ਕਾਂਗਰਸ ਨੇ ਕੇਂਦਰ ’ਚੋਂ ਮੋਦੀ ਅਤੇ ਸ੍ਰੋਮਣੀ ਕਮੇਟੀ ਵਿਚੋਂ ਬਾਦਲ ਦਲ ਨੂੰ ਕੱਢਣ ਦਾ ਦਿੱਤਾ ਸੱਦਾ

ਬਾਬਾ ਬਕਾਲਾ ਸਾਹਿਬ, 7 ਅਗਸਤ- ਬਾਬਾ ਬਕਾਲਾ ਸਾਹਿਬ ਦੇ ਇਤਹਾਸਕ ਮੇਲੇ ਮੌਕੇ ਕਾਂਗਰਸ ਪਾਰਟੀ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਅੱਜ ਬਹੁਤੇ ਨੇਤਾਵਾਂ ਨੇ ਆ ਰਹੀਆਂ ਲੋਕ ਸਭਾ ਚੋਣਾਂ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਲੋਕ ਮਤ ਦੀ ਵਰਤੋਂ ਕਰਦੇ ਹੋਏ ਲੋਕਾਂ ਨੂੰ ਕੇਂਦਰ ਸਰਕਾਰ ਵਿਚੋਂ ਨਰਿੰਦਰ ਮੋਦੀ ਅਤੇ ਗੁਰਦੁਆਰਿਆਂ ਵਿਚੋਂ ਬਾਦਲ ਦਲ ਨੂੰ ਕੱਢਣ ਦਾ ਸੱਦਾ ਦਿੱਤਾ। ਸੱਤਾਧਾਰੀ ਧਿਰ ਦੀ ਵੱਡੀ ਰੈਲੀ, ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਰਕਤ ਕਰਨੀ ਸੀ, ਪਰ ਦਿੱਲੀ ਵਿਚ ਮੌਸਮ ਖਰਾਬ ਹੋਣ ਕਾਰਨ ਉਨਾਂ ਦਾ ਹੈਲੀਕਾਪਟਰ ਉਡਾਨ ਨਹੀਂ ਭਰ ਸਕਿਆ, ਜਿਸ ਕਾਰਨ ਉਹ ਰੈਲੀ ਵਿਚ ਪਹੁੰਚ ਨਾ ਸਕੇ। ਰੈਲੀ ਨੂੰ ਸੰਬੋਧਨ ਕਰਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਰਵਾਇਤੀ ਅੰਦਾਜ਼ ਵਿਚ ਦਰਸ਼ਕਾਂ ਦੀ ਵਾਹ-ਵਾਹ ਖੱਟਦੇ ਹੋਏ ਕਿਹਾ ਕਿ ਮੈਂ ਅਕਾਲੀ ਦਲ ਦੇ ਭ੍ਰਿਸ਼ਟ ਨੇਤਾਵਾਂ ਨੂੰ ਵੱਟੇ-ਵੱਟ ਭਜਾ ਕੇ ਹੀ ਸਾਹ ਲਵਾਂਗਾ। ਉਨਾਂ ਕਿਹਾ ਕਿ ਰਾਜ ਨਹੀਂ ਸੇਵਾ ਦਾ ਹੋਕਾ ਦੇਣ ਵਾਲੇ ਇਹ ਨੇਤਾ ਲੋਕਾਂ ਦੀ ਸੇਵਾ ਝੂੁਠੇ ਮੁਕੱਦਮੇ ਪਾ ਕੇ ਕਰਦੇ ਹਨ ਅਤੇ ਮੇਵਾ ਆਪ ਖਾਂਦੇ ਰਹੇ ਹਨ। ਉਨਾਂ ਕਿਹਾ ਕਿ ਜਬਰ ਵਿਰੋਧੀ ਲਹਿਰ ਦੇ ਨਾਂਅ ਹੇਠ ਰੈਲੀਆਂ ਕਰਨ ਵਾਲੇ ਇਹ ਨੇਤਾ ਭੁੱਲ ਗਏ ਹਨ, ਕਿ ਤੁਹਾਡੇ ਰਾਜ ਵਿਚ ਕਿਸ ਤਰਾਂ ਲੋਕਾਂ ਨੂੰ ਡਾਗਾਂ ਤੇ ਗੋਲੀਆਂ ਨਾਲ ਭੁੰਨਿਆ ਗਿਆ ਅਤੇ ਅਬਲਾ ਲੜਕੀਆਂ ਨੂੰ ਬੇਆਬਰੂ ਕੀਤਾ ਗਿਆ। ਉਨਾਂ ਕਿਹਾ ਕਿ ਦੇਸ਼ ਦੀ 2 ਫੀਸਦੀ ਵਸੋਂ ਵਾਲੇ ਇਹ ਮਹਿਨਤੀ ਪੰਜਾਬੀ, ਜਿੰਨਾ ਨੇ ਦੇਸ਼ ਦੀ ਰੱਖਿਆ ਕੀਤੀ ਅਤੇ ਅੰਨ ਦੇ ਮਾਮਲੇ ਵਿਚ ਦੇਸ਼ ਨੂੰ ਪੈਰਾਂ ਸਿਰ ਖੜਾ ਕੀਤਾ, ਉਨਾਂ ’ਤੇ ਇਹ ਅਕਾਲੀ ਦਲ ਦੀ ਸਰਕਾਰ ਤਿੰਨ ਲੱਖ ਕਰੋੜ ਦਾ ਕਰਜ਼ਾ ਚਾੜ ਗਈ। ਸ. ਸਿੱਧੂ ਨੇ ਇਸ ਮੌਕੇ ਸਾਬਕਾ ਵਿਧਾਇਕ ਸ. ਜਸਬੀਰ ਸਿੰਘ ਡਿੰਪਾ ਦੀ ਮੰਗ ’ਤੇ ਬਾਬਾ ਬਕਾਲਾ ਸਾਹਿਬ ਨੂੰ ਨਗਰ ਪੰਚਾਇਤ ਬਨਾਉਣ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਪੋਲੀਟੈਕਨਿਕ ਕਾਲਜ ਖੋਲਣ ਦਾ ਐਲਾਨ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ। ਇਸ ਤੋਂ ਇਲਾਵਾ ਬਾਬਾ ਬਕਾਲਾ ਸਾਹਿਬ ਦੇ ਵਿਕਾਸ ਲਈ ਇਕ ਕਰੋੜ ਰੁਪਏ ਦੇਣ ਦਾ ਐਲਾਨ ਵੀ ਸ. ਸਿੱਧੂ ਨੇ ਕੀਤਾ। ਇਸ ਮੌਕੇ ਸੰਬੋਧਨ ਕਰਦੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਤੁਸੀਂ ਕਾਂਗਰਸ ’ਤੇ ਭਰੋਸਾ ਕੀਤਾ ਹੈ ਅਤੇ ਕਾਂਗਰਸ ਤਹਾਨੂੰ ਨਿਰਾਸ਼ ਨਹੀਂ ਕਰੇਗੀ। ਉਨਾਂ ਕਿਹਾ ਕਿ ਵਾਅਦੇ ਅਨੁਸਾਰ ਪੰਜ ਕਿੱਲੇ ਵਾਲੇ ਕਿਸਾਨਾਂ ਦਾ ਸਹਿਕਾਰੀ ਬੈਂਕਾਂ ਅਤੇ ਕਮਰਸ਼ੀਅਲ ਬੈਂਕਾਂ ਤੋਂ ਲਿਆ 2 ਲੱਖ ਰੁਪਏ ਦਾ ਕਰਜ਼ਾ ਮੁਆਫ ਕਰੇਗੀ। ਇਸ ਮੌਕੇ ਆਪਣੇ ਸੰਬੋਧਨ ਵਿਚ ਵਿਧਾਇਕ ਸ. ਹਰਮਿੰਦਰ ਸਿੰਘ ਗਿੱਲ, ਸ. ਜਸਬੀਰ ਸਿੰਘ ਡਿੰਪਾ, ਸ. ਫਤਿਹਜੰਗ ਸਿੰਘ ਬਾਜਵਾ ਅਤੇ ਹੋਰ ਨੇਤਾਵਾਂ ਨੇ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਸਾਥ ਦੇ ਕੇ ਕੇਂਦਰ ਵਿਚੋਂ ਨਰਿੰਦਰ ਮੋਦੀ ਨੂੰ ਭਜਾਉਣ ਦੇ ਨਾਲ-ਨਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਗੁਰੂ ਘਰਾਂ ਵਿਚੋਂ ਮਸੰਦ ਕੱਢਣ ਦਾ ਸੱਦਾ ਲੋਕਾਂ ਨੂੰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਸ੍ਰੀ ਸੁਖਵਿੰਦਰ ਸਿੰਘ ਡੈਨੀ, ਸ. ਹਰਪ੍ਰਤਾਪ ਸਿੰਘ ਅਜਨਾਲਾ, ਸ੍ਰੀ ਓਮ ਪ੍ਰਕਾਸ਼ ਸੋਨੀ, ਡਾ. ਰਾਜ ਕੁਮਾਰ ਵੇਰਕਾ, ਸ. ਬਲਵਿੰਦਰ ਸਿੰਘ ਲਾਡੀ, ਫਤਿਹਜੰਗ ਸਿੰਘ ਬਾਜਵਾ (ਸਾਰੇ ਵਿਧਾਇਕ) , ਸ. ਸੁਖਜਿੰਦਰ ਸਿੰਘ ਲਾਲੀ ਮਜੀਠੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਸੁਨੀਲ ਦੱਤੀ, ਸ੍ਰੀ ਧਰਮਵੀਰ ਅਗਨੀਹੋਤਰੀ, ਸ. ਸੁਖਪਾਲ ਸਿੰਘ ਭੁੱਲਰ, ਸ੍ਰੀ ਰਵਿੰਦਰਪਾਲ (ਸਾਰੇ ਵਿਧਾਇਕ), ਸਾਬਕਾ ਮੰਤਰੀ ਸ. ਗੁਰਚੇਤ ਸਿੰਘ ਭੁੱਲਰ, ਸ. ਅਨੂਪ ਸਿੰਘ ਭੁੱਲਰ, ਸ਼ਹਿਰੀ ਪ੍ਰਧਾਨ ਸ੍ਰੀ ਜੁਗਲ ਕਿਸ਼ੋਰ, ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸ੍ਰੀ ਇਕਬਾਲ ਸਿੰਘ ਐਨ ਐਸ ਯੂ ਆਈ., ਸ੍ਰੀ ਹਰਜਿੰਦਰ ਸਿੰਘ ਠੇਕੇਦਾਰ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਵੀ ਹਾਜ਼ਰ ਸਨ। ਹਲਕਾ ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰਾ ਅਤੇ ਸਾਬਕਾ ਵਿਧਾਇਕ ਸ. ਜਸਬੀਰ ਡਿੰਪਾ ਨੇ ਆਏ ਹੋਏ ਮਹਿਮਾਨਾਂ ਅਤੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Send this to a friend