ਬੁੰਗਾ ਮਸਤੂਆਣਾ ਪ੍ਰਬੰਧਕਾਂ ਨੇ ਕਾਰ ਸੇਵਾ ਵਿੱਚ ਹਿੱਸਾ ਪਾਉਣ ਵਾਲੀਆਂ ਸੰਗਤਾਂ, ਸਖਸ਼ੀਅਤਾਂ ਦਾ ਕੀਤਾ ਧੰਨਵਾਦ
ਤਲਵੰਡੀ ਸਾਬੋ, 17 ਅਗਸਤ- ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਬੁੰਗਾ ਮਸਤੂਆਣਾ ਸਾਹਿਬ ਦੇ ਪ੍ਰਬੰਧ ਹੇਠਲੇ ਗੁ:ਮੰਜੀ ਸਾਹਿਬ ਵਿੱਚ ਬਣੇ ਨੌਵੇਂ ਪਾਤਸ਼ਾਹ ਸ੍ਰੀ ਗੁਰੂੁ ਤੇਗ ਬਹਾਦੁਰ ਸਾਹਿਬ ਜੀ ਦੇ ਪਾਵਨ ਸਰੋਵਰ ਦੀ ਕਾਰ ਸੇਵਾ ਜੋ ਬੀਤੇ ਦਿਨਾਂ ਵਿੱਚ ਪੰਜ ਪਿਆਰਿਆਂ ਵੱਲੋਂ ਟੱਕ ਲਾਉਣ ਨਾਲ ਆਰੰਭ ਹੋਈ ਸੀ ਬੀਤੇ ਦਿਨ ਸੰਪ੍ਰਦਾਇ ਭਿੰਡਰਾਂ ਵੱਲੋਂ ਪੁੱਜੇ ਪੰਜ ਪਿਆਰਿਆਂ ਅਤੇ ਬੁੰਗਾ ਮਸਤੂਆਣਾ ਦੀਆਂ ਧਾਰਮਿਕ ਸਖਸ਼ੀਅਤਾਂ ਵੱਲੋਂ ਸਰੋਵਰ ਵਿੱਚ ਜਲ ਛੱਡ ਦੇਣ ਦੇ ਨਾਲ ਹੀ ਸੰਪੂਰਨ ਹੋ ਗਈ। ਇੱਥੇ ਦੱਸਣਾ ਬਣਦਾ ਹੈ ਕਿ ਬੁੰਗਾ ਮਸਤੂਆਣਾ ਪ੍ਰਬੰਧਕਾਂ ਵੱਲੋਂ ਆਰੰਭੀ ਪਾਵਨ ਗੁਰੂਸਰ ਸਰੋਵਰ ਦੀ ਕਾਰ ਸੇਵਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ,ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਉਚ ਧਾਰਮਿਕ ਸਖਸ਼ੀਅਤਾਂ, ਸੰਪ੍ਰਾਦਾਵਾਂ ਦੇ ਮੁਖੀਆਂ, ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਪੁੱਜੀਆਂ ਹਜਾਰਾਂ ਸੰਗਤਾਂ ਨੇ ਹਿੱਸਾ ਪਾਇਆ ਸੀ ਤੇ ਉਸੇ ਦੀ ਹੀ ਬਦੌਲਤ ਹੀ ਉਕਤ ਕਾਰ ਸੇਵਾ ਆਪਣੇ ਨਿਰਧਾਰਿਤ ਸਮੇਂ ਤੋਂ ਵੀ ਪਹਿਲਾਂ ਹੀ ਮੁਕੰਮਲ ਕਰ ਲਈ ਗਈ।ਸਰੋਵਰ ਵਿੱਚੋਂ ਗਾਰ ਕੱਢਣ ਦਾ ਕੰਮ ਕੁਝ ਦਿਨ ਪਹਿਲਾਂ ਮੁਕੰਮਲ ਕਰ ਲਏ ਜਾਣ ਉਪਰੰਤ ਹੁਣ ਸਰੋਵਰ ਦੀ ਮੁਰੰਮਤ ਦੀ ਸੇਵਾ ਜਾਰੀ ਸੀ ਤੇ ਸਰੋਵਰ ਦੀ ਮੁਰੰਮਤ ਦਾ ਕੰਮ ਸਿਰੇ ਚੜਦਿਆਂ ਹੀ ਬੀਤੇ ਦਿਨ ਸੰਤ ਗਿਆਨੀ ਮੋਹਣ ਸਿੰਘ ਭਿੰਡਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਗਿਆਨੀ ਕਪੂਰ ਸਿੰਘ ਦੀ ਅਗਵਾਈ ਵਿੱਚ ਪੁੱਜੇ ਸੰਪ੍ਰਦਾਇ ਭਿੰਡਰਾਂ ਦੇ ਪੰਜ ਪਿਆਰਿਆਂ ਵੱਲੋਂ ਅਰਦਾਸ ਉਪਰੰਤ ਸਰੋਵਰ ਵਿੱਚ ਪੁਰਾਣੇ ਜਲ ਵਿੱਚੋਂ ਹੀ ਸੰਭਾਲ ਕੇ ਰੱਖਿਆ ਗਿਆ ਜਲ ਛੱਡ ਕੇ ਸੇਵਾ ਸੰਪੂਰਨ ਕਰ ਦਿੱਤੀ ਗਈ।ਜਲ ਛੱਡਣ ਦੀ ਰਸਮ ਵਿੱਚ ਸੰਪ੍ਰਦਾਇ ਮਸਤੂਆਣਾ ਦੇ ਮੁਖੀ ਬਾਬਾ ਸੁਖਦੇਵ ਸਿੰਘ ਸਾਰੋਂ ਵਾਲੇ ਅਤੇ ਬੁੰਗਾ ਮਸਤੂਆਣਾ ਦੇ ਪ੍ਰਬੰਧਕਾਂ ਨੇ ਵੀ ਸ਼ਮੂਲੀਅਤ ਕੀਤੀ।ਪੱਤਰਕਾਰਾਂ ਨਾਲ ਗੱਲ ਕਰਦਿਆਂ ਬੁੰਗਾ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ ਨੇ ਦੱਸਿਆ ਕਿ ਹੁਣ ਕੇਵਲ ਸਰੋਵਰ ਦੇ ਦੁਆਲੇ ਸਟੀਲ ਦੀ ਜਾਲੀ ਲਾਉਣ ਦਾ ਕੰਮ ਰਹਿ ਗਿਆ ਹੈ ਜੋ ਜਲਦੀ ਆਰੰਭ ਕਰ ਦਿੱਤਾ ਜਾਵੇਗਾ। ਇਸ ਮੌਕੇ ਬੁੰਗਾ ਮਸਤੂਆਣਾ ਦੇ ਮੁੱਖ ਪ੍ਰਬੰਧਕਾਂ ਬਾਬਾ ਛੋਟਾ ਸਿੰਘ ਮੁਖੀ,ਮੁੱਖ ਪ੍ਰਬੰਧਕਾਂ ਵਿੱਚੋਂ ਬਾਬਾ ਕਾਕਾ ਸਿੰਘ,ਭਾਈ ਤੇਜਾ ਸਿੰਘ,ਭਾਈ ਨਰਾਇਣ ਸਿੰਘ,ਭਾਈ ਸੰਤ ਸਿੰਘ ਸਕੱਤਰ ਨੇ ਉਕਤ ਮਹਾਨ ਕਾਰਜ ਵਿੱਚ ਸਮੇਂ ਸਮੇਂ ਹਿੱਸਾ ਪਾਉਣ ਵਾਲੀਆਂ ਸਮੁੱਚੀਆਂ ਸੰਗਤਾਂ,ਧਾਰਮਿਕ,ਰਾਜਨੀਤਿਕ ਤੇ ਸਮਾਜਿਕ ਸਖਸ਼ੀਅਤਾਂ ਦਾ ਧੰਨਵਾਦ ਕੀਤਾ।ਜਲ ਛੱਡਣ ਦੀ ਰਸਮ ਮੌਕੇ ਗਿਆਨੀ ਕਪੂਰ ਸਿੰਘ ਭਿੰਡਰਾਂ ਅਤੇ ਬਾਬਾ ਸੁਖਦੇਵ ਸਿੰਘ ਸਾਰੋਂ ਵਾਲਿਆਂ ਤੋਂ ਇਲਾਵਾ ਪ੍ਰਚਾਰਕ ਬਾਬਾ ਪ੍ਰੀਤਮ ਸਿੰਘ ਮੱਲੜੀ,ਭਾਈ ਈਸ਼ਰ ਸਿੰਘ ਹੈਦਰਾਬਾਦ ਵਾਲੇ,ਗੁ:ਮੰਜੀ ਸਾਹਿਬ ਦੇ ਗ੍ਰੰਥੀ ਭਾਈ ਮਹਿੰਦਰ ਸਿੰਘ,ਭਾਈ ਅਵਤਾਰ ਸਿੰਘ ਰਾਗੀ,ਭਾਈ ਮਲਕੀਤ ਸਿੰਘ,ਭਾਈ ਬੇਅੰਤ ਸਿੰਘ,ਭਾਈ ਕੁੰਦਨ ਸਿੰਘ ਤੇ ਭਾਈ ਮੇਜਰ ਸਿੰਘ ਦੇਸੂਯੋਧਾ,ਭਾਈ ਬੂਟਾ ਸਿੰਘ,ਭਾਈ ਗਿਆਨ ਸਿੰਘ,ਭਾਈ ਸੁੱਖਾ ਸਿੰਘ ਗਿਆਨਾ ਆਦਿ ਹਾਜਿਰ ਸਨ।