ਭਵਾਨੀਗੜ੍ਹ, 17 ਅਗਸਤ (ਕ੍ਰਿਸ਼ਨ ਗਰਗ)- ਪਿਛਲੇ ਮਹੀਨੇ ਸੜਕ ਹਾਦਸੇ ਵਿਚ ਮਾਰੇ ਗਏ ਨੇੜਲੇ ਪਿੰਡ ਸਕਰੌਂਦੀ ਦੇ ਵਿਅਕਤੀ ਦੀ ਵਿਧਵਾ ਨੂੰ ਸੋਨਾਲੀਕਾ ਇੰਡਸਟਰੀ ਹੁਸ਼ਿਆਰਪੁਰ ਵਲੋਂ ਅਜ 5 ਲਖ 16 ਹਜਾਰ 600 ਰੁਪਏ ਦਾ ਚੈਕ ਦਿੱਤਾ। ਇਥੇ ਇਹ ਦਸਣਯੋਗ ਹੈ ਕਿ ਇੰਦਰਜੀਤ ਸਿੰਘ ਵਾਸੀ ਪਿੰਡ ਸਕਰੌਂਦੀ ਸੋਨਾਲੀਕਾ ਇੰਡਸਟਰੀ ਹੁਸ਼ਿਆਰਪੁਰ ਨੌਕਰੀ ਕਰਦਾ ਸੀ । ਉਹ ਜਦੋਂ 24 ਜੁਲਾਈ ਨੂੰ ਪਿੰਡ ਪਰਿਵਾਰ ਨੂੰ ਮਿਲਣ ਲਈ ਆਇਆ ਸੀ ,ਤਾਂ ਭਵਾਨੀਗੜ ਤੋਂ ਸਕਰੌਂਦੀ ਜਾਂਦਿਆਂ ਸਮੇ ਇਕ ਸੜਕ ਹਾਦਸੇ ਵਿਚ ਉਸਦੀ ਮੌਤ ਹੋ ਗਈ ਸੀ। ਫੈਕਟਰੀ ਵਲੋਂ ਪਹਿਲਾਂ 1 ਲਖ 52 ਹਜਾਰ 800 ਰੁਪਏ ਦਾ ਚੈਕ ਇੰਦਰਜੀਤ ਸਿੰਘ ਦੀ ਵਿਧਵਾ ਬਲਜੀਤ ਕੌਰ ਨੂੰ ਦਿਤਾ ਗਿਆ ਸੀ। ਅਜ ਫੈਕਟਰੀ ਦੇ ਨੁਮਾਇੰਦੇ ਮੁਕੇਸ਼ ਸਿੰਘ, ਸਰਬਜੀਤ ਸਿੰਘ ਸੈਣੀ, ਗੁਰਵਿੰਦਰ ਸਿੰਘ ਅਤੇ ਨਮਾਰ ਖਾਂ ਨੇ ਪਿੰਡ ਵਿਚ ਪਹੁੰਚਕੇ ਬਲਜੀਤ ਕੌਰ ਨੂੰ ਉਕਤ ਚੈਕ ਦਿਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇੰਦਰਜੀਤ ਸਿੰਘ ਫੈਕਟਰੀ ਦਾ ਇਕ ਇਮਾਨਦਾਰ ਅਤੇ ਮਿਹਨਤੀ ਮੁਲਾਜਮ ਸੀ। ਫੈਕਟਰੀ ਉਸਦੇ ਪਰਿਵਾਰ ਨੂੰ ਹਮੇਸ਼ਾ ਸਹਿਯੋਗ ਦਿੰਦੀ ਰਹੇਗੀ। ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗਰੇਵਾਲ ਨੇ ਫੈਕਟਰੀ ਵਲੋਂ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦਾ ਧੰਨਵਾਦ ਕੀਤਾ। ਇਸ ਸਮੇਂ ਬਿਕਰ ਸਿੰਘ, ਮੇਵਾ ਸਿੰਘ, ਗਗਨ ਸਿੰਘ ਅਤੇ ਚਮਕੌਰ ਸਿੰਘ ਵੀ ਹਾਜ਼ਰ ਸਨ।