ਫਤਹਿਗੜ੍ਹ ਚੂੜੀਆਂ ਇਲਾਕੇ ’ਚ ਨਸ਼ੇ ਦੇ ਤਸਕਰਾਂ ਖਿਲਾਫ ਪੁਲਿਸ ਨੇ ਵਿੱਢੀ ਵਿਸ਼ੇਸ਼ ਮੁਹਿੰਮ

ਬਟਾਲਾ, 4 ਅਗਸਤ (ਅਰਵਿੰਦਰ ਸਿੰਘ ਮਠਾਰੂ, ਰਾਜੂ ਖੈਹਿਰਾ)- ਐਸ.ਐਸ.ਪੀ. ਬਟਾਲਾ ਸ. ਉਪਿੰਦਰਜੀਤ ਸਿੰਘ ਘੁਮੰਣ ਦੀ ਹਦਾਇਤਾਂ ‘ਤੇ ਫਤਹਿਗੜ੍ਹ ਚੂੜੀਆਂ ਇਲਾਕੇ ‘ਚ ਪੰਜਾਬ ਪੁਲਿਸ ਵਲੋਂ ਨਸ਼ਿਆਂ ਨੂੰ ਠਲ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਡੀ.ਐਸ.ਪੀ. ਫਤਹਿਗੜ੍ਹ ਚੂੜੀਆਂ ਸ੍ਰੀ ਰਵਿੰਦਰ ਕੁਮਾਰ ਸ਼ਰਮਾਂ ਨੇ ਦਸਿਆ ਕਿ ਥਾਣਾ ਘਣੀਏ ਕੇ ਬਾਂਗਰ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਪਿੰਡ ਛਿਛਰੇਵਾਲ ਦੇ ਵਾਸੀ ਬਿਕਰਮਜੀਤ ਸਿੰਘਘ ਉਰਫ ਬਿਕਾ ਪੁਤਰ ਸਵਰਨ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 80 ਨਸ਼ੀਲੇ ਕੈਪਸੂਲ, 180 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਵਲੋਂ ਫੜੇ ਗਏ ਦੋਸ਼ੀ ਖਿਲਾਫ ਥਾਣਾ ਘਣੀਏ ਕੇ ਬਾਂਗਰ ਵਿਖੇ ਜੁਰਮ 22/61/85 ਐਨ.ਡੀ.ਪੀ.ਐਸ. ਐਕਟ ਅਧੀਨ ਮੁਕਦਮਾ ਦਰਜ ਕਰਕੇ ਉਸ ਨੂੰ ਜੇਲ ਭੇਜਿਆ ਗਿਆ ਹੈ।
ਡੀ.ਐਸ.ਪੀ. ਸ੍ਰੀ ਸ਼ਰਮਾਂ ਨੇ ਦਸਿਆ ਕਿ ਥਾਣਾ ਘਣੀਏ ਕੇ ਬਾਂਗਰ ਪੁਲਿਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਪਿੰਡ ਕਿਲਾ ਦੇਸਾ ਸਿੰਘ ਦੇ ਵਾਸੀ ਰਜਾਕ ਮਸੀਹ ਪੁਤਰ ਤਰਸੇਮ ਮਸੀਹ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 568 ਨਸ਼ੀਲੀਆਂ ਗੋਲੀਆਂ, 38 ਨਸ਼ੀਲੇ ਟੀਕੇ, 104 ਕੈਪਸੂਲ, 3 ਵਾਈਲ ਅਤੇ 1 ਸ਼ੀਸ਼ੀ ਦਵਾਈ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਰਜਾਕ ਮਸੀਹ ਖਿਲਾਫ ਥਾਣਾ ਘਣੀਏ ਕੇ ਬਾਂਗਰ ਵਿਚ ਜੁਰਮ 420 ਭ:ਦ, 21,22/61/85 ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਅਰੰਭ ਦਿਤੀ ਹੈ।
ਡੀ.ਐਸ.ਪੀ. ਫਤਹਿਗੜ੍ਹ ਚੂੜੀਆਂ ਸ੍ਰੀ ਰਵਿੰਦਰ ਕੁਮਾਰ ਨੇ ਕਿਹਾ ਕਿ ਇਲਾਕੇ ‘ਚ ਨਸ਼ੇ ਦੇ ਕਾਰੋਬਾਰ ਨੂੰ ਪੂਰੀ ਤਰਾਂ ਖਤਮ ਕਰਨ ਲਈ ਪੁਲਿਸ ਵਲੋਂ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀਂ ਚੁਕਣ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਗੁਪਤ ਸੂਚਨਾ ਦੇ ਅਧਾਰ ‘ਤੇ ਨਸ਼ਾ ਵੇਚਣ ਵਾਲਿਆਂ ਦਾ ਪਤਾ ਲਗਾ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਜੇਲ ਭੇਜ ਕੇ ਹੀ ਦਮ ਲਿਆ ਜਾਵੇਗਾ। ਇਲਾਕੇ ਦੇ ਲੋਕਾਂ ਨੂੰ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ‘ਚ ਯੋਗਦਾਨ ਦੇਣ ਦੀ ਅਪੀਲ ਕਰਦਿਆਂ ਡੀ.ਐਸ.ਪੀ. ਸ੍ਰੀ ਸ਼ਰਮਾਂ ਨੇ ਕਿਹਾ ਕਿ ਸਮਾਜ ਦੀ ਭਲਾਈ ਲਈ ਲੋਕਾਂ ਨੂੰ ਵੀ ਅਗੇ ਆਉਣਾ ਚਾਹੀਦਾ ਹੈ।

Send this to a friend