈ ਸਭ ਨੂੰ ਅਗੇ ਆਉਣ ਦਾ ਸੱਦਾ ਵੀ ਦਿੱਤਾ। ਮੈਡੀਕਲ ਸੁਪਰਡੰਟ ਡਾ.ਕਮਲਜੀਤ ਸਿੰਘ ਬਾਵਾ ਨੇ ਦੱਸਿਆ ਕਿ ਸਭ ਤੋਂ ਜਰੂਰੀ ਹਰਿਆਲੀ ਦੀ ਰੱਖਿਆ ਕਰਨੀ ਹੈ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਕੀਤੀ ਜਾਵੇ ਕਿ ਆਪਣੇ ਘਰਾਂ ਦੇ ਵਿੱਚ ਕਿਚਨ ਗਾਰਡਨ ਜਾਂ ਟੈਰੇਸ ਗਾਰਡਨ ਜਰੂਰ ਬਣਾਏ ਜਾਣ ਤਾਂ ਜੋ ਸਾਨੂੰ ਤਾਜ਼ਾ ਹਵਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਕੀਤੀਆਂ ਗਈਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਵਾਤਾਵਰਣ ਨੂੰ ਸਾਫ਼ ਸੁਥਰਾ ਤੇ ਸਵੱਛ ਰੱਖਣ ਵਿੱਚ ਅਹਿਮ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਜਨਮ ਦਿਨ ਮੌਕੇ ਘੱਟੋ-ਘੱਟ ਇਕ ਬੂਟਾ ਜਰੂਰ ਲਗਾਈਏ ਤਾਂ ਜੋ ਇਸ ਦਾ ਸਮਾਜ ਨੂੰ ਫਾਇਦਾ ਹੋ ਸਕੇ ਤੇ ਸਾਡਾ ਆਲਾ ਦੁਆਲਾ ਖੁਸਗਵਾਰ ਬਣਿਆ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਪ੍ਰੀਤ ਕੌਰ ਮਾਨ, ਐਸ.ਐਮ.ਓ.ਸਿਵਲ ਹਸਪਤਾਲ ਡਾ.ਚਰੰਜੀਵ , ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਪਰਸੋਤਮ ਲਾਲ, ਹਿਮਿਊਨਟੀ ਇਨ ਐਕਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਸੰਜੀਵਾ ਥਾਮਸ ਵੀ ਮੌਜੂਦ ਸਨ।

Send this to a friend