ਦਲ ਬਦਲੂਆਂ ਨੂੰ ਵੱਡੇ ਅਹੁਦੇ ਦੇਣਾ ਪਾਰਟੀ ਦੀ ਹਾਰ ਦਾ ਕਾਰਨ ਬਣਿਆ : ਗੁਰਜਿੰਦਰ ਸਿੱਧੂ

ਬਰਨਾਲਾ, 4 ਅਗਸਤ (ਨਿਰਮਲ ਸਿੰਘ ਪੰਡੋਰੀ)- ਜ਼ਿਲ੍ਹਾ ਬਰਨਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਫੁੱਟ ਦੀ ਕਹਾਣੀ ਇੱਕ ਵਾਰ ਫਿਰ ਸ਼ੁਰੂ ਹੋਈ ਹੈ। ਇਸ ਵਾਰ ਜ਼ਿਲ੍ਹੇ ਦੇ ਕੁਝ ਅਕਾਲੀ ਆਗੂਆਂ ਨੇ ਦਲ ਦੀ ਮੌਜੂਦਾ ਹਾਲਤ ਸੰਬੰਧੀ ਸਿੱਧਾ ਸ. ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ ਹੈ। ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਬਰਨਾਲਾ ਤੋਂ ਅਕਾਲੀ ਆਗੂਆਂ ਦਾ ਵਫ਼ਦ ਚੰਡੀਗੜ੍ਹ ਵਿਖੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਉਹਨਾਂ ਦੀ ਰਿਹਾਇਸ਼ ’ਤੇ ਮਿਲਿਆ। ਉੱਥੇ ਹੋਈ ਗੱਲਬਾਤ ਸੰਬੰਧੀ ਜਾਣਕਾਰੀ ਦਿੰਦਿਆਂ ਸਰਦਾਰ ਸਿੱਧੂ ਨੇ ਦੱਸਿਆ ਕਿ ਵਫ਼ਦ ਵੱਲੋਂ ਸ੍ਰ: ਬਾਦਲ ਨੂੰ ਪਾਰਟੀ ਵਿਚਲੀ ਧੜੇਬੰਦੀ ਸੰਬੰਧੀ ਜਾਣੂ ਕਰਵਾਇਆ ਕਿ ਬਰਨਾਲਾ ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਹਾਰਨ ਦਾ ਮੁੱਖ ਕਾਰਨ ਪਾਰਟੀ ਵੱਲੋਂ ਰਜਿੰਦਰ ਗੁਪਤਾ ਨੂੰ ਜ਼ਿਲ੍ਹੇ ਦੀ ਕਮਾਨ ਸੌਂਪਣ ਦੀ ਕੀਤੀ ਗਈ ਵੱਡੀ ਗਲਤੀ ਹੈ। ਉਹਨਾਂ ਬਾਦਲ ਸਾਬ ਨੂੰ ਇਹ ਵੀ ਕਿਹਾ ਕਿ ਦੂਸਰੀਆਂ ਪਾਰਟੀਆਂ ਵਿੱਚੋਂ ਆਏ ਆਗੂਆਂ ਨੂੰ ਵੱਡੇ ਅਹੁਦੇ ਦੇਣਾ ਵੀ ਪਾਰਟੀ ਦੀ ਹਾਰ ਦਾ ਕਾਰਨ ਬਣਿਆ ਹੈ, ਕਿਉਂਕਿ ਟਕਸਾਲੀ ਪਾਰਟੀ ਵਰਕਰ ਨਿਰਾਸ਼ ਹੋ ਕੇ ਘਰ ਬੈਠ ਗਏ , ਜਿਸ ਦਾ ਨਤੀਜਾ ਪਾਰਟੀ ਨੂੰ ਤਿੰਨੇ ਸੀਟਾਂ ਹਾਰ ਕੇ ਭੁਗਤਣਾ ਪਿਆ। ਉਹਨਾਂ ਪਾਰਟੀ ਦੀ ਮੁੜ ਸੁਰਜੀਤੀ ਲਈ ਵੀ ਬਾਦਲ ਸਾਬ ਨੂੰ ਅਪੀਲ ਕੀਤੀ ਤਾਂ ਕਿ ਹੇਠਲੇ ਪੱਧਰ ’ਤੇ ਹੋ ਰਹੀ ਟੁੱਟ ਭੱਜ ਨੂੰ ਕੰਟਰੋਲ ਕਰਕੇ ਨਵੇਂ ਸਿਰੇ ਤੋਂ ਪਾਰਟੀ ਅੰਦਰ ਨਵੀਂ ਰੂਹ ਫੂਕਣ ਲਈ ਯਤਨ ਕੀਤੇ ਜਾ ਸਕਣ। ਉਹਨਾਂ ਦੱਸਿਆ ਕਿ ਬਾਦਲ ਸਾਬ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਪ੍ਰਧਾਨ ਨੂੰ ਇਹਨਾਂ ਸਾਰੀਆਂ ਗੱਲ੍ਹਾਂ ਤੋਂ ਜਾਣੂ ਕਰਵਾਉਣ ਅਤੇ ਪਾਰਟੀ ਵਿੱਚ ਸਖ਼ਤੀ ਨਾਲ ਅਨੁਸ਼ਾਸਨ ਕਾਇਮ ਰੱਖਿਆ ਜਾਵੇਗਾ। ਸ. ਬਾਦਲ ਨੂੰ ਮਿਲਣ ਵਾਲੇ ਇਸ ਵਫ਼ਦ ਵਿੱਚ ਪਾਰਟੀ ਦੇ ਹਲਕਾ ਬਰਨਾਲਾ ਤੋਂ ਚੋਣ ਲੜੇ ਸੁਰਿੰਦਰਪਾਲ ਸਿੰਘ ਸਿਬੀਆ ਦੇ ਅਤੀ ਨਜ਼ਦੀਕੀ ਪਰਮਜੀਤ ਸਿੰਘ ਮਾਨ, ਜਤਿੰਦਰ ਜਿੰਮੀ, ਸੰਮੀ ਠੁੱਲੀਵਾਲ, ਜਸਮੇਲ ਡੇਅਰੀਵਾਲਾ, ਸੂਬੇਦਾਰ ਸਰਬਜੀਤ ਸਿੰਘ ਆਦਿ ਸ਼ਾਮਲ ਸਨ।

Send this to a friend