ਸ਼ਾਹਕੋਟ 13 ਜੁਲਾਈ ( ਸੁਰਿੰਦਰ ਸਿੰਘ ਪਦਮ )- ਨੇੜਲੇ ਪਿੰਡ ਕੋਟਲਾ ਸੂਰਜ ਮੱਲ ਵਿਖੇ ਇੱਕ ਮਾਂ ਵੱਲੋਂ ਕਰਜੇ ਤੋਂ ਤੰਗ ਆ ਕੇ ਪਹਿਲਾ ਆਪਣੇ 2 ਬੱਚਿਆਂ ਨੂੰ ਜਹਿਰ ਦੇਣ ਤੋਂ ਬਾਅਦ ਖੁਦ ਜਹਿਰ ਖਾ ਕੇ ਜੀਵਨ ਲੀਲਾ ਖਤਮ ਕਰ ਲਈ। ਸਿਵਲ ਹਸਪਤਾਲ ਸ਼ਾਹਕੋਟ ਵਿਖੇ ਉਨ੍ਹਾਂ ਨੂੰ ਇਲਾਜ ਲਈ ਲਿਆਉਣ ਤੇ ਡਾਕਟਰਾਂ ਨੇ ਤਿੰਨਾਂ ਨੂੰ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਸ਼ਾਹਕੋਟ ਪੁਲਿਸ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਰਮਜੀਤ ਕੌਰ ਪਤਨੀ ਹਰਦੀਪ ਸਿੰਘ ਵਾਸੀ ਕੋਟਲਾ ਸੂਰਜਮੱਲ ਨੇ ਅੱਜ ਕਰੀਬ ਦੁਪਹਿਰ ਢਾਈ ਵਜੇ ਪਹਿਲਾ ਆਪਣੇ 11 ਸਾਲ ਦੇ ਪੁੱਤਰ ਰਮਨਦੀਪ ਸਿੰਘ ਅਤੇ 6 ਸਾਲ ਦੀ ਪੁੱਤਰੀ ਸੋਨਮਪ੍ਰੀਤ ਨੂੰ ਸਲਫਾਸ ਦੀਆਂ ਗੋਲੀਆਂ ਖੁਆ ਦਿੱਤੀਆਂ। ਬੱਚਿਆਂ ਨੂੰ ਸਲਫਾਸ ਦੀਆਂ ਗੋਲੀਆਂ ਖੁਆਉਣ ਤੋਂ ਬਾਅਦ ਉਸ ਨੇ ਖੁਦ ਵੀ ਸਲਫਾਸ ਖਾ ਲਈ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ਚੀਕ ਚਿਹਾੜਾ ਪੈਣ ਤੋਂ ਬਾਅਦ ਪਿੰਡ ਦੇ ਲੋਕੀ ਉਨ੍ਹਾਂ ਦੇ ਘਰ ਇਕੱਠੇ ਹੋ ਗਏ। ਪਿੰਡ ਦੇ ਜਗਤਾਰ ਸਿੰਘ ਤਾਰੀ ਸਾਬਕਾ ਸਰਪੰਚ ਅਤੇ ਦਵਿੰਦਰ ਸਿੰਘ ਕੋਟਲਾ ਪੰਚ ਨੇ ਉਕਤ ਤਿੰਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਸ਼ਾਹਕੋਟ ਲਿਆਂਦਾ। ਡਾਕਟਰਾਂ ਵੱਲੋਂ ਕੀਤੇ ਗਏ ਡਾਕਟਰੀ ਮੁਆਇਨੇ ‘ਚ ਤਿੰਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ।ਐੱਸ.ਐਚ. ਓ. ਸ਼ਾਹਕੋਟ ਨੇ ਇਸ ਸਬੰਧੀ ਕਿਹਾ ਕਿ ਮ੍ਰਿਤਕ ਵੱਲੋਂ ਲਿਖੇ ਗਏ ਆਤਮ-ਹੱਤਿਆ ਨੋਟ ‘ਚ ਲਿਖਿਆ ਗਿਆ ਹੈ ਕਿ ਉਨ੍ਹਾਂ ਦਾ ਪਰਿਵਾਰ ਕਰਜੇ ਨਾਲ ਕਰਜਈ ਹੈ। ਕਰਜੇ ਤੋਂ ਤੰਗ ਆ ਕੇ ਉਹ ਆਤਮ-ਹੱਤਿਆ ਕਰਨ ਲਈ ਮਜਬੂਰ ਹੋਈ ਹੈ। ਆਤਮ-ਹੱਤਿਆ ਨੋਟ ‘ਚ ਲਿਖਿਆ ਗਿਆ ਹੈ ਕਿ ਮੇਰੇ ਬੱਚਿਆਂ ਨੇ ਵੀ ਰੁਲ ਜਾਣਾ ਸੀ। ਇਸ ਲਈ ਬੱਚਿਆਂ ਨੂੰ ਰੁਲਣ ਦੇ ਮੰਤਵ ਤੋਂ ਬਚਾਉਣ ਲਈ ਹੀ ਉਹ ਬੱਚਿਆਂ ਨੂੰ ਵੀ ਮੌਤ ਦੇ ਮੂੰਹ ‘ਚ ਤੱਕ ਰਹੀ ਹੈ। ਐੱਸ.ਐਚ. ਓ. ਨੇ ਕਿਹਾ ਕਿ ਆਤਮ-ਹੱਤਿਆ ਨੋਟ ਦੇ ਅਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।ਮ੍ਰਿਤਕ ਬੱਚਿਆਂ ਦੇ ਪਿਤਾ ਤੇ ਮ੍ਰਿਤਿਕਾ ਦੇ ਪਤੀ ਹਰਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕੋਟਲਾ ਸੂਰਜ ਮੱਲ ਨੇ ਕਿਹਾ ਕਿ ਉਹ ਤਾਂ ਰੋਜਾਨਾ ਵਾਂਗ ਅੱਜ ਵੀ ਸ਼ਾਹਕੋਟ ਵਿਖੇ ਮਜਦੂਰੀ ਕਰਨ ਆਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਉੱਪਰ ਕਰਜਾ ਤਾਂ ਜਰੂਰ ਹੈ, ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਪਤਨੀ ਇਸ ਗੱਲ ਨੂੰ ਅਧਾਰ ਬਣਾ ਕੇ ਇੰਨਾ ਵੱਡਾ ਕਦਮ ਚੁੱਕ ਲਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਾਂ ਦੁਨੀਆਂ ਹੀ ਉੱਜੜ ਗਈ ਹੈ। ਵਾਪਰੀ ਉਕਤ ਘਟਨਾ ਨਾਲ ਸਾਰੇ ਪਿੰਡ ਵਿੱਚ ਹੀ ਮਾਤਮ ਪਸਰ ਗਿਆ ਹੈ।
ਕਰਜੇ ਤੋਂ ਤੰਗ ਆ ਕੇ 2 ਬੱਚਿਆਂ ਸਮੇਤ ਮਾਂ ਵੱਲੋਂ ਆਤਮ-ਹੱਤਿਆ



