ਪਟਿਆਲਾ, 27 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਰਾਜਮਾਤਾ ਮਹਿੰਦਰ ਕੌਰ ਦੇ ਵਿਛੋੜੇ ‘ਤੇ ਡੂੰਘਾ ਦੁਖ ਪ੍ਰਗਟ ਕਰਦੇ ਹੋਏ ਉਨ੍ਹਾਂ ਵਲੋਂ ਪਾਰਟੀ ਅਤੇ ਦੇਸ਼ ਲਈ ਦਿਤੇ ਵਡਮੁਲੇ ਯੋਗਦਾਨ ਦੇ ਨਾਲ-ਨਾਲ ਉਨ੍ਹਾਂ ਦੀ ਦੇਸ਼ ਭਗਤੀ ਪ੍ਰਤੀ ਦ੍ਰਿੜ੍ਹਤਾ ਨੂੰ ਵੀ ਯਾਦ ਕੀਤਾ।ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇਕ ਸ਼ੋਕ ਪਤਰ ਵਿਚ ਸ੍ਰੀਮਤੀ ਸੋਨੀਆ ਗਾਂਧੀ ਨੇ ਰਾਜਮਾਤਾ ਨੂੰ ਇਕ ਅਜਿਹੀ ਔਰਤ ਦਸਿਆ ਜਿਸ ਨੇ ਆਪਣਾ ਜੀਵਨ ਸ਼ਾਨਦਾਰ, ਸਮਰਪਣ ਅਤੇ ਗੌਰਵਮਈ ਢੰਗ ਨਾਲ ਜੀਵਿਆ ਅਤੇ ਕਾਂਗਰਸ ਪਾਰਟੀ ਅਤੇ ਦੇਸ਼ ਪ੍ਰਤੀ ਸੇਵਾਵਾਂ ਨੂੰ ਦ੍ਰਿੜ੍ਹਤਾ ਨਾਲ ਨਿਭਾਇਆ।ਸ੍ਰੀਮਤੀ ਸੋਨੀਆ ਗਾਂਧੀ ਨੇ ਆਪਣੇ ਪਤਰ ਵਿਚ ਲਿਖਿਆ ਹੈ, ‘‘ਉਨ੍ਹਾਂ ਨੇ ਰਾਜ ਸਭਾ ਅਤੇ ਲੋਕ ਸਭਾ ਦੇ ਸਾਲਾਂਬਧੀ ਮੈਂਬਰ ਰਹਿੰਦੇ ਹੋਏ ਦੇਸ਼ ਭਗਤੀ ਪ੍ਰਤੀ ਅਟਲ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਅਤੇ ਚੰਗੇ ਨਾਗਰਿਕ ਵਾਲੀਆਂ ਕਦਰਾਂ-ਕੀਮਤਾਂ ਰਾਹੀਂ ਸਿਖਿਆ ਦੇ ਪਾਸਾਰ ਲਈ ਆਪਣੀ ਵਚਨਬਧਤਾ ਬਣਾਈ ਰਖੀ।