ਆਜ਼ਾਦੀ ਦਿਵਸ ਸਮਾਗਮ ‘ਚ 2100 ਤੋਂ ਵਧੇਰੇ ਵਿਦਿਆਰਥੀ ਲੈਣਗੇ ਭਾਗ

13 ਅਗਸਤ ਨੂੰ ਹੋਵੇਗੀ ਫੁੱਲ ਡਰੈਸ ਰਿਹਰਸਲ
ਜਲੰਧਰ, 10 ਅਗਸਤ- ਆਜ਼ਾਦੀ ਦਿਵਸ ਨੂੰ ਮਨਾਉਣ ਲਈ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ 2100 ਤੋਂ ਵਧੇਰੇ ਵਿਦਿਆਰਥੀ ਭਾਗ ਲੈਣਗੇ। ਵੱਖ-ਵੱਖ ਵਿਦਿਅਕ ਸੰਸਥਾਨਾਂ ਨਾਲ ਸਬੰਧਤ ਇਹ ਵਿਦਿਆਰਥੀ ਆਜ਼ਾਦੀ ਦਿਵਸ ਸਮਾਗਮ ਦੌਰਾਨ ਪੀ.ਟੀ.ਸ਼ੋਅ,ਮਾਰਚ ਪਾਸਟ ਤੋਂ ਇਲਾਵਾ ਹੋਰ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ‘ਚ ਭਾਗ ਲੈਣਗੇ। ਇਨ੍ਹਾਂ ਵਿਦਿਆਰਥੀਆਂ ਵੱਲੋਂ ਇਸ ਸਮਾਗਮ ਨੂੰ ਖੂਬਸੂਰਤ ਬਣਾਉਣ ਲਈ ਆਪਣੀਆਂ ਪੇਸ਼ਕਾਰੀਆਂ ਸਬੰਧੀ ਪਹਿਲਾਂ ਹੀ ਅਭਿਆਸ ਸ਼ੁਰੂ ਕੀਤਾ ਜਾ ਚੁੱਕਿਆ ਹੈ। ਆਜ਼ਾਦੀ ਦਿਵਸ ਸਮਾਗਮ ਸਬੰਧੀ ਫੁੱਲ ਡਰੈ¤ਸ ਰਿਹਰਸਲ13 ਅਗਸਤ ਨੂੰ ਹੋਵੇਗੀ। ਇਸ ਸਮਾਗਮ ਵਿੱਚ ਹੋਣ ਵਾਲੇ ਮਾਰਚ ਪਾਸਟ ਦੀ ਅਗਵਾਈ ਏ.ਸੀ.ਪੀ ਦੀਪਿਕਾ ਸਿੰਘ ਵੱਲੋਂ ਕੀਤੀ ਜਾਵੇਗੀ ਜਦੋਂਕਿ ਮਾਰਚ ਪਾਸਟ ਵਿੱਚ ਪੰਜਾਬ ਪੁਲੀਸ, ਹੋਮ ਗਾਰਡਜ਼, ਮਹਿਲਾ ਪੁਲੀਸ, ਐਨ.ਸੀ.ਸੀ, ਸਕਾਊਟਸ-ਗਾਈਡਜ, ਸੀ.ਆਰ.ਪੀ.ਐਫ ਤੇ ਆਰਮੀ ਬੈਂਡ ਤੋਂ ਇਲਾਵਾ ਹੋਰ ਟੁਕੜੀਆਂ ਭਾਗ ਲੈਣਗੀਆਂ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀਣ ਵਾਲੇ ਪਾਣੀ, ਸਾਫ ਸਫਾਈ, ਪਾਰਕਿੰਗ, ਸੁਰੱਖਿਆ ਅਤੇ ਮੈਡੀਕਲ ਸਹੂਲਤ ਤੇ ਹੋਰ ਕੰਮਾਂ ਲਈ ਸਬੰਧਤ ਵਿਭਾਗਾਂ ਦੀਆਂ ਡਿਊਟੀਆਂ ਪਹਿਲਾਂ ਹੀ ਲਗਾਈਆਂ ਜਾ ਚੁੱਕੀਆਂ ਹਨ। ਇਥੇ ਹੋਣ ਵਾਲੇ ਆਜ਼ਾਦੀ ਦਿਵਸ ਸਮਾਗਮ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਪੁਲੀਸ ਵਿਭਾਗ ਵੱਲੋਂ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਤਿਆਰੀ ਸਬੰਧੀ ਡਿਪਟੀ ਕਮਿਸ਼ਨਰ ਪੁਲੀਸ ਸ੍ਰੀ ਰਾਜਿੰਦਰ ਸਿੰਘ ਵੱਲੋਂ ਅੱਜ ਸਟੇਡੀਅਮ ਦਾ ਦੌਰਾ ਕੀਤਾ ਗਿਆ।

Send this to a friend