ਚੰਡੀਗੜ੍ਹ, 22 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਸਥਾਨਕ ਸਰਕਾਰਾਂ ਵਿਭਾਗ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਸ਼ਹਿਰ ਵਾਸੀਆਂ ਨੂੰ ਸੁਚਾਰੂ ਸੇਵਾਵਾਂ ਦੇਣ ਦੀ ਵਚਨਬੱਧਤਾ ਦੁਹਰਾਉਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਕੰਮ ਵਿੱਚ ਕੋਤਾਹੀ ਦੇ ਦੋਸ਼ ਵਿੱਚ ਨਗਰ ਕੌਂਸਲ ਅਬੋਹਰ ਦੇ ਜੇ.ਈ. (ਇਲੈਕਟ੍ਰੀਕਲ) ਕੁਲਵੰਤ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਹੈ। ਇਸੇ ਤਰ੍ਹਾਂ ਨਗਰ ਨਿਗਮ ਅੰਮ੍ਰਿਤਸਰ ਦੇ ਤਿੰਨ ਸਹਾਇਕ ਟਾਊਨ ਪਲਾਨਰਾਂ ਨੂੰ ਕੰਮ ਵਿੱਚ ਕੋਤਾਹੀ ਵਰਤਣ ਦੇ ਦੋਸ਼ ਵਿੱਚ ਚਾਰਜਸ਼ੀਟ ਕਰ ਕੇ ਜਵਾਬਤਲਬੀ ਕੀਤੀ ਹੈ।ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਜੋਸ਼ੀ ਨੇ ਕਿਹਾ ਕਿ ਜੇ.ਈ. ਕੁਲਵੰਤ ਸਿੰਘ ਵਿਰੁੱਧ ਬਗੈਰ ਕੰਮ ਚੈੱਕ ਕੀਤਿਆਂ ਐਮ.ਬੀ. ਵਿੱਚ ਇੰਦਰਾਜ ਕਰਨ ਦਾ ਦੋਸ਼ ਹੈ ਜਿਸ ਕਾਰਨ ਘਟੀਆ ਕੰਮ ਦੀ ਕਮੇਟੀ ਨੂੰ ਭੁਗਤਾਨ ਕਰਨੀ ਪਈ। ਉਨ੍ਹਾਂ ਕਿਹਾ ਕਿ ਕੰਮ ਵਿੱਚ ਕੋਤਾਹੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸੇ ਤਰ੍ਹਾਂ ਮੰਤਰੀ ਨੇ ਅੰਮ੍ਰਿਤਸਰ ਦੇ ਤਿੰਨ ਸਹਾਇਕ ਟਾਊਨ ਪਲਾਨਰਾਂ ਬਾਂਕੇ ਬਿਹਾਰੀ, ਰਮੇਸ਼ ਛਾਬੜਾ ਅਤੇ ਸੁਰੇਸ਼ ਰਾਜ ਨੂੰ ਕੰਮ ਵਿੱਚ ਕੋਤਾਹੀ ਅਤੇ ਗੈਰ ਕਾਨੂੰਨੀ ਬਣੇ ਕੁੱਝ ਹੋਟਲਾਂ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ ਵਿੱਚ ਚਾਰਜ਼ਸੀਟ ਜਾਰੀ ਕਰਨ ਦੇ ਹੁਕਮ ਕੀਤੇ ਹਨ। ਸ੍ਰੀ ਜੋਸ਼ੀ ਨੇ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੰਮ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਲਿਆਉਣ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਸਮੇਂ ਸਿਰ ਕੀਤਾ ਜਾ ਸਕੇ ਅਤੇ ਲੋਕਾਂ ਦਾ ਸਰਕਾਰ ਵਿੱਚ ਵਿਸ਼ਵਾਸ ਬਣੇ। ਉਨ੍ਹਾਂ ਇਹ ਗੱਲ ਸਪੱਸ਼ਟ ਕੀਤੀ ਕਿ ਜੇਕਰ ਕਿਸੇ ਅਧਿਕਾਰੀ/ਕਰਮਚਾਰੀ ਦੀ ਕੰਮ ਵਿੱਚ ਕੋਤਾਹੀ ਸਾਹਮਣੇ ਆਉਂਈ ਹੈ ਤਾਂ ਉਸ ਵਿਰੁੱਧ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇਗੀ।