ਪ੍ਰਚਾਰਕ ਸ਼੍ਰੇਣੀ ਕਥਾ, ਕੀਰਤਨ ਦੇ ਨਾਲ-ਨਾਲ ਨੌਜਵਾਨਾਂ ਤੇ ਬੱਚਿਆਂ ਨਾਲ ਸੰਵਾਦ ਰਚਾਉਣ ਲਈ ਵੀ ਅੱਗੇ ਆਵੇ : ਪ੍ਰੋ. ਬਡੂੰਗਰ

ਸ਼੍ਰੋਮਣੀ ਕਮੇਟੀ ਵੱਲੋਂ ਦੁਆਬਾ ਤੇ ਹਿਮਾਚਲ ਖੇਤਰ ਵਿਚ ਧਰਮ ਪ੍ਰਚਾਰ ਲਹਿਰ ਆਰੰਭ

ਸ੍ਰੀ ਅਨੰਦਪੁਰ ਸਾਹਿਬ, 31 ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਨੂੰ ਪੰਜਾਬ ਦੇ ਦੁਆਬਾ ਖੇਤਰ ਅਤੇ ਨਾਲ ਲੱਗਦੇ ਸੂਬੇ ਹਿਮਾਚਲ ਵਿਚ ਸਰਗਰਮ ਕਰਨ ਲਈ ਅੱਜ ਇਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਬਲਬੀਰ ਸਿੰਘ ਮੁਖੀ ਪੰਥ ਅਕਾਲੀ ਬੁੱਢਾ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਮਾਗਮ ਦੌਰਾਨ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਇ ਸਿੰਘ, ਭਾਈ ਜਸਵੀਰ ਸਿੰਘ ਪਾਉਂਟਾ ਸਾਹਿਬ, ਭਾਈ ਦਵਿੰਦਰ ਸਿੰਘ ਸੁਹਾਣੇ ਵਾਲੇ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ, ਉਥੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਕਥਾਵਾਚਕ ਨੇ ਕਥਾ ਵਿਚਾਰਾਂ ਰਾਹੀਂ ਸੰਗਤ ਨੂੰ ਗੁਰਬਾਣੀ ਦੀ ਵਿਚਾਰਧਾਰਾ ਅਨੁਸਾਰ ਚੱਲਣ ਦੀ ਪ੍ਰੇਰਨਾ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਅੰਦਰ ਸਮਾਜਕ ਕੁਰੀਤੀਆਂ ਦੇ ਖਿਲਾਫ ਜਿਥੇ ਇਹ ਧਰਮ ਪ੍ਰਚਾਰ ਲਹਿਰ ਆਪਣੀ ਸਾਰਥਕ ਭੂਮਿਕਾ ਦਰਜ ਕਰਵਾਏਗੀ ਉਥੇ ਹੀ ਨੌਜੁਆਨੀ ਨੂੰ ਧਰਮ ਦੇ ਮੁੱਲਵਾਨ ਸਿਧਾਂਤਾਂ ਨਾਲ ਜੋੜਨ ਲਈ ਵੀ ਮਹੱਤਵਪੂਰਨ ਸਿੱਧ ਹੋਵੇਗੀ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰਮਤਿ ਸੱਭਿਆਚਾਰ ਦੀਆਂ ਅਮੀਰ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣਾ ਸਿੱਖ ਦਾ ਪਰਮ ਧਰਮ ਕਰਤੱਵ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੀ ਨੌਜਵਾਨੀ ਅੱਜ ਆਪਣੇ ਧਾਰਮਿਕ ਸਰੋਕਾਰਾਂ ਦੀ ਥਾਂ ਪੱਛਮੀਂ ਸਭਿਆਚਾਰ ਵੱਲ ਝੁਕਦੀ ਹੋਈ ਆਪਣੇ ਅਮੀਰ ਵਿਰਸੇ ਤੋਂ ਦੂਰ ਹੋ ਰਹੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਦਾ ਮੁੱਖ ਮਕਸਦ ਵੀ ਇਹੀ ਹੈ ਕਿ ਸੰਗਤ ਅਤੇ ਖਾਸਕਰ ਨੌਜਵਾਨਾਂ ਤੇ ਬੱਚਿਆਂ ਨੂੰ ਗੁਰਮਤਿ ਫਲਸਫੇ, ਸਿੱਖ ਇਤਿਹਾਸ ਅਤੇ ਸਿੱਖ ਰਹਿਣੀ ਨਾਲ ਜੋੜਿਆ ਜਾ ਸਕੇ। ਉਨ੍ਹਾਂ ਪ੍ਰਚਾਰਕ ਸ਼੍ਰੇਣੀ ਨੂੰ ਅਪੀਲ ਕੀਤੀ ਕਿ ਉਹ ਕਥਾ, ਕੀਰਤਨ ਦੇ ਨਾਲ-ਨਾਲ ਨੌਜਵਾਨਾਂ ਤੇ ਬੱਚਿਆਂ ਨਾਲ ਸੰਵਾਦ ਰਚਾਉਣ ਲਈ ਵੀ ਅੱਗੇ ਆਉਣ। ਉਨ੍ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਦੀ ਅੱਜ ਚੌਥੀ ਬਰਸੀ ਹੋਣ ਕਰਕੇ ਉਨ੍ਹਾਂ ਦੀ ਸੁਪਤਨੀ ਬੀਬੀ ਅਵਤਾਰ ਕੌਰ, ਪੁੱਤਰ ਸ. ਹਰਦੇਵ ਸਿੰਘ ਅਤੇ ਵੱਡੇ ਭਰਾਤਾ ਬਾਬਾ ਜਰਨੈਲ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਹਲਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਧਰਮ ਪ੍ਰਚਾਰ ਲਹਿਰ ਇੱਕ ਸ਼ਲਾਘਾਯੋਗ ਉਪਰਾਲਾ ਹੈ। ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਦਾ ਧੰਨਵਾਦ ਕੀਤਾ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਹੁਣ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ ਅਤੇ ਇਸ ਨੂੰ ਘਰ-ਘਰ ਤਕ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਨ ਲਗਾਤਾਰ ਕਾਰਜਸ਼ੀਲ ਹਨ। ਸਮਾਗਮ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਗਰਾਊਂਡ ਵਿਚ ਪ੍ਰੋ: ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ 550 ਬੂਟੇ ਲਾਉਣ ਦੀ ਸ਼ੁਰੂਆਤ ਵੀ ਕੀਤੀ ਗਈ। ਇਸ ਮੌਕੇ ਬਾਬਾ ਲਾਭ ਸਿੰਘ ਕਾਰ ਸੇਵਾ ਵਾਲੇ, ਬਾਬਾ ਬਲਬੀਰ ਸਿੰਘ ਮੁਖੀ ਪੰਥ ਅਕਾਲੀ ਬੁੱਢਾ ਦਲ, ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਜਰਨੈਲ ਸਿੰਘ, ਬਾਬਾ ਨਾਗਰ ਸਿੰਘ ਹਰੀਆਂ ਬੇਲਾਂ, ਬਾਬਾ ਅਵਤਾਰ ਸਿੰਘ ਟਿੱਬੀ ਵਾਲੇ, ਸੰਤ ਬਾਬਾ ਤੀਰਥ ਸਿੰਘ, ਬਾਬਾ ਗੁਰਦੇਵ ਸਿੰਘ ਮੁਖੀ ਨਿਹੰਗ ਸਿੰਘ ਦਲ ਹੁਸ਼ਿਆਪੁਰ, ਡਾ. ਦਲਜੀਤ ਸਿੰਘ ਚੀਮਾ ਸਾਬਕਾ ਮੰਤਰੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਐਮਪੀ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਕੁਲਵੰਤ ਸਿੰਘ ਮੰਨਣ, ਮੈਂਬਰ ਬੀਬੀ ਰਣਜੀਤ ਕੌਰ ਮਾਹਿਲਪੁਰੀ, ਪ੍ਰਿੰਸੀਪਲ ਸੁਰਿੰਦਰ ਸਿੰਘ, ਡਾ. ਜੰਗਬਹਾਦਰ ਸਿੰਘ, ਸ. ਜਤਿੰਦਰਪਾਲ ਸਿੰਘ ਮੁਹਾਲੀ, ਸ. ਰਘਵੀਰ ਸਿੰਘ ਸਹਾਰਨਮਾਜਰਾ, ਸ. ਹਰਜਿੰਦਰ ਸਿੰਘ ਧਾਮੀ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਜਗਜੀਤ ਸਿੰਘ, ਸ. ਰਣਜੀਤ ਸਿੰਘ ਮੈਨੇਜਰ, ਬਾਬਾ ਗੁਰਜੰਟ ਸਿੰਘ, ਬਾਬਾ ਦਿਲਾਵਰ ਸਿੰਘ ਜੱਬੜਵਾਲੇ, ਸ. ਸੁਰਿੰਦਰ ਸਿੰਘ, ਸ. ਅਜਮੇਰ ਸਿੰਘ ਖੇੜਾ, ਸ. ਪਰਮਜੀਤ ਸਿੰਘ ਲੱਖੇਵਾਲ, ਸ. ਗੁਰਬਖਸ਼ ਸਿੰਘ ਖਾਲਸਾ, ਸ. ਮੋਹਨ ਸਿੰਘ ਡੂਮੇਵਾਲ, ਸ. ਜਗੀਰ ਸਿੰਘ, ਫੈਡਰੇਸ਼ਨ ਆਗੂ ਸ. ਕਰਨੈਲ ਸਿੰਘ ਪੀਰਮੁਹੰਮਦ, ਸ. ਮੋਹਨ ਸਿੰਘ ਢਾਹੇ ਤੇ ਸ. ਮਨਜਿੰਦਰ ਸਿੰਘ ਅਕਾਲੀ ਆਗੂ, ਸ. ਮਨਜੀਤ ਸਿੰਘ ਬਾਸੋਵਾਲ ਸਰਪੰਚ, ਸ੍ਰੀ ਵਰਿੰਦਰ ਕੁਮਾਰ, ਸ, ਧਰਮਿੰਦਰ ਸਿੰਘ ਤੇ ਸ. ਜਸਵਿੰਦਰ ਸਿੰਘ ਪ੍ਰਧਾਨ ਗ੍ਰੀਨ ਗਲੋਬ ਸਿਟੀਜ਼ਨ, ਸ. ਸਰਵਨ ਸਿੰਘ ਜੁਝਾਰ, ਸ. ਰਣਜੀਤ ਸਿੰਘ, ਸ. ਤਰਨਜੀਤ ਸਿੰਘ ਪ੍ਰਿੰਸੀਪਲ, ਸ. ਕਸ਼ਮੀਰ ਸਿੰਘ ਪ੍ਰਿੰਸੀਪਲ, ਗਿਆਨੀ ਨਛੱਤਰ ਸਿੰਘ ਨੇਤਰਹੀਣ ਵਿਦਿਆਲਾ, ਸ. ਦਰਸ਼ਨ ਸਿੰਘ ਸ਼ਿਵਜੋਤ, ਬਾਬਾ ਗੁਰਚਰਨ ਸਿੰਘ ਬੇਈਹਾਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Send this to a friend