ਨਵੀਂ ਦਿੱਲੀ, 22 ਅਕਤੂਬਰ (ਪੀ.ਟੀ.)- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੁਆਰਾ ਕੇਰਨ ਦੀ ਕਾਰਵਾਈ ਨਾਲ ਨਜਿੱਠਣ ਦੇ ਤਰੀਕੇ ਬਾਰੇ ਚਿੰਤਾ ਜਤਾਉਣ ਦੇ ਕੁਝ ਦਿਨਾਂ ਬਾਅਦ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਅਚਾਨਕ ਸੈਨਾ ਮੁਖੀ ਜਨਰਲ ਬਿਕਰਮ ਸਿੰਘ ਨੂੰ ਪਾਕਿਸਤਾਨ ਦੁਆਰਾ ਕੰਟਰੋਲ ਰੇਖਾ (ਐੱਲ. ਓ. ਸੀ.) ‘ਤੇ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਬਾਰੇ ਜਾਣਕਾਰੀ ਲੈਣ ਲਈ ਬੁਲਾ ਲਿਆ। ਜਨਰਲ ਸਿੰਘ ਉਸ ਸਮੇਂ ਆਪਣੇ ਉੱਚ ਕਮਾਡਰਾਂ ਨਾਲ ਇੱਕ ਉੱਚ ਪੱਧਰੀ ਬੈਠਕ ਕਰ ਰਹੇ ਸਨ, ਪਰ ਐਂਟੋਨੀ ਦੇ ਦਫ਼ਤਰ ਤੋਂ ਸੂਚਨਾ ਮਿਲਦੇ ਹੀ ਉਹ ਬੈਠਕ ਛੱਡ ਕੇ ਚਲੇ ਗਏ। ਜ਼ਿਕਰਯੋਗ ਹੈ ਕਿ ਸੈਨਾ ਮੁਖੀ ਦੁਆਰਾ ਐਂਟਨੀ ਨੂੰ ਦਿੱਤੀ ਗਈ ਜਾਣਕਾਰੀ ਪਹਿਲਾਂ ਤੋਂ ਤੈਅ ਨਹੀਂ ਸੀ ਤੇ ਇਹ ਉਸ ਸਮੇਂ ਹੋਈ ਹੈ ਜਦੋਂ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੇਰਨ ਸੈਕਟਰ ‘ਚ ਸੈਨਾ ਦੀ ਕਾਰਵਾਈ ਨੂੰ ਲੈ ਕੇ ਰੱਖਿਆ ਮੰਤਰਾਲੇ ਨੂੰ ਆਪਣੀ ਚਿੰਤਾ ਪ੍ਰਗਟ ਕਰ ਚੁੱਕੇ ਹਨ। ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ ਸੈਨਾ ਮੁਖੀ ਨੇ ਰੱਖਿਆ ਮੰਤਰੀ ਨੂੰ ਕੰਟਰੋਲ ਰੇਖਾ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ, ਜਿਥੇ ਪਾਕਿਸਤਾਨੀ ਸੈਨਾ ਵਾਰ ਵਾਰ ਜੰਗਬੰਦੀ ਦੀ ਉਲੰਘਣਾ ਕਰ ਰਹੀ ਹੈ।