ਗ਼ੁਰਬਤ ’ਚ ਪੈਦਾ ਹੋਇਆ ਗੁਰਦਿਆਲ ਸਿੰਘ

ਗਰਦਿਆਲ ਸਿੰਘ ਭਾਰਤੀ ਸਾਹਿਤ ਦੀ ਯਥਾਰਥਵਾਦੀ ਪਰੰਪਰਾ ਦੇ ਅਜਿਹੇ ਸਾਹਿਤਕਾਰ ਹਨ ਜਿਨ੍ਹਾਂ ਨੇ ਪੂਰੀ ਦੁਨੀਆ ਵਿੱਚ ਪੰਜਾਬੀ ਨਾਵਲ ਅਤੇ ਕਹਾਣੀ ਨੂੰ ਇਕ ਵੱਖਰੀ ਤੇ ਵਿਸ਼ੇਸ਼ ਪਛਾਣ ਦੁਆਈ। ਵਿਸ਼ਵ ਸਾਹਿਤ ’ਚ ਉਨ੍ਹਾਂ ਨੂੰ ਪ੍ਰੇਮ ਚੰਦ, ਮੈਨਸਿਮ ਗੋਰਕੀ ਅਤੇ ਲੂ ਸ਼ੁਨ ਦੇ ਬਰਾਬਰ ਮੰਨਿਆ ਜਾਂਦਾ ਹੈ। ਪ੍ਰੇਮ ਚੰਦ ਦੇ ਬਾਅਦ ਸ਼ਾਇਦ ਹੀ ਕਿਸੇ ਭਾਰਤੀ ਸਾਹਿਤਕਾਰ ਨੂੰ ਦੁਨੀਆ ਵਿੱਚ ਇਹ ਸਨਮਾਨ ਮਿਲਿਆ ਹੋਵੇ। ਇਹ ਵੱਖਰੀ ਗੱਲ ਹੈ ਕਿ ਗਿਆਨਪੀਠ ਪੁਰਸਕਾਰ ਉਨ੍ਹਾਂ ਨੂੰ ਨਿਰਮਲ ਵਰਮਾ ਦੇ ਨਾਲ ਸਾਂਝੇ ਤੌਰ ’ਤੇ ਮਿਲਿਆ, ਪਰ ਸਾਹਿਤ ਵਿੱਚ ਜੋ ਉਨ੍ਹਾਂ ਦਾ ਯੋਗਦਾਨ ਹੈ, ਉਸ ਦੇ ਸਾਹਮਣੇ ਵੱਡੇ ਤੋਂ ਵੱਡੇ ਪੁਰਸਕਾਰ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਵੈਸੇ ਤਾਂ ਪੰਜਾਬੀ ਵਿੱਚ ਇਕ ਤੋਂ ਇੱਕ ਵੱਧ ਕੇ ਯਥਾਰਥਵਾਦੀ ਸਾਹਿਤਕਾਰ ਹੋਏ, ਪਰ ਗੁਰਦਿਆਲ ਸਿੰਘ ਦਾ ਸਥਾਨ ਸਭ ਤੋਂ ਵੱਧ ਕੇ ਹੈ। ਗੁਰਦਿਆਲ ਸਿੰਘ ਦੇ ਜੀਵਨ ਅਤੇ ਰਚਨਾ ਵਿੱਚ ਪੂਰੀ ਸਮਾਨਤਾ ਹੈ। ਉਨ੍ਹਾਂ ਦੀ ਰਚਨਾ ਵਿੱਚ ਪੰਜਾਬ ਦੇ ਪੇਂਡੂ ਜੀਵਨ ਦਾ ਯਥਾਰਥ ਸਾਹਮਣੇ ਆਉਂਦਾ ਹੈ। ਦਲਿਤ ਜੀਵਨ ਗੁਜ਼ਾਰ ਰਹੇ ਅਤੇ ਨਿਮਨ ਵਰਗ ਦੇ ਲੋਕਾਂ ਪ੍ਰਤੀ ਗੁਰਦਿਆਲ ਸਿੰਘ ਦੀ ਜੋ ਪ੍ਰਤੀਬੱਧਤਾ ਹੈ, ਉਹ ਘਟ ਹੀ ਲੇਖਕਾਂ ਵਿੱਚ ਦਿਖਾਈ ਦਿੰਦੀ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਸਾਹਿਤ ਸਮਕਾਲੀ ਇਤਿਹਾਸ ਦਾ ਜਿਊਂਦਾ-ਜਾਗਦਾ ਦਸਤਾਵੇਜ਼ ਹੈ। ਸਮਕਾਲੀ ਪੇਂਡੂ ਜੀਵਨ ਦਾ ਇਤਿਹਾਸ ਉਨ੍ਹਾਂ ਦੀ ਰਚਨਾ ਤੋਂ ਵੱਖ ਕਰਕੇ ਨਹੀਂ ਲਿਖਿਆ ਜਾ ਸਕਦਾ ਹੈ। 1964 ਵਿੱਚ ਉਨ੍ਹਾਂ ਦਾ ਨਾਵਲ ‘ਮੜ੍ਹੀ ਦਾ ਦੀਵਾ’ ਪ੍ਰਕਾਸ਼ਤ ਹੋਇਆ ਤਾਂ ਆਲੋਚਕਾਂ ਨੇ ਉਹਨੂੰ ਟਾਲਸਟਾਏ ਦੇ ਵਿਸ਼ਵ ਪ੍ਰਸਿੱਧ ਨਾਵਲ ‘ਯੁੱਧ ਤੇ ਅਮਨ’ ਦੇ ਬਰਾਬਰ ਮੰਨਿਆ। ਇਹ ਉਨ੍ਹਾਂ ਦਾ ਪਹਿਲਾ ਨਾਵਲ ਸੀ। ਛੇਤੀ ਹੀ ਇਸ ਨਾਵਲ ਦਾ ਅਨੁਵਾਦ ਹੋਰ ਭਾਸ਼ਾਵਾਂ ਵਿੱਚ ਹੋਣ ਲੱਗਾ। ਇਸ ਨਾਵਲ ਦੀ ਬੇਸ਼ੁਮਾਰ ਵਿਕਰੀ ਹੋਈ। ਰੂਸੀ ਭਾਸ਼ਾ ਵਿੱਚ ਜਦ ਇਸ ਨਾਵਲ ਦਾ ਅਨੁਵਾਦ ਹੋਇਆ ਤਾਂ ਲਗਭਗ 10 ਲੱਖ ਕਾਪੀ ਛਾਪੀ ਗਈ। ਰਾਸ਼ਟਰੀ ਫ਼ਿਲਮ ਵਿਕਾਸ ਨਿਗਮ ਦੁਆਰਾ ਇਸ ਨਾਵਲ ’ਤੇ ਆਧਾਰਿਤ ਫ਼ਿਲਮ ਨੂੰ ਰਾਸ਼ਟਰੀ ਐਵਾਰਡ ਮਿਲਿਆ। 2012 ਵਿੱਚ ਉਨ੍ਹਾਂ ਦੇ ਇਕ ਹੋਰ ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ਉਪਰ ਬਣੀ ਫ਼ਿਲਮ ਨੂੰ ਵੀ ਸਰਵੋਤਮ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ।
ਗੁਰਦਿਆਲ ਸਿੰਘ ਦੇ ਨਾਵਲਾਂ ਅਤੇ ਕਹਾਣੀਆਂ ਵਿੱਚ ਸੋਸ਼ਿਤ ਵਰਗ ਦੇ ਲੋਕਾਂ ਦੇ ਜੀਵਨ ਦਾ ਜੋ ਯਥਾਰਥਕ ਚਿਤਰਨ ਹੋਇਆ ਹੈ, ਨਿਰਸੰਦੇਹ ਉਹ ਦੁਰਲਭ ਹੈ। ਭਾਰਤੀ ਪੇਂਡੂ ਸਮਾਜ ਦਾ ਅਜਿਹਾ ਬਾਰੀਕਬੀਨੀ ਦਾ ਚਿਤਰਨ ਹਿੰਦੀ ਵਿੱਚ ਪ੍ਰੇਮ ਚੰਦ ਨੇ ਆਜ਼ਾਦੀ ਮਿਲਣ ਦੇ ਬਾਅਦ ਕੀਤਾ ਸੀ। ਆਜ਼ਾਦੀ ਮਿਲਣ ਦੇ ਬਾਅਦ ਉਨ੍ਹਾਂ ਦੀ ਪਰੰਪਰਾ ਨੂੰ ਅੱਗੇ ਵਧਾਉਣ ਦਾ ਕੰਮ ਗੁਰਦਿਆਲ ਸਿੰਘ ਨੇ ਕੀਤਾ। ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਕਰਾਂਤੀ ਦੇ ਬਾਅਦ ਰੂਸ ਦੇ ਜਨਜੀਵਨ ਨੂੰ ਟਾਲਸਟਾਏ ਅਤੇ ਗੋਰਕੀ ਦੀਆਂ ਰਚਨਾਵਾਂ ਨੂੰ ਪੜ੍ਹੇ ਬਿਨਾਂ ਨਹੀਂ ਜਾਣਿਆ ਜਾ ਸਕਦਾ, ਚੀਨ ਦੇ ਜਨਜੀਵਨ ਅਤੇ ਉਥੋਂ ਦੀ ਜਨਤਾ ਦੇ ਦੁਖ-ਦਰਦ ਅਤੇ ਸੰਘਰਸ਼ ਨੂੰ ਲੂ ਸ਼ੁਨ ਦੀ ਰਚਨਾ ਨੂੰ ਪੜ੍ਹੇ ਬਿਨਾਂ ਨਹੀਂ ਸਮਝਿਆ ਜਾ ਸਕਦਾ। ਇਸੇ ਤਰ੍ਹਾਂ ਪੰਜਾਬ ਦੇ ਪੇਂਡੂ ਜੀਵਨ ਨੂੰ ਗੁਰਦਿਆਲ ਸਿੰਘ ਦੇ ਨਾਵਲਾਂ ਨੂੰ ਪੜ੍ਹੇ ਬਿਨਾਂ ਨਹੀਂ ਜਾਣਿਆ ਜਾ ਸਕਦਾ।
ਗੁਰਦਿਆਲ ਸਿੰਘ ਦੇ ਨਾਵਲ ‘ਮੜ੍ਹੀ ਦਾ ਦੀਵਾ’ ਤੋਂ ਬਾਅਦ ਉਨ੍ਹਾਂ ਦੇ ਕਈ ਨਾਵਲ ਪ੍ਰਕਾਸ਼ਤ ਹੋਏ ਜਿਨ੍ਹਾਂ ਵਿੱਚ ‘ਅੱਧ ਚਾਨਣੀ ਰਾਤ’, ‘ਪਰਸਾ’, ‘ਅੰਨ੍ਹੇ ਘੋੜੇ ਦਾ ਦਾਨ’, ‘ਅਣਹੋਏ’, ‘ਕਵੇਲਾ’, ‘ਪਹੁ ਫੁਟਾਲੇ ਤੋਂ ਪਹਿਲਾਂ’, ‘ਰੇਤੇ ਦੀ ਇਕ ਮੁੱਠੀ’ ਅਤੇ ‘ਆਹਣ’ ਤੋਂ ਬਿਨਾਂ ਉਨ੍ਹਾਂ ਦੀ ਸਵੈਜੀਵਨੀ, ‘ਨਿਆਣ ਮੱਤੀਆਂ’ ਤੇ ਕਈ ਕਹਾਣੀ ਸੰਗ੍ਰਹਿ ਉਨ੍ਹਾਂ ਦੀਆਂ ਪੜ੍ਹਨਯੋਗ ਪੁਸਤਕਾਂ ਹਨ। ਇਸ ਤੋਂ ਬਿਨਾਂ ਉਨ੍ਹਾਂ ਨੇ ਚਾਰ ਸੌ ਤੋਂ ਵੱਧ ਕਹਾਣੀਆਂ ਲਿਖੀਆਂ, ਲੇਖ ਲਿਖੇ ਅਤੇ ਬਾਲ ਸਾਹਿਤ ਦੇ ਖੇਤਰ ਵਿੱਚ ਵੀ ਜ਼ਿਕਰਯੋਗ ਯੋਗਦਾਨ ਦਿੱਤਾ।
ਉਨ੍ਹਾਂ ਦੀ ਸਵੈਜੀਵਨੀ ‘ਨਿਆਣ ਮੱਤੀਆਂ’ ਵਿਸ਼ਵ ਸਵੈਜੀਵਨੀ ਸਾਹਿਤ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ। 1957 ਵਿੱਚ ਸਾਹਿਤਕ ਮੈਗਜ਼ੀਨ ‘ਪੰਜ ਦਰਿਆ’ ਵਿੱਚ ਕਹਾਣੀ ‘ਭਾਗਾਂਵਾਲੇ’ ਛਪਣ ਦੇ ਨਾਲ ਹੀ ਉਨਾਂ ਦਾ ਲਿਖਣ ਦਾ ਕਾਰਜ ਜੋ ਸ਼ੁਰੂ ਹੋਇਆ ਉਹ ਜੀਵਨ ਦੇ ਆਖ਼ਰੀ ਪਲਾਂ ਤਕ ਜਾਰੀ ਰਿਹਾ। ਕੁਲ 10 ਨਾਵਲ, 12 ਕਹਾਣੀ ਸੰਗ੍ਰਹਿ, ਨੌਂ ਬਾਲ ਸਾਹਿਤ ਦੀਆਂ ਪੁਸਤਕਾਂ ਅਤੇ ਦੋ ਭਾਗਾਂ ਵਿੱਚ ਸਵੈਜੀਵਨੀ ਛਪੀਆਂ। ਇਨ੍ਹਾਂ ਤੋਂ ਬਿਨਾਂ ਸਮੇਂ ਸਮੇਂ ਸਾਹਿਤ ਉਪਰ ਹੁੰਦੀ ਚਰਚਾ ਸਮੇਂ ਲਿਖੇ ਬੇਗਿਣਤ ਲੇਖ ਵਿੱਚ ਸ਼ਾਮਲ ਹਨ।
ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਨੂੰ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਮੰਡੀ ਵਿੱਚ ਹੋਇਆ। ਉਨ੍ਹਾਂ ਦਾ ਪਰਿਵਾਰ ਬਹੁਤ ਗ਼ਰੀਬ ਸੀ ਇਸੇ ਲਈ ਦਸਵੀਂ ਪਾਸ ਕਰਨ ਬਾਅਦ ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਉਹ ਉਹੀ ਕਿੱਤਾ ਕਰਨ ਜੋ ਉਨ੍ਹਾਂ ਦਾ ਪੁਸ਼ਤੈਨੀ ਕਿੱਤਾ ਸੀ, ਰਾਮਗੜ੍ਹੀਆਂ ਵਾਲਾ ਤਰਖਾਣਾ ਕੰਮ ਕਰਨ ਦਾ। ਛੇ ਸੱਤ ਸਾਲ ਪੜ੍ਹਾਈ ਦੇ ਨਾਲ ਨਾਲ ਗੁਰਦਿਆਲ ਸਿੰਘ ਨੇ ਪਿਤਾ ਦੇ ਨਾਲ ਇਹ ਕੰਮ ਕੀਤਾ। ਜਦੋਂ ਦਸਵੀਂ ਤੋਂ ਬਾਅਦ ਅੱਗੇ ਪੜ੍ਹਨ ਲਈ ਉਨ੍ਹਾਂ ਗਿਆਨੀ ਪਾਸ ਕੀਤੀ ਤੇ ਇਉਂ ਨੌਕਰੀ ਦੇ ਨਾਲ ਨਾਲ ਉਹ ਪੜ੍ਹਾਈ ਵੀ ਕਰਦੇ ਰਹੇ ਤੇ ਜੇਬੀਟੀ ਪਾਸ ਕਰਕੇ ਸਕੂਲ ਵਿੱਚ ਅਧਿਆਪਕ ਲੱਗ ਗਏ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਜਿਸ ਸਕੂਲ ਵਿੱਚ ਗੁਰਦਿਆਲ ਸਿੰਘ ਅਧਿਆਪਕ ਲੱਗੇ ਉਸੇ ਸਕੂਲ ਦੇ ਹੈਡਮਾਸਟਰ ਮਦਨ ਮੋਹਨ ਸ਼ਰਮਾ ਦੀ ਪ੍ਰੇਰਨਾ ਨਾਲ ਗੁਰਦਿਆਲ ਸਿੰਘ ਦੀ ਜ਼ਿੰਦਗੀ ਨੇ ਅਜਿਹਾ ਪਲਟਾ ਖਾਧਾ ਕਿ ਉਹ ਪੌੜੀ ਪੌੜੀ ਚੜ੍ਹਦੇ ਗਏ ਤੇ ਮਰਨ ਸਮੇਂ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਰੁਤਬੇ ’ਤੇ ਪਹੁੰਚ ਚੁੱਕੇ ਹਨ।
ਗੁਰਦਿਆਲ ਸਿੰਘ ਨੇ ਪੂਰੀ ਜ਼ਿੰਦਗੀ ਬਹੁਤ ਸਾਦਾ ਜੀਵਨ ਗੁਜ਼ਾਰਿਆ ਤੇ ਅਹਿਮ ਪ੍ਰਾਪਤੀਆਂ ਕੀਤੀਆਂ। ਉਹ ਜ਼ਿੰਦਗੀ ਭਰ ਉਸੇ ਘਰ ਵਿੱਚ ਜੋ ਜੈਤੋ ਮੰਡੀ ਵਿੱਚ ਸਥਿਤ ਹੈ, ਰਹੇ ਜਿੱਥੇ ਉਹ ਪੈਦਾ ਹੋਏ ਸਨ। ਉਸ ਗਲੀ ਦਾ ਨਾਂ ਕਦੇ ‘ਮੇਹਰ ਚੰਦ ਸਟਰੀਟ’ ਹੋਇਆ ਕਰਦਾ ਸੀ ਪਰ ਜਦੋਂ ਗੁਰਦਿਆਲ ਸਿੰਘ ਨੂੰ ਗਿਆਨਪੀਠ ਐਵਾਰਡ ਮਿਲਿਆ ਤਾਂ ਉਸ ਗਲੀ ਦਾ ਨਾਂ ‘ਗਿਆਨਪੀਠ ਮਾਰਗ’ ਰੱਖ ਦਿੱਤਾ ਗਿਆ। ਇਸੇ ਮਸ਼ਹੂਰ ਗਲੀ ਤੇ ਗਲੀ ਦੇ ਪੁਰਾਣੇ ਜਿਹੇ ਘਰ ਵਿੱਚ ਰਹਿੰਦਿਆਂ ਸਾਡੇ ਇਸ ਪ੍ਰਸਿੱਧ ਲੇਖਕ ਨੇ ਆਪਣੇ ਨਾਵਲ ‘ਮੜ੍ਹੀ ਦਾ ਦੀਵਾ’ (1964), ਅਣਹੋਏ (1966), ਕੁਵੇਲ (1968), ਅੱਧ ਚਾਨਣੀ ਰਾਤ (1972), ਪਰਸਾ (1991), ਅੰਨ੍ਹੇ ਘੋੜੇ ਦਾ ਦਾਨ (1976) ਤੇ ਆਹਣ (2008), ਵਰਗੇ ਸ਼ਾਹਕਾਰ ਨਾਵਲ ਅਤੇ ਸੱਗੀ ਫੁੱਲ, ਕੁੱਤਾ ਤੇ ਆਦਮੀ, ਕਰੀਰ ਦੀ ਢਿੰਗਰੀ, ਮੇਲਾ ਮਣੇਸ਼ੀਆ ਅਤੇ ਹਾਰ ਗਿਉਂ ਰਤਨਿਆਂ ਵਰਗੀਆਂ ਬੇਮਿਸਾਲ ਕਹਾਣੀਆਂ ਲਿਖੀਆਂ।
16 ਅਗਸਤ ਨੂੰ 83 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋਣ ’ਤੇ ਦੁੱਖ ਪਰਗ ਕਰਦਿਆਂ ਪੰਜਾਬੀ ਦੀ ਪ੍ਰਸਿੱਧ ਲੇਖਕਾ ਦਲੀਪ ਕੌਰ ਟਿਵਾਣਾ ਨੇ ਕਿਹਾ, ‘‘ਉਨ੍ਹਾਂ ਦੀ ਰਚਨਾ ਦੀ ਵਿਸ਼ੇਸ਼ ਪਛਾਣ ਇਹ ਸੀ ਕਿ ਉਹ ਗ਼ਰੀਬ, ਮਜ਼ਦੂਰ, ਹਾਸ਼ੀਏ ਉਤੇ ਰਹਿਣ ਵਾਲੇ ਲੋਕਾਂ ਦੀ ਗੱਲ ਆਪਣੇ ਨਾਵਲਾਂ, ਕਹਾਣੀਆਂ ਵਿੱਚ ਕਰਦੇ ਰਹੇ ਕਿਉਂਕਿ ਉਹ ਉਨ੍ਹਾਂ ਦੇ ਦਿਲ ਵਿੱਚੋਂ ਨਿਕਲੀ ਹੋਈ ਗੱਲ ਸੀ, ਉਹ ਖ਼ੁਦ ਬਹੁਤ ਗ਼ਰੀਬੀ ਤੇ ਮੁਸ਼ਕਿਲ ਹਾਲਾਤ ਵਿੱਚੋਂ ਨਿਕਲੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੁਰਦਿਆਲ ਸਿੰਘ ਕਿਸੇ ਵੀ ਵਾਦ-ਵਿਵਾਦ ਵਿੱਚ ਕਦੀ ਨਹੀਂ ਪਏ। ਕਿਸੇ ਇਜ਼ਮ ਉਤੇ ਉਨ੍ਹਾਂ ਨੂੰ ਭਰੋਸਾ ਨਹੀਂ ਸੀ। ਉਹ ਅੱਖੀਂ ਦੇਖੀਂ ਸਚਾਈ ਨੂੰ ਆਪਣੀ ਰਚਨਾ ਵਿੱਚ ਪੇਸ਼ ਕਰਦੇ ਸੀ। ਆਖ਼ਰੀ ਸਾਹ ਤਕ ਉਹ ਸੰਘਰਸ਼ ਕਰਦੇ ਰਹੇ ਤੇ ਅੱਗੇ ਵਧਦੇ ਗਏ।
ਪ੍ਰਸਿੱਧ ਅੰਗਰੇਜ਼ੀ ਲੇਖਕ ਰਾਣਾ ਨਈਅਰ ਦਾ ਕਹਿਣਾ ਹੈ, ‘‘ਗੁਰਦਿਆਲ ਸਿੰਘ ਆਪਣੇ ਪਿੱਛੇ ਸਾਹਿਤ ਅਤੇ ਸਭਿਆਚਾਰ ਦੀ ਵੱਡੀ ਵਿਰਾਸਤ ਛੱਡ ਗਿਆ ਹੈ। ਉਸ ਦੀ ਲੇਖਣੀ ਦਾ ਪੰਜਾਬੀ ਜ਼ਹਿਨ, ਸਮਾਜ ਅਤੇ ਸਭਿਆਚਾਰ ਉਤੇ ਪ੍ਰਭਾਵ ਬਾਰੇ ਪਤਾ ਲਗਾਉਣ ਲਈ ਦਹਾਕੇ ਨਹੀਂ ਤਾਂ ਕਈ ਸਾਲ ਤਾਂ ਜ਼ਰੂਰ ਲੱਗਣਗੇ। ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਗੁਰਦਿਆਲ ਸਿੰਘ ਦੀ ਕਿਰਤ ਦੀ ਅਸਲ ਥਾਹ ਤਾਂ ਹੀ ਪਾਈ ਜਾ ਸਕਦੀ ਹੈ ਜੇਕਰ ਉਸ ਨੂੰ ਅਜੋਕੇ ਦੌਰ ਵਿੱਚ ਸਿਰਜੇ ਗਏ ਵੱਕਾਰੀ ਵਿਸ਼ਵ ਸਾਹਿਤ ਵਿਚਕਾਰ ਰੱਖ ਕੇ ਦੇਖਿਆ ਜਾਵੇ।’’

Send this to a friend