ਬੁਢਲਾਡਾ, 1 ਅਗਸਤ (ਪੰਜਾਬ ਟਾਇਮਜ਼ ਬਿਊਰੋ)-)-ਗੁਰੂ ਨਾਨਕ ਕਾਲਜ ਬੁਢਲਾਡਾ ਦੇ ਨਵੇਂ ਸ਼ੈਸ਼ਨ 2017-18 ਦੀ ਸ਼ੁਰੂਆਤ ਧਰਮ ਅਧਿਐਨ ਵਿਭਾਗ ਅਤੇ ਅਧਿਆਤਮਿਕ ਸੈਲ ਵਲੋਂ ਕਾਲਜ ਦੇ ਭਾਈ ਨੰਦ ਲਾਲ ਬਲਾਕ ਦੇ ਸੈਮੀਨਾਰ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਕੇ ਕੀਤੀ ਗਈ। ਸੁਖਮਨੀ ਸਾਹਿਬ ਦੇ ਪਾਠ ਧਰਮ ਅਧਿਐਨ ਵਿਭਾਗ ਦੇ ਕਾਰਜਕਾਰੀ ਮੁਖੀ ਲਖਵਿੰਦਰ ਸਿੰਘ, ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੇ ਸੰਗਤੀ ਰੂਪ ਵਿੱਚ ਕੀਤੇ। ਪਾਠ ਉਪਰੰਤ ਸਮੂਹ ਸਟਾਫ ਅਤੇ ਹਾਜਿਰ ਵਿਦਿਆਰਥੀਆਂ ਨੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਕੀਤੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਸ਼ੈਸ਼ਨ ਦੇ ਸ਼ੁਰੂ ਵਿਚ ਕੀਤੇ ਗਏ ਇਸ ਸਮਾਗਮ ਦਾ ਮਨੋਰਥ ਵਿਦਿਆਰਥੀਆਂ ਅੰਦਰ ਆਤਮਿਕ ਚੇਤਨਾ ਪੈਦਾ ਕਰਨਾ ਹੈ ਤਾਂ ਜੋ ਵਿਦਿਆਰਥੀ ਆਪਣੀ ਵਿਰਾਸਤ ਨਾਲੋਂ ਟੁਟਣ ਦੀ ਬਜਾਏ ਉਸ ਮੂਲ ਨਾਲ ਜੁੜਨ ਜਿਹੜਾ ਪਦਾਰਥਕ ਵਸਤਾਂ ਤੋਂ ਉਪਰ ਉਠ ਕੇ ਮਾਨਸਿਕ ਸਕੂਨ ਅਤੇ ਰੁਹਾਨੀਅਤ ਨਾਲ ਜੋੜਦਾ ਹੈ। ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਹਾਜ਼ਿਰ ਸਨ।