ਜ਼ਿੰਦਗੀ ਏਕ ਅਦਾ, ਏਕ ਹੁਨਰ, ਏਕ ਕਮਾਲ

ਇਕ ਵਿਅਕਤੀ ਬਹੁਤ ਕੰਜੂਸ ਸੀ। ਉਹ ਕੰਜੂਸ ਬਹੁਤ ਮਿਹਨਤੀ ਸੀ। ਉਸਨੇ ਦਿਨ-ਰਾਤ ਮਿਹਨਤ ਕਰਕੇ 10 ਲੱਖ ਦੀਨਾਰ ਇਕੱਤਰ ਕਰ ਲਏ ਸਨ ਅਤੇ ਹੁਣ ਉਹ ਖੁਸ਼ਹਾਲ ਜੀਵਨ ਬਤੀਤ ਕਰਨ ਬਾਰੇ ਵਿਚਾਰ ਕਰ ਰਿਹਾ ਸੀ ਉਹ ਵਿਅਕਤੀ ਅਜੇ ਇਸ ਸਬੰਧੀ ਵਿਚਾਰ ਕਰ ਹੀ ਰਿਹਾ ਸੀ ਕਿ ਅਚਾਨਕ ਯਮਰਾਜ ਉਸ ਦੀ ਜਾਨ ਲੈਣ ਲਈ ਉਥੇ ਪ੍ਰਗਟ ਹੋ ਗਿਆ।
‘‘ਚਲ, ਬਈ, ਇਸ ਧਰਤੀ ਲੋਕ ਤੋਂ ਤੇਰਾ ਵਕਤ ਖ਼ਤਮ ਹੋ ਗਿਆ ਹੈ’’ ਯਮਰਾਜ ਨੇ ਹੁਕਮ ਦਿੱਤਾ।
ਉਸ ਕੰਜੂਸ ਨੇ ਲੱਖ ਤਰਲੇ-ਮਿੰਨਤਾਂ ਕੀਤੀਆਂ ਅਤੇ ਹਜ਼ਾਰਾਂ ਦਲੀਲਾਂ ਦਿੱਤੀਆਂ ਕਿ ਉਸ ਨੂੰ ਥੋੜਾ ਚਿਰ ਹੋਰ ਜਿਊਣ ਦਿੱਤਾ ਜਾਵੇ ਪਰ ਯਮਰਾਜ ਤਾਂ ਆਪਣੀ ਅੜੀ ਉ¤ਤੇ ਪੂਰੀ ਤਰ੍ਹਾਂ ਕਾਇਮ ਸੀ। ਉਸ ਵਿਅਕਤੀ ਦੇ ਮਿੰਨਤਾਂ ਤਰਲਿਆਂ ਦਾ ਉਸ ’ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਉਸ ਕੰਜੂਸ ਨੇ ਯਮਰਾਜ ਨੂੰ ਕਿਹਾ ‘‘ਜੇ ਮੈਨੂੰ ਜਿਊਣ ਲਈ ਤਿੰਨ ਦਿਨ ਹੋਰ ਦੇ ਦੇਵੇ ਤਾਂ ਮੈਂ ਤੁਹਾਨੂੰ ਆਪਣੀ ਅੱਧੀ ਦੌਲਤ ਦੇ ਦੇਵਾਂਗਾ’’। ਪਰ ਯਮਰਾਜ ਨੇ ਇੱਕ ਨਾ ਸੁਣੀ। ਉਸ ਵਿਅਕਤੀ ਨੇ ਫੇਰ ਹਾੜੇ ਕੱਢੇ, ‘‘ਮੈਨੂੰ ਸਿਰਫ ਇਕ ਦਿਨ ਦੇ ਦੇਵੋ, ਬੱਸ ਇਹੋ ਮਿੰਨਤ ਐ, ਤੇ ਤੁਸੀਂ ਮੇਰੀ ਖੂਨ-ਪਸੀਨੇ ਦੀ ਸਾਰੀ ਕਮਾਈ ਲੈ ਲਵੋ’’ ਪਰ ਯਮਰਾਜ ਤਦ ਵੀ ਆਪਣੀ ਗੱਲ ਉ¤ਤੇ ਕਾਇਮ ਸੀ।
ਜਦੋਂ ਉਹ ਕੰਜੂਸ ਵਿਅਕਤੀ ਬਹੁਤ ਜ਼ਿਆਦਾ ਤਰਲੇ ਮਿੰਨਤਾਂ ’ਤੇ ਉ¤ਤਰ ਆਇਆ ਤਾਂ ਯਮਰਾਜ ਨੇ ਉਸ ਨੂੰ ਇਕ ਛੋਟੀ ਜਿਹੀ ਛੋਟ ਦੇ ਦਿੱਤੀ। ਇਹ ਛੋਟ ਸੀ ਕਿ ਉਸ ਕੰਜੂਸ ਨੂੰ ਇਕ ਨੋਟ ਦੇ ਪਿੱਛੇ ਇਕ ਸੁਨੇਹਾ ਲਿਖਣ ਦਾ ਟਾਇਮ ਦੇ ਦਿੱਤਾ। ਉਸ ਨੇ ਨੋਟ ਦੇ ਪਿੱਛੇ ਜਿਥੇ ਲਿਖਿਆ, ‘‘ਮੇਰੇ ਪਿਆਰੇ ਜਿਸ ਨੂੰ ਵੀ ਇਹ ਨੋਟ ਮਿਲੇ, ਜੇ ਤੇਰੇ ਕੋਲ ਆਪਣੇ ਲਈ ਜਿਊਣ ਜੋਗਾ ਕੁੱਝ ਹੈ, ਤਾਂ ਧਨ ਇਕੱਠਾ ਕਰਨ ਵਿੱਚ ਆਪਣਾ ਜੀਵਨ ਅਜਾਈਂ ਨਾ ਗਵਾ। ਆਪਣੀ ਜ਼ਿੰਦਗੀ ਬੇਫਿਕਰ ਹੋ ਕੇ ਲੰਘਾਈ। ਵੇਖ ਮੈਂ ਇਕੱਠੇ ਕੀਤੇ ਆਪਣੇ 10 ਲੱਖ ਦੀਨਾਰਾਂ ਨਾਲ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਹੋਰ ਨਾ ਖਰੀਦ ਸਕਿਆ।’’
ਇਹ ਕਹਾਣੀ ਮਹਿਜ ਇਕ ਕਹਾਣੀ ਨਹੀਂ ਹੈ ਸਗੋਂ ਇਸ ਵਿੱਚ ਮਨੁੱਖੀ ਜੀਵਨ ਦਾ ਇਕ ਮਹਾਨ ਸੱਚ ਛੁਪਿਆ ਹੋਇਆ ਹੈ। ਬਹੁਤ ਸਾਰੇ ਲੋਕ ਸਾਰੀ ਉਮਰ ਝੂਠ ਤੁਫਾਨ ਬੋਲਕੇ ਧਨ ਦੌਲਤ ਇੱਕਤਰ ਕਰਨ ਵਿੱਚ ਲੱਗੇ ਰਹਿੰਦੇ ਹਨ। ਨਾ ਤਾਂ ਉਹ ਆਪਣੇ ਬੱਚਿਆਂ ਨੂੰ ਪੂਰਾ ਵਕਤ ਦਿੰਦੇ ਹਨ ਅਤੇ ਨਾ ਹੀ ਆਪਣੇ ਮਾਪਿਆਂ ਅਤੇ ਪਰਿਵਾਰ ਨੂੰ। ਬੁਹਤੇ ਲੋਕ ਤਾਂ ਆਪਣੀ ਸਿਹਤ ਦੀ ਵੀ ਪ੍ਰਵਾਹ ਨਹੀਂ ਕਰਦੇ। ਪੈਸੇ ਅਤੇ ਧਨ ਦੌਲਤ ਦੇ ਲਾਲਚ ਕਰਨ ਮਨੁੱਖ ਨੈਤਿਕਤਾ ਦੇ ਹੱਦ ਬੰਨ੍ਹੇ ਵੀ ਤੋੜ ਦਿੰਦਾ ਹਾਂ। ਉਹ ਇਸ ਆਸ ਵਿੱਚ ਜੀਊਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਬੱਸ ਥੋੜ੍ਹੀ ਦੌਲਤ ਹੋਰ, ਫਿਰ ਅਨੰਦ ਨਾਲ ਜ਼ਿੰਦਗੀ ਕੱਟੇਗਾ। ਅਨੰਦ ਅਤੇ ਸ਼ਾਂਤੀ ਭਰਿਆ ਉਹ ਦਿਨ ਉਸ ਦੀ ਕਲਪਨਾ ਵਿੱਚ ਰਹਿੰਦਾ ਹੈ ਅਤੇ ਕਦੇ ਵੀ ਹਕੀਕਤ ਦਾ ਰੂਪ ਨਹੀਂ ਧਾਰਦਾ। ਸ਼ਮਸ ਬਦਾਬੂੰਨੀ ਅਜਿਹੇ ਹੀ ਲੋਕਾਂ ਬਾਰੇ ਲਿਖਦਾ ਹੈ :
ਖੁਦ ਅਪਨੇ ਆਪ ਸੇ ਮਿਲਨੇ
ਕਾ ਵਕਤ ਮਿਲ ਨਾ ਸਕਾ
ਹਮਾਰਾ ਲਮਹਾ-ਏ-ਫ਼ੁਰਸਤ
ਭੀ ਯੇਹ ਹਿਸਾਬ ਮੇਂ ਥਾ
ਇਸ ਦੌਰ ਦੇ ਆਦਮੀ ਨੇ ਤਾਂ ਹੱਦ ਹੀ ਕਰ ਦਿੱਤੀ ਹੈ। ਦੌਲਤ, ਸ਼ੋਹਰਤ ਅਤੇ ਸੱਤਾ ਦੇ ਸਭ ਵਿੱਚ ਵੜਿਆ ਉਹ ਖੂਨ ਦੇ ਰਿਸ਼ਤਿਆਂ ਦੀ ਵੀ ਪ੍ਰਵਾਹ ਨਹੀਂ ਕਰਦਾ। ਇਥੋਂ ਤੱਕ ਕਿ ਕਦੇ ਵੀ ਉਸ ਨੇ ਦੋ ਪਲ ਬੈਠਕੇ ਆਪਣੇ ਆਪ ਬਾਰੇ ਵੀ ਨਹੀਂ ਸੋਚਿਆ ਕਿ ਉਹ ਕਿੱਧਰ ਜਾ ਰਿਹਾ ਹੈ:
‘‘ਮੈਂ ਹੂੰ ਮਸ਼ੀਨੀ ਦੌਰ ਕਾ
ਮਸ਼ਰੂਫ ਆਦਮੀ
ਖ਼ੁਦ ਸੇ ਭੀ ਬਾਤ ਕਰਨੇ
ਕੀ ਫੁਰਸਤ ਨਹੀਂ ਮੁਝੇ।
ਉਕਤ ਕਹਾਣੀ ਇਕ ਸੂਤਰ ਸਪੱਸ਼ਟ ਦਿੰਦੀ ਹੈ ਕਿ ਮਨੁੱਖ ਨੂੰ ਹਰ ਪਲ ਜਿਊਣ ਦੀ ਅਦਾ ਸਿੱਖਣੀ ਚਾਹੀਦੀ ਹੈ। ਜ਼ਿੰਦਗੀ ਦੀ ਆਲ ਸੱਚਾਈ ਮੌਤ ਹੈ ਅਤੇ ਮੌਤ ਕਦੇ ਵੀ ਆ ਸਕਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਵੀ ਸਮਝਾਉਂਦੇ ਹਨ :
ਜਗ ਰਚਨਾ ਸਭ ਝੂਠ ਹੈ
ਜਾਨਿ ਲੇਹੁ ਰੇ ਮੀਤ
ਕਹਿ ਨਾਨਕ ਥਿਰੁ ਨਾ ਰਹੈ
ਜਿਓ ਬਾਲੂ ਕੀ ਭੀਤਿ
ਮਰਨਾ ਤਾਂ ਸਭ ਨੇ ਹੈ। ਇਸੇ ਲਈ ਜ਼ਿੰਦਗੀ ਜਿਉਣ ਦਾ ਵਲ ਸਿਖਣਾ ਜ਼ਰੂਰੀ ਹੈ। ਜ਼ਿੰਦਗੀ ਦੇ ਹਰ ਪਲ ਨੂੰ ਜਿਊਣ ਦੀ ਕਲਾ ਵਿੱਚ ਮਾਹਿਰ ਬਣਨਾ ਜ਼ਰੂਰੀ ਹੈ।
ਜ਼ਿੰਦਗੀ ਏਕ ਅਦਾ,
ਏਕ ਹੁਨਰ, ਏਕ ਕਮਾਲ
ਜਿਨ ਕੋ ਜੀਨਾ ਨਹੀਂ ਆਤਾ,
ਵੋ ਮਰ ਜਾਤੇ ਹੈਂ।

Send this to a friend